GST ਮਾਲੀਆ ‘ਚ ਰਿਕਾਰਡ ਤੋੜ ਵਾਧੇ ਦੀ ਲੜੀ ਜਾਰੀ, ਜੁਲਾਈ ‘ਚ 32% ਤੋਂ ਵੱਧ ਵਾਧਾ ਦਰਜ: ਚੀਮਾ

Global Team
4 Min Read

ਚੰਡੀਗੜ੍ਹ: ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਐਲਾਨ ਕੀਤਾ ਕਿ ਸੂਬੇ ਨੇ ਇੱਕ ਵਾਰ ਫਿਰ ਟੈਕਸ ਮਾਲੀਆ ਵਾਧੇ ਦੇ ਮਾਮਲੇ ਵਿੱਚ ਰਿਕਾਰਡ ਤੋੜਦਿਆਂ ਜੁਲਾਈ 2025 ਵਿੱਚ ਵਸੂਲੇ ਗਏ ਵਸਤੂਆਂ ਅਤੇ ਸੇਵਾਵਾਂ ਕਰ (ਜੀਐਸਟੀ) ਵਿੱਚ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 32.08 ਫੀਸਦੀ ਦਾ ਸ਼ੁੱਧ ਵਾਧਾ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਸ਼ਾਨਦਾਰ ਕਾਰਗੁਜ਼ਾਰੀ ਪਿਛਲੇ ਸਾਢੇ ਤਿੰਨ ਸਾਲਾਂ ਤੋਂ ਟੈਕਸ ਮਾਲੀਏ ਵਿੱਚ ਸਾਲ-ਦਰ-ਸਾਲ ਅਤੇ ਮਹੀਨਾ-ਦਰ-ਮਹੀਨਾ ਰਿਕਾਰਡ-ਤੋੜ ਵਾਧਾ ਦਰਜ ਕਰਨ ਦੇ ਸੂਬੇ ਦੇ ਨਿਰੰਤਰ ਰੁਝਾਨ ਦਾ ਹਿੱਸਾ ਹੈ।

ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਜੁਲਾਈ 2025 ਵਿੱਚ ਵਸੂਲਿਆ ਗਿਆ ਸ਼ੁੱਧ ਜੀਐਸਟੀ ਮਾਲੀਆ 2357.78 ਕਰੋੜ ਰੁਪਏ ਰਿਹਾ, ਜੋ ਜੁਲਾਈ 2024 ਵਿੱਚ ਵਸੂਲੇ ਗਏ 1785.07 ਕਰੋੜ ਰੁਪਏ ਦੇ ਮੁਕਾਬਲੇ 572.71 ਕਰੋੜ ਰੁਪਏ ਦਾ ਮਹੱਤਵਪੂਰਨ ਵਾਧਾ ਦਰਸ਼ਾਉਂਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਪ੍ਰਭਾਵਸ਼ਾਲੀ ਵਿਕਾਸ ਪੰਧ ਦਾ ਇਸ ਵਿੱਤੀ ਸਾਲ ਦੇ ਅੰਕੜਿਆਂ ਤੋਂ ਵੀ ਪਤਾ ਲੱਗਦਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਵਿੱਤੀ ਸਾਲ ਦੇ ਜੁਲਾਈ ਮਹੀਨੇ ਤੱਕ ਸ਼ੁੱਧ ਜੀਐਸਟੀ ਮਾਲੀਆ 9188.18 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ, ਜੋ ਵਿੱਤੀ ਸਾਲ 2024-25 ਦੀ ਇਸੇ ਮਿਆਦ ਦੌਰਾਨ ਵਸੂਲੇ ਗਏ 7162.82 ਕਰੋੜ ਰੁਪਏ ਦੇ ਮੁਕਾਬਲੇ 2025.36 ਕਰੋੜ ਰੁਪਏ ਵੱਧ ਹੈ।

ਵਿੱਤ ਮੰਤਰੀ ਚੀਮਾ ਨੇ ਇਸ ਸ਼ਾਨਦਾਰ ਵਾਧੇ ਦਾ ਸਿਹਰਾ ‘ਆਮ ਆਦਮੀ ਪਾਰਟੀ’ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੁਆਰਾ ਲਾਗੂ ਕੀਤੀਆਂ ਪ੍ਰਭਾਵਸ਼ਾਲੀ ਨੀਤੀਆਂ ਨੂੰ ਦਿੱਤਾ, ਜਿਨ੍ਹਾਂ ਨੇ ਕਾਰੋਬਾਰ ਲਈ ਅਨੁਕੂਲ ਮਾਹੌਲ ਪੈਦਾ ਕਰਨ ਦੇ ਨਾਲ-ਨਾਲ ਕਰਪਾਲਣਾ ਨੂੰ ਉਤਸ਼ਾਹਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਦੀਆਂ ਲਾਗੂਕਰਨ ਕਾਰਵਾਈਆਂ ਨੇ ਵੀ ਕਰ ਚੋਰੀ ਨੂੰ ਰੋਕਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਜਿਸ ਵਿੱਚ ਇਮਾਨਦਾਰ ਕਰਦਾਤਾਵਾਂ ਦੀ ਮਦਦ ਕਰਨ ‘ਤੇ ਵੀ ਧਿਆਨ ਕੇਂਦਰਿਤ ਕੀਤਾ ਗਿਆ ਹੈ।

ਕਰ ਚੋਰੀ ਵਿਰੁੱਧ ਵਿਭਾਗ ਦੇ ਸਖ਼ਤ ਰੁਖ ਨੂੰ ਉਜਾਗਰ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਵਿੱਤੀ ਸਾਲ 2025-26 ਦੀ ਪਹਿਲੀ ਤਿਮਾਹੀ ਦੌਰਾਨ ਕਰ ਵਿਭਾਗ, ਪੰਜਾਬ ਦੀ ਸਟੇਟ ਇਨਵੈਸਟੀਗੇਸ਼ਨ ਐਂਡ ਪ੍ਰੀਵੈਂਟਿਵ ਯੂਨਿਟ (ਸਿਪੂ) ਨੇ ਜੁਰਮਾਨਿਆਂ ਵਜੋਂ 156.40 ਕਰੋੜ ਰੁਪਏ ਵਸੂਲ ਕੀਤੇ ਹਨ। ਇਸ ਵਿੱਚੋਂ 57.43 ਕਰੋੜ ਰੁਪਏ ਸੜਕਾਂ ‘ਤੇ ਕੀਤੀਆਂ ਗਈਆਂ ਚੈਕਿੰਗਾਂ ਤੋਂ ਅਤੇ 98.97 ਕਰੋੜ ਰੁਪਏ ਜਾਂਚਾਂ ਤੇ ਪੜਤਾਲਾਂ ਤੋਂ ਵਸੂਲੇ ਗਏ ਹਨ। ਇਸ ਤੋਂ ਇਲਾਵਾ, ਸਿਪੂ ਨੇ ਦੋ ਵੱਡੇ ਜੀਐਸਟੀ ਧੋਖਾਧੜੀ ਦੇ ਮਾਮਲਿਆਂ ਦਾ ਪਰਦਾਫਾਸ਼ ਕੀਤਾ, ਜਿਸ ਵਿੱਚ 2,620.80 ਕਰੋੜ ਰੁਪਏ ਦੇ ਜਾਅਲੀ ਲੈਣ-ਦੇਣ ਅਤੇ 296.32 ਕਰੋੜ ਰੁਪਏ ਦੀ ਅੰਦਾਜ਼ਨ ਕਰ ਚੋਰੀ ਸ਼ਾਮਲ ਹੈ। ਵਿਭਾਗ ਦੇ ਸਖ਼ਤ ਲਾਗੂਕਰਨ ਯਤਨਾਂ ਨੂੰ ਜੂਨ 2025 ਵਿੱਚ ਇਸ ਰਕਮ ਤੋਂ ਵੀ ਵੱਧ ਦੇ ਘੁਟਾਲਿਆਂ ਲਈ ਦੋ ਐਫਆਈਆਰ ਦਰਜ ਕਰਨ ਨਾਲ ਹੋਰ ਮਜ਼ਬੂਤੀ ਮਿਲੀ ਹੈ।

ਵਿੱਤ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਸਰਕਾਰ ਦੇ ਸਰਗਰਮ ਕਦਮਾਂ ਨੇ ਕਈ ਚੁਣੌਤੀਆਂ ਦੇ ਬਾਵਜੂਦ ਸੂਬੇ ਨੂੰ ਕਰ ਵਸੂਲੀ ਵਿੱਚ ਮੋਹਰੀ ਪ੍ਰਦਰਸ਼ਨ ਕਰਨ ਵਾਲਿਆਂ ਵਿੱਚ ਸ਼ੁਮਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਜੀਐਸਟੀ ਵਸੂਲੀ ਦੀ ਵਿਕਾਸ ਦਰ ਲਗਾਤਾਰ ਕੌਮੀ ਔਸਤ ਤੋਂ ਵੱਧ ਰਹੀ ਹੈ, ਜੋ ਸਰਕਾਰ ਦੀਆਂ ਨੀਤੀਆਂ ਅਤੇ ਪਹਿਲਕਦਮੀਆਂ ਦੀ ਪ੍ਰਭਾਵਸ਼ੀਲਤਾ ਨੂੰ ਦਰਸਾਉਂਦੀ ਹੈ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇੱਕ ਪਾਰਦਰਸ਼ੀ, ਕੁਸ਼ਲ ਅਤੇ ਨਿਰਪੱਖ ਕਰ ਪ੍ਰਣਾਲੀ ਬਣਾਈ ਰੱਖਣ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਇਸ ਨੀਤੀ ਤਹਿਤ ਸਾਰੇ ਭਾਈਵਾਲਾਂ ਦੇ ਬਣਦੇ ਯੋਗਦਾਨ ਨੂੰ ਯਕੀਨੀ ਬਣਾਉਂਦੇ ਹੋਏ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਪਣੇ ਮਜ਼ਬੂਤ ਵਿੱਤੀ ਪ੍ਰਬੰਧਨ ਸਦਕਾ ਪੰਜਾਬ ਸਰਕਾਰ ਹੋਰ ਵਿੱਤੀ ਪ੍ਰਾਪਤੀਆਂ ਲਈ ਤਿਆਰ-ਬਰ-ਤਿਆਰ ਹੈ, ਜੋ ਸੂਬੇ ਦੇ ਇੱਕ ਖੁਸ਼ਹਾਲ ਅਤੇ ਪ੍ਰਗਤੀਸ਼ੀਲ ਭਵਿੱਖ ਦਾ ਰਾਹ ਪੱਧਰਾ ਕਰਨਗੀਆਂ।

Share This Article
Leave a Comment