-ਅਵਤਾਰ ਸਿੰਘ
ਪਿਛਲੇ ਕਰੀਬ ਦੋ ਮਹੀਨਿਆਂ ਤੋਂ ਕੌਮੀ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ਉਪਰ ਕਿਸਾਨਾਂ ਦਾ ਅੰਦੋਲਨ ਸ਼ਾਂਤਮਈ ਢੰਗ ਨਾਲ ਚੱਲ ਰਿਹਾ ਸੀ। ਮੰਗਲਵਾਰ ਨੂੰ 26 ਜਨਵਰੀ ਨੂੰ ਗਣਤੰਤਰ ਵਾਲੇ ਦਿਨ ਕੱਢੀ ਗਈ ਕਿਸਾਨ ਟ੍ਰੈਕਟਰ ਰੈਲੀ ਦਾ ਹਿੰਸਕ ਰੂਪ ਧਾਰ ਲੈਣਾ ਦੁੱਖ ਵਾਲੀ ਘਟਨਾ ਹੈ। ਕੌਮੀ ਦਿਹਾੜੇ ‘ਤੇ ਅਜਿਹੀ ਘਟਨਾ ਦੇ ਵਾਪਰਨ ਨਾਲ ਦੇਸ਼ ਵਾਸੀਆਂ ਦੇ ਮਨ ਨੂੰ ਠੇਸ ਪਹੁੰਚਦੀ ਹੈ। ਇਸ ਸਥਿਤੀ ਦੇ ਉਪਜਣ ਤੋਂ ਬਾਅਦ ਸ਼ਾਂਤੀਪੂਰਵਕ ਢੰਗ ਨਾਲ ਚੱਲ ਰਹੇ ਅੰਦੋਲਨ ਸ਼ਰਾਰਤੀ ਅਨਸਰਾਂ ਦੇ ਹੱਥਾਂ ਵਿੱਚ ਕਿਵੇਂ ਚਲਾ ਗਿਆ। 2021 ਮਹਾਤਮਾ ਗਾਂਧੀ ਦੇ ਨਾਮਿਲਵਰਤਨ ਅੰਦੋਲਨ ਸ਼ਤਾਬਦੀ ਦਾ ਸਾਲ ਚੱਲ ਰਿਹਾ ਹੈ, ਜੋ ਮਾਲਾਬਾਰ ਹਿੰਸਾ ਦੇ ਖਿਲਾਫ ਸ਼ੁਰੂ ਹੋਇਆ ਸੀ। ਫਰਵਰੀ, 1922 ਨੂੰ ਚੌਰਾ ਚੋਰੀ ਦੀ ਘਟਨਾ ਵਿੱਚ 22 ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ ਸੀ। ਇਸ ਕਾਰਨ ਮਹਾਤਮਾ ਗਾਂਧੀ ਨੂੰ ਇਹ ਸੰਘਰਸ਼ ਖਤਮ ਕਰਨ ਵਿਚ ਅੜਿੱਕਾ ਪੈਦਾ ਹੋ ਗਿਆ ਸੀ।
ਇਸ ਅੰਦੋਲਨ ਨੂੰ ਦੇਸ਼ ਦੇ ਲੋਕਾਂ ਦੀ ਭਾਰੀ ਹਮਾਇਤ ਮਿਲੀ ਸੀ। ਪਰ ਇਸ ਦੇ ਬਾਵਜੂਦ ਹਿੰਸਾ ਵਧਣ ਤੋਂ ਰੋਕਣ ਲਈ ਅੰਦੋਲਨ ਖਤਮ ਕਰ ਦਿੱਤਾ ਗਿਆ ਸੀ। ਮੰਗਲਵਾਰ ਨੂੰ ਕੌਮੀ ਦਿਹਾੜੇ ਮੌਕੇ ਰਾਜਧਾਨੀ ਦਿੱਲੀ ਦੀਆਂ ਸੜਕਾਂ ਉਪਰ ਜੋ ਅਰਾਜਕਤਾ ਦਾ ਮਾਹੌਲ ਦੇਖਣ ਨੂੰ ਮਿਲਿਆ ਉਸ ਨਾਲ ਕਿਸਾਨਾਂ ਦੇ ਸ਼ਾਂਤੀਪੂਰਵਕ ਚੱਲ ਰਹੇ ਅੰਦੋਲਨ ਨੂੰ ਢਾਹ ਲੱਗੀ ਹੈ। ਇਸ ਦੌਰਾਨ ਖੂਨ ਭਾਵੇਂ ਆਮ ਆਦਮੀ ਜਾਂ ਪੁਲਿਸ ਕਰਮੀਆਂ ਦਾ ਡੁੱਲਿਆ ਇਹ ਸਭ ਇਨਸਾਨ ਸਨ।
