ਅਗਨੀਵੀਰ ਭਰਤੀ ਲਈ ਰਜਿਸਟ੍ਰੇਸ਼ਨ ਦੀ ਵਧੀ ਤਰੀਕ, ਹੁਣ ਇਸ ਤਾਰੀਕ ਤੱਕ ਹੋਵੇਗਾ ਅਪਲਾਈ

Global Team
3 Min Read

ਚੰਡੀਗੜ੍ਹ : ਪੰਜਾਬ ਵਿੱਚ ਅਗਨੀਵੀਰ ਭਰਤੀ ਲਈ ਰਜਿਸਟ੍ਰੇਸ਼ਨ ਮਿਤੀ 10 ਅਪ੍ਰੈਲ, 2026 ਤੱਕ ਵਧਾ ਦਿੱਤੀ ਗਈ ਹੈ। ਜੇਕਰ ਤੁਸੀਂ ਭਾਰਤੀ ਫੌਜ ਵਿੱਚ ਸ਼ਾਮਲ ਹੋ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਹੋ ਤਾਂ ਇਹ ਤੁਹਾਡੇ ਲਈ ਇੱਕ ਵਧੀਆ ਮੌਕਾ ਹੋ ਸਕਦਾ ਹੈ। ਜੁਲਾਈ 2005 ਤੋਂ 2009 ਦੇ ਵਿਚਕਾਰ ਪੈਦਾ ਹੋਏ ਬੱਚੇ ਅਪਲਾਈ ਕਰ ਸਕਦੇ ਹਨ। ਉਮੀਦਵਾਰ ਥੇਹ ਕਾਂਜਲਾ ਸੀ-ਪੀਆਈਟੀ ਸੈਂਟਰ ਵਿਖੇ ਮੁਫ਼ਤ ਤਿਆਰੀ ਕਰ ਸਕਦੇ ਹਨ। ਉਨ੍ਹਾਂ ਦੇ ਖਾਣ-ਪੀਣ ਦਾ ਪ੍ਰਬੰਧ ਵੀ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ।

ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਡਿਪਟੀ ਡਾਇਰੈਕਟਰ ਨੀਲਮ ਮਹੇ ਨੇ ਦੱਸਿਆ ਕਿ ਫੌਜ ਦੀ ਅਗਨੀਵੀਰ ਭਰਤੀ ਲਈ ਔਨਲਾਈਨ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ ਵਧਾ ਦਿੱਤੀ ਗਈ ਹੈ। ਅਰਜ਼ੀਆਂ ਦੇਣ ਦੀ ਪਿਛਲੀ ਆਖਰੀ ਮਿਤੀ 1 ਅਪ੍ਰੈਲ ਸੀ, ਪਰ ਹੁਣ ਇਸਨੂੰ ਵਧਾ ਦਿੱਤਾ ਗਿਆ ਹੈ। ਇਸ ਭਰਤੀ ਵਿੱਚ ਸ਼ਾਮਲ ਹੋਣ ਦੇ ਇੱਛੁਕ ਨੌਜਵਾਨ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਰਜਿਸਟਰ ਕਰ ਸਕਦੇ ਹਨ। ਦੱਸ ਦਈਏ ਸ਼ਡਿਊਲ ਦੇ ਅਨੁਸਾਰ ਇਨ੍ਹਾਂ ਅਸਾਮੀਆਂ ਲਈ ਔਨਲਾਈਨ ਪ੍ਰੀਖਿਆ 1 ਜੂਨ, 2026 ਨੂੰ ਲਈ ਜਾਵੇਗੀ। ਸਿਰਫ਼ ਉਹੀ ਉਮੀਦਵਾਰ ਭਰਤੀ ਲਈ ਯੋਗ ਹੋਣਗੇ ਜਿਨ੍ਹਾਂ ਦਾ ਜਨਮ 1 ਜੁਲਾਈ, 2005 ਤੋਂ 1 ਜੁਲਾਈ, 2009 ਦੇ ਵਿਚਕਾਰ ਹੋਇਆ ਸੀ।

