‘200 ਤੋਂ ਜ਼ਿਆਦਾ ਥਾਵਾਂ ‘ਤੇ ਕਾਂਗਰਸ ਨੇ ਬੂਥਾਂ ਉੱਤੇ ਕੀਤਾ ਕਬਜ਼ਾ, ਦੁਬਾਰਾ ਵੋਟਾਂ ਪਵਾਉਣ ਦੀ ਮੰਗ’

TeamGlobalPunjab
4 Min Read

ਚੰਡੀਗੜ੍ਹ : 14 ਫਰਵਰੀ ਨੂੰ ਸਥਾਨਕ ਚੋਣਾਂ ਵਿੱਚ ਸੂਬੇ ਵਿੱਚ ਹੋਈ ਹਿੰਸਾ ਅਤੇ ਬੂਥਾਂ ਉੱਤੇ ਕਬਜ਼ੇ ਦੀ ਘਟਨਾ ਸਾਹਮਣੇ ਆਉਣ ਉੱਤੇ ਆਮ ਆਦਮੀ ਪਾਰਟੀ ਨੇ ਚੋਣ ਕਮਿਸ਼ਨ ਤੋਂ ਹਿੰਸਾ ਅਤੇ ਬੂਥ ਕਬਜ਼ੇ ਵਾਲੀਆਂ ਥਾਵਾਂ ਉੱਤੇ ਦੁਬਾਰਾ ਵੋਟਾਂ ਪਵਾਉਣ ਦੀ ਮੰਗ ਕੀਤੀ। ਮੰਗਲਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਵਿੱਚ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਵਿੱਚ ਦੋ ਸੌ ਤੋਂ ਜ਼ਿਆਦਾ ਥਾਵਾਂ ਉੱਤੇ ਕਾਂਗਰਸ ਦੇ ਗੁੰਡਿਆਂ ਨੇ ਹਿੰਸਾ ਕਰਕੇ ਬੂਥਾਂ ਉੱਤੇ ਕਬਜ਼ਾ ਕੀਤਾ। ਸਮਾਣਾ, ਅਬੋਹਰ, ਪੱਟੀ, ਫਿਰੋਜਪੁਰ, ਰਾਜਪੁਰਾ, ਬਠਿੰਡਾ, ਧੂਰੀ, ਪਾਤੜਾਂ ਅਤੇ ਹੋਰ ਕਈ ਥਾਵਾਂ ਉੱਤੇ ਕਾਂਗਰਸ ਦੇ ਗੁੰਡਿਆਂ ਵੱਲੋਂ ਹਿੰਸਾ ਅਤੇ ਬੂਥ ਕਬਜ਼ੇ ਕਰਨ ਦੀ ਰਿਪੋਰਟ ਸਾਹਮਣੇ ਆਈ ਹੈ। ‘ਆਪ’ ਵਰਕਰਾਂ ਨੇ ਕਈ ਥਾਵਾਂ ਉੱਤੇ ਕਾਂਗਰਸ ਦੇ ਗੁੰਡਿਆਂ ਦੇ ਬੂਥ ਕੇਂਦਰਾਂ ਵਿਚ ਜਬਰਦਸਤੀ ਦਾਖਲ ਹੋਣ ਅਤੇ ਬੂਥਾਂ ਉੱਤੇ ਕਬਜ਼ਾ ਕਰਨ ਵਾਲੀਆਂ ਫੋਟੋ ਅਤੇ ਵੀਡੀਓ ਮੀਡੀਆ ਨਾਲ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਫੋਟੋਆਂ ਅਤੇ ਵੀਡੀਓ ਨੂੰ ਦੇਖਕੇ ਸਾਫ ਪਤਾ ਲੱਗਦਾ ਹੈ ਕਿ ਕਿਵੇਂ ਕਾਂਗਰਸ ਦੇ ਗੁੰਡਿਆਂ ਨੇ ਲੋਕਾਂ ਨੂੰ ਡਰਾ ਧਮਕਾਕੇ ਬੂਥ ਲੁੱਟੇ ਅਤੇ ਲੋਕਾਂ ਦੇ ਵੋਟ ਪਾਉਣ ਦਾ ਅਧਿਕਾਰ ਖੋਹਣ ਦੀ ਕੋਸ਼ਿਸ਼ ਕੀਤੀ। ਪ੍ਰੰਤੂ ਬੇਹੱਦ ਸ਼ਰਮ ਦੀ ਗੱਲ ਹੈ ਕਿ ਪੁਲਿਸ ਉਨ੍ਹਾਂ ਗੁੰਡਿਆਂ ਨੂੰ ਰੋਕਣ ਦੀ ਬਜਾਏ ਗੁੰਡਾਗਰਦੀ ਦਾ ਵਿਰੋਧ ਕਰਨ ਵਾਲੇ ‘ਆਪ’ ਵਰਕਰਾਂ ਦੀ ਮਾਰਕੁੱਟ ਕਰ ਰਹੀ ਸੀ ਅਤੇ ਕਾਂਗਰਸੀ ਗੁੰਡਿਆਂ ਨੂੰ ਖੁੱਲ੍ਹੀ ਛੁੱਟੀ ਦੇ ਕੇ ਉਨ੍ਹਾਂ ਨੂੰ ਬੂਥ ਲੁਟਵਾ ਰਹੀ ਸੀ।