ਇਸ ਨਾਲ ਅੰਦੋਲਨ ਦੇ ਅਸਲੀ ਮਕਸਦ ਨੂੰ ਦਾਗਦਾਰ ਕਰ ਦਿੱਤਾ ਹੈ। ਅਸਲ ਅਰਥਾਂ ਵਿੱਚ ਕੇਂਦਰ ਸਰਕਾਰ ਵਲੋਂ ਬਣਾਏ ਤਿੰਨ ਖੇਤੀ ਕਾਨੂੰਨਾਂ ਖਿਲਾਫ ਸ਼ੁਰੂ ਕੀਤੇ ਗਏ ਸੰਘਰਸ਼ ਨੇ ਲੋਕਾਂ ਦੀ ਹਮਦਰਦੀ ਜਿੱਤ ਲਈ ਸੀ। ਇਸ ਘਟਨਾਕ੍ਰਮ ਨਾਲ ਉਸ ਹਮਾਇਤ ਉਪਰ ਨਾਕਾਰਤਮਕ ਅਸਰ ਪਿਆ ਹੈ। ਇਸ ਨਾਲ ਕਿਸਾਨ ਨੇਤਾਵਾਂ ਦੀ ਛੱਬੀ ਖਰਾਬ ਹੋਈ ਹੈ। ਟ੍ਰੈਕਟਰ ਰੈਲੀ ਨੂੰ ਪੁਲਿਸ ਅਤੇ ਕਿਸਾਨ ਆਗੂਆਂ ਵਿਚਕਾਰ ਹੋਈਆਂ ਮੀਟਿੰਗਾਂ ਤੋਂ ਬਾਅਦ ਮਨਜੂਰੀ ਮਿਲੀ ਸੀ ਪਰ ਸ਼ਰਾਰਤੀ ਅਨਸਰਾਂ ਦੇ ਧੱਕੇ ਚੜਨ ਤੋਂ ਬਾਅਦ ਅਸਲ ਮੁੱਦਾ ਭੁੱਲ ਗਿਆ। ਕਿਸਾਨ ਆਗੂ ਅੰਦੋਲਨ ਨੂੰ ਫੇਲ੍ਹ ਕਰਨ ਲਈ ਸਰਕਾਰ ਅਤੇ ਏਜੇਂਸੀਆਂ ਉਪਰ ਦੋਸ਼ ਮੜ੍ਹ ਰਹੇ ਹਨ।
ਰਿਪੋਰਟਾਂ ਮੁਤਾਬਕ ਸੰਗਠਨ ਨੇ ਆਪਣੇ ਐਲਾਨ ਮੁਤਾਬਕ ਇਹ ਕਾਰਵਾਈ ਕਰਨ ਵਾਲੇ ਲੋਕਾਂ ਨੂੰ ਸਾਢੇ ਤਿੰਨ ਲੱਖ ਅਮਰੀਕੀ ਡਾਲਰ ਦੇਣ ਦਾ ਐਲਾਨ ਵੀ ਕੀਤਾ ਹੋਇਆ ਸੀ। ਲਾਲ ਕਿਲੇ ‘ਤੇ ਕੇਸਰੀ ਝੰਡਾ ਲਾਉਣ ਵਾਲੇ ਲੜਕੇ ਦਾ ਪਰਿਵਾਰ ਅਤੇ ਰਿਸ਼ਤੇਦਾਰ ਜੋ ਪਹਿਲਾਂ ਉਸ ਦੀ ਇਸ ਕਾਰਵਾਈ ਤੋਂ ਉਤਸ਼ਾਹਤ ਨਜ਼ਰ ਆ ਰਹੇ ਸਨ, ਪਿੰਡ ਛੱਡ ਕੇ ਚਲੇ ਗਏ ਹਨ। 23 ਸਾਲਾ ਜੁਗਰਾਜ ਸਿੰਘ ਤਰਨ ਤਾਰਨ ਦੇ ਵਾਂ ਤਾਰਾ ਸਿੰਘ ਪਿੰਡ ਦਾ ਵਾਸੀ ਹੈ। ਇਸੇ ਤਰ੍ਹਾਂ ਇਕ ਵੈਬਸਾਈਟ ਰਿਪੋਰਟ ਵਿੱਚ ਗੈਂਗਸਟਰ ਲੱਖਾ ਸਿਧਾਣਾ ਅਦਾਕਾਰ ਦੀਪ ਸਿੱਧੂ ਦੇ ਨਾਂ ਵੀ ਸ਼ਾਮਲ ਹਨ।
ਉਧਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਡਾ ਦਰਸ਼ਨਪਾਲ ਨੂੰ ਵੀ ਨੋਟਿਸ ਜਾਰੀ ਹੋਇਆ ਹੈ। ਡੀਸੀਪੀ ਹੈਡਕੁਆਰਟਰ ਚਿੰਨਮਯ ਬਿਸਵਾਲ ਨੇ ਉਨ੍ਹਾਂ ਤੋਂ ਤਿੰਨ ਦਿਨਾਂ ਵਿੱਚ ਜਵਾਬ ਮੰਗਿਆ ਹੈ। ਹਿੰਸਕ ਕਵਾਰਦਾਤਾਂ ਵਿੱਚ ਸ਼ਾਮਲ ਆਪਣੇ ਸੰਗਠਨ ਨਾਲ ਜੁੜੇ ਲੋਕਾਂ ਦੇ ਨਾਂ ਦੱਸਣ ਨੂੰ ਵੀ ਕਿਹਾ ਹੈ। ਐੱਫ਼ਆਈਆਰ ਵਿੱਚ 35 ਹੋਰਾਂ ਦੇ ਨਾਂ ਵੀ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਵਿੱਚ ਉਪਰੋਕਤ ਤੋਂ ਬਿਨਾਂ ਕਿਸਾਨ ਆਗੂ ਰਾਕੇਸ਼ ਟਿਕੈਤ, ਯੋਗਿੰਦਰ ਯਾਦਵ, ਮੇਧਾ ਪਾਟੇਕਰ ਦੇ ਨਾਂ ਵੀ ਸ਼ਾਮਲ ਹਨ। ਐੱਫਆਈਆਰ ਵਿੱਚ ਕਤਲ ਦੀ ਕੋਸ਼ਿਸ਼, ਇਤਿਹਾਸਕ ਯਾਦਗਾਰ ਨੂੰ ਨੁਕਸਾਨ ਪਹੁੰਚਾਉਣ, ਲੁੱਟ, ਡਕੈਤੀ, ਪੁਲਿਸ ਨੂੰ ਆਪਣੀ ਡਿਊਟੀ ਵਿੱਚ ਰੋੜਾ ਅਟਕਾਉਣ ਅਤੇ ਦੰਗਾ ਭੜਕਾਉਣ ਨਾਲ ਜੁੜੀਆਂ ਧਾਰਾਵਾਂ ਜੋੜੀਆਂ ਗਈਆਂ ਹਨ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਲਾਲ ਕਿਲੇ ਵਿੱਚ ਵਾਪਰੀ ਘਟਨਾ ਨੇ ਕਿਸਾਨ ਅੰਦੋਲਨ ਅਤੇ ਕਿਸਾਨ ਨੇਤਾਵਾਂ ਦਾ ਅਕਸ ਖਰਾਬ ਕੀਤਾ ਹੈ। ਅੰਦੋਲਨ ਵਿੱਚ ਜਿਨ੍ਹਾਂ ਸਿਧਾਂਤਾਂ ਦਾ ਪਾਲਣ ਕੀਤਾ ਜਾਂਦਾ ਰਿਹਾ ਇਹ ਉਸ ਤੋਂ ਭਟਕਣ ਦੀ ਸਥਿਤੀ ਹੈ। ਇਥੇ ਕਈ ਸਵਾਲ ਖੜੇ ਹੁੰਦੇ ਕਿ ਕੀ ਕਿਸਾਨ ਨੇਤਾ ਨਵੀਂ ਪੀੜ੍ਹੀ ਨੂੰ ਕਾਬੂ ਵਿੱਚ ਨਹੀਂ ਰੱਖ ਸਕੇ। ਸਭ ਤੋਂ ਵੱਡਾ ਪ੍ਰਸ਼ਨ ਚਿੰਨ੍ਹ ਪੁਲਿਸ ਅਤੇ ਖੁਫੀਆ ਏਜੇਂਸੀਆਂ ਦੀ ਕਾਰਜ਼ਸ਼ੈੱਲੀ ਉਪਰ ਲਗਦਾ ਹੈ ਕਿ ਉਨ੍ਹਾਂ ਨੂੰ ਇੰਨੀ ਵੱਡੀ ਘਟਨਾ ਦੀ ਸਮੇਂ ਸਿਰ ਜਾਣਕਾਰੀ ਕਿਓਂ ਨਹੀਂ ਮਿਲੀ। ਲਾਲ ਕਿਲੇ ਉਪਰ ਤਾਇਨਾਤ ਪੁਲਿਸ ਸਾਰੀ ਘਟਨਾ ਨੂੰ ਮੂਕ ਦਰਸ਼ਕ ਬਣ ਕੇ ਕਿਓਂ ਦੇਖਦੀ ਰਹੀ। ਸ਼ਰਾਰਤੀ ਅਨਸਰ ਪੁਲਿਸ ਦੀ ਘੇਰਾਬੰਦੀ ਤੋੜ ਕੇ ਲਾਲ ਕਿਲੇ ਵਿੱਚ ਦਾਖਲ ਕਿਵੇਂ ਹੋ ਗਏ। ਅਜਿਹੇ ਹਾਲਾਤ ਦੇ ਮੱਦੇਨਜ਼ਰ ਕਿਸਾਨ ਆਗੂਆਂ ਅਤੇ ਸਰਕਾਰ ਨੂੰ ਸੰਜਮ ਤੋਂ ਕੰਮ ਲੈਣ ਦੀ ਜ਼ਰੂਰਤ ਹੈ। #