ਓਂਟਾਰੀਓ ‘ਚ 11 ਜੂਨ ਤੋਂ ਦਿੱਤੀ ਜਾਵੇਗੀ ਪਾਬੰਦੀਆਂ ‘ਚ ਢਿੱਲ

TeamGlobalPunjab
2 Min Read

ਟੋਰਾਂਟੋ :  ਕੋਰੋਨਾ ਵਾਇਰਸ ਕਾਰਨ ਕੈਨੇਡਾ ਦਾ ਸਭ ਤੋਂ ਵੱਧ ਪ੍ਰਭਾਵਿਤ ਸੂਬਾ ਓਂਟਾਰੀਓ ਹੁਣ ਲਗਾਤਾਰ ਮਾਮਲੇ ਘੱਟ ਹੋਣ ਦੇ ਮੱਦੇਨਜ਼ਰ ਪਾਬੰਦੀਆਂ ਵਿਚ ਢਿੱਲ ਦੇਣ ਜਾ ਰਿਹਾ ਹੈ। ਫੋਰਡ ਸਰਕਾਰ ਵੱਲੋਂ ਕਰੀਬ 68 ਦਿਨਾਂ ਦੀ ਮੁਕੰਮਲ ਤਾਲਾਬੰਦੀ ਤੋਂ ਬਾਅਦ 11 ਜੂਨ ਤੋਂ ਪਾਬੰਦੀਆਂ ਵਿੱਚ ਢਿੱਲ ਦੇਣ ਦਾ ਫੈਸਲਾ ਲਿਆ ਗਿਆ ਹੈ।

 

 

        ਸੂਬੇ ਵਿੱਚ ਸ਼ੁੱਕਰਵਾਰ ਤੋਂ ਬਾਜ਼ਾਰ ਖੁੱਲ੍ਹ ਸਕਣਗੇ। ਹਾਲਾਂਕਿ, ਗੈਰ-ਜ਼ਰੂਰੀ ਰਿਟੇਲ ਸਟੋਰਾਂ ਜਾਂ ਦੁਕਾਨਾਂ ਨੂੰ 15 ਫ਼ੀਸਦ ਤੱਕ ਦੀ ਸਮਰੱਥਾ ਨਾਲ ਹੀ ਖੁੱਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਹੈ। ਉੱਥੇ ਹੀ, ਜ਼ਰੂਰੀ ਚੀਜ਼ਾਂ ਦੇ ਸਟੋਰ 25 ਫ਼ੀਸਦੀ ਸਮਰੱਥਾ ਤੱਕ ਨਾਲ ਕੰਮ ਕਰ ਸਕਦੇ ਹਨ। ਇਸ ਤੋਂ ਇਲਾਵਾ ਹੁਣ ਬਾਹਰੀ ਇਕੱਠ ਵਿਚ ਵੱਧ ਤੋਂ ਵੱਧ 10 ਲੋਕ ਇਕੱਠੇ ਹੋ ਸਕਦੇ ਹਨ। ਵਿਆਹ ਤੇ ਮਰਗਤ ਜਿਹੇ ਸਮਾਗਮਾਂ ਵਿਚ 2 ਮੀਟਰ ਦੀ ਸਰੀਰਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੋਵੇਗੀ।

       ਇਨਡੋਰ ਹੋਣ ਵਾਲੇ ਵਿਆਹ ਅਤੇ ਹੋਰ ਸਮਾਗਮਾਂ ਵਿੱਚ ਕਮਰੇ ਦੀ ਸਮਰੱਥਾ ਮੁਤਾਬਕ 15 ਫ਼ੀਸਦ ਲੋਕ ਇਕੱਠੇ ਹੋ ਸਕਣਗੇ। ਰੈਸਟੋਰੈਂਟਾਂ ਵਿਚ ਇਕ ਮੇਜ ‘ਤੇ ਖਾਣਾ ਖਾਣ ਲਈ ਚਾਰ ਲੋਕ ਬੈਠ ਸਕਦੇ ਹਨ। ਓਂਟਾਰੀਓ ਸਰਕਾਰ ਮੁਤਾਬਕ, 7 ਜੂਨ ਤੱਕ ਸੂਬੇ ਦੇ 72 ਫ਼ੀਸਦੀ ਤੋਂ ਵੱਧ ਬਾਲਗਾਂ ਨੂੰ ਪਹਿਲੀ ਖੁਰਾਕ ਲੱਗ ਚੁੱਕੀ ਹੈ। ਜਿਵੇਂ-ਜਿਵੇਂ ਸੂਬੇ ਵਿਚ ਲੋਕਾਂ ਨੂੰ ਪਹਿਲੀ ਖੁਰਾਕ ਅਤੇ ਦੂਜੀ ਖੁਰਾਕ ਲੱਗਣ ਦੀ ਗਿਣਤੀ ਵਿਚ ਵਾਧਾ ਹੋਵੇਗਾ ਉਸੇ ਮੁਤਾਬਕ, ਦੂਜੇ ਅਤੇ ਤੀਜੇ ਪੜਾਅ ਅਧੀਨ ਸੂਬੇ ਵਿਚ ਪਾਬੰਦੀਆਂ ‘ਚ ਅੱਗੇ ਢਿੱਲ ਦਿੱਤੀ ਜਾਵੇਗੀ।

        ਦੱਸ ਦਈਏ ਕਿ ਪਹਿਲੇ ਪੜਾਅ ਅਧੀਨ ਪਹਿਲਾਂ ਓਂਟਾਰੀਓ ਸੂਬੇ ਨੂੰ 14 ਜੂਨ ਤੋਂ ਖੋਲ੍ਹਣ ਦਾ ਐਲਾਨ ਕੀਤਾ ਗਿਆ ਸੀ ਪਰ ਹੁਣ ਤਿੰਨ ਦਿਨ ਪਹਿਲਾਂ 11 ਜੂਨ ਤੋਂ ਹੀ ਕੋਰੋਨਾ ਪਾਬੰਦੀਆਂ ਵਿਚ ਕੁਝ ਢਿੱਲ ਦਿੱਤੀ ਜਾ ਰਹੀ ਹੈ। ਓਂਟਾਰੀਓ ਵਿਚ ਵੱਡੀ ਗਿਣਤੀ ਲੋਕਾਂ ਨੂੰ ਵੈਕਸੀਨ ਦੀ ਪਹਿਲੀ ਖੁਰਾਕ ਦਿੱਤੇ ਜਾਣ ਅਤੇ ਕੋਰੋਨਾ ਸੰਕਰਮਣ ਦੇ ਘੱਟ ਹੋ ਰਹੇ ਮਾਮਲਿਆਂ ਨੂੰ ਵੇਖਦਿਆਂ ਢਿੱਲ ਪਹਿਲਾਂ ਦੇਣ ਦਾ ਫੈਸਲਾ ਕੀਤਾ ਗਿਆ ਹੈ।

Share This Article
Leave a Comment