ਭਰਤੀ ਸ਼ਰਤਾਂ ਅਨੁਸਾਰ ਵੱਖ-ਵੱਖ ਅਹੁਦਿਆਂ ਲਈ ਵੱਖ-ਵੱਖ ਵਿਦਿਅਕ ਯੋਗਤਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ। ਅਗਨੀਵੀਰ ਜਨਰਲ ਡਿਊਟੀ (GD) ਲਈ 45% ਅੰਕਾਂ ਨਾਲ ਦਸਵੀਂ ਪਾਸ ਕਰਨਾ ਜ਼ਰੂਰੀ ਹੈ। ਜਦੋਂ ਕਿ ਤਕਨੀਕੀ ਅਹੁਦਿਆਂ ਲਈ, 12ਵੀਂ ਵਿੱਚ ਸਾਇੰਸ (PCM) ਲਾਜ਼ਮੀ ਹੈ। ਕਲਰਕ ਜਾਂ ਸਟੋਰ ਕੀਪਰ (SKT) ਦੀਆਂ ਅਸਾਮੀਆਂ ਲਈ 10ਵੀਂ ਵਿੱਚ 60% ਅੰਕ ਹੋਣੇ ਚਾਹੀਦੇ ਹਨ, ਜਦੋਂ ਕਿ ਟ੍ਰੇਡਸਮੈਨ ਦੀਆਂ ਅਸਾਮੀਆਂ ਲਈ 8ਵੀਂ ਜਾਂ 10ਵੀਂ ਪਾਸ ਕਰਨ ਵਾਲੇ ਨੌਜਵਾਨ ਵੀ ਅਪਲਾਈ ਕਰ ਸਕਦੇ ਹਨ।

ਇਸਤੋਂ ਇਲਾਵਾ ਨੌਜਵਾਨਾਂ ਲਈ ਇੱਕ ਹੋਰ ਖੁਸ਼ਖਬਰੀ ਇਹ ਹੈ ਕਿ ਉਹ ਇਸ ਭਰਤੀ ਲਈ ਲਿਖਤੀ ਅਤੇ ਸਰੀਰਕ ਟੈਸਟਾਂ ਦੀ ਤਿਆਰੀ ਬਿਲਕੁਲ ਮੁਫ਼ਤ ਕਰ ਸਕਦੇ ਹਨ। ਕਪੂਰਥਲਾ ਦੇ ਥੇਹ ਕਾਂਜਲਾ ਵਿੱਚ ਸੀ-ਪਾਈਟ ਕੈਂਪ ਦੇ ਸਿਖਲਾਈ ਅਧਿਕਾਰੀ ਕੈਪਟਨ ਅਜੀਤ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਲਈ ਹੋਸਟਲ, ਖਾਣਾ, ਜਿੰਮ ਅਤੇ ਸਮਾਰਟ ਕਲਾਸ ਵਰਗੀਆਂ ਸਹੂਲਤਾਂ ਪੂਰੀ ਤਰ੍ਹਾਂ ਮੁਫ਼ਤ ਹਨ ਇੱਛੁਕ ਉਮੀਦਵਾਰ ਆਪਣੇ ਵਿਦਿਅਕ ਸਰਟੀਫਿਕੇਟ, ਆਧਾਰ ਕਾਰਡ, ਦੋ ਫੋਟੋਆਂ ਅਤੇ ਔਨਲਾਈਨ ਫਾਰਮ ਦੀ ਇੱਕ ਕਾਪੀ ਲੈ ਕੇ ਸਿੱਧੇ ਕੈਂਪ ਵਿੱਚ ਸੰਪਰਕ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ, ਤੁਸੀਂ ਹੈਲਪਲਾਈਨ ਨੰਬਰਾਂ 83601-63527 ਅਤੇ 69002-00733 ‘ਤੇ ਵੀ ਕਾਲ ਕਰ ਸਕਦੇ ਹੋ।

 

Share This Article
Leave a Comment