ਉਨ੍ਹਾਂ ਕਿਹਾ ਕਿ ਸੋਮਵਾਰ ਨੂੰ ਆਮ ਆਦਮੀ ਪਾਰਟੀ ਦੀ ਟੀਮ ਨੇ ਸੂਬੇ ਭਰ ਦੇ ਪਾਰਟੀ ਦਫ਼ਤਰਾਂ ਤੋਂ ਉਨ੍ਹਾਂ ਬੂਥਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਿੱਥੇ ਹਿੰਸਾ ਅਤੇ ਬੂਥ ਉਤੇ ਕਬਜ਼ੇ ਕਰਨ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ। ਰਿਪੋਰਟਾਂ ਦੇ ਨਤੀਜੇ ਹੈਰਾਨ ਕਰਨ ਵਾਲੇ ਨਿਕਲੇ। 200 ਤੋਂ ਜ਼ਿਆਦਾ ਬੂਥਾਂ ਉੱਤੇ ਹਿੰਸਾ ਅਤੇ ਬੂਥ ਉੱਤੇ ਕਬਜ਼ੇ ਹੋਏ। ਕੁਝ ਥਾਵਾਂ ਉੱਤੇ ਤਾਂ ਲਗਭਗ ਸਾਰੇ ਵਾਰਡਾਂ ਉੱਤੇ ਬੂਥ ਕਬਜ਼ੇ ਅਤੇ ਹਿੰਸਾ ਦੀਆਂ ਘਟਨਾਵਾਂ ਵਾਪਰੀਆਂ। ਚੀਮਾ ਨੇ ਚੋਣ ਕਮਿਸ਼ਨ ਦੇ ਰਵੱਈਏ ਉੱਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਸਭ ਤੋਂ ਜ਼ਿਆਦਾ ਹੈਰਾਨੀ ਦੀ ਗੱਲ ਹੈ ਕਿ ਐਨੀ ਵੱਡੀ ਗਿਣਤੀ ਵਿੱਚ ਬੂਥ ਕਬਜ਼ਿਆਂ ਦਾ ਮਾਮਲਾ ਸਾਹਮਣੇ ਆਉਣ ਬਾਅਦ ਵੀ ਚੋਣ ਕਮਿਸ਼ਨ ਨੇ ਚੋਣਾਂ ਨੂੰ ਸੁਤੰਤਰ ਕਰਾਰ ਦਿੰਦਿਆਂ ਕੇਵਲ 3 ਮਤਦਾਨ ਕੇਂਦਰਾਂ ਉੱਤੇ ਦੁਬਾਰਾ ਚੋਣਾਂ ਕਰਾਉਣ ਦਾ ਫੈਸਲਾ ਕੀਤਾ। ਸਾਰੀਆਂ ਚੋਣਾਂ ਦੌਰਾਨ ਚੋਣ ਕਮਿਸ਼ਨ ਦਾ ਰਵੱਈਆ ਬਿਲਕੁਲ ਇਕਪਾਸੜ ਰਿਹਾ। ਅਜਿਹਾ ਲੱਗ ਰਿਹਾ ਸੀ ਜਿਵੇਂ ਚੋਣ ਕਮਿਸ਼ਨ ਕਾਂਗਰਸ ਦਾ ਚੋਣ ਵਿੰਗ ਹੋਵੇ। ਚੋਣ ਕਮਿਸ਼ਨ ਨੇ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਾਉਣ ਦੀ ਕੋਈ ਵਿਵਸਥਾ ਨਹੀਂ ਕੀਤੀ। ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਕਈ ਵਾਰ ਰਾਜ ਚੋਣ ਕਮਿਸ਼ਨਰ ਨੂੰ ਮਿਲਕੇ ਚੋਣਾਂ ਵਿੱਚ ਘਪਲੇਬਾਜ਼ੀ ਦਾ ਸ਼ੱਕ ਪ੍ਰਗਟਾਇਆ ਸੀ। ਅਸੀਂ ਕਮਿਸ਼ਨ ਨੂੰ ਪਹਿਲਾਂ ਹੀ ਕਾਂਗਰਸ ਦੇ ਗੁੰਡਿਆਂ ਅਤੇ ਪੁਲਿਸ ਦੇ ਰਵੱਈਏ ਤੋਂ ਜਾਣੂ ਕਰਵਾਉਂਦੇ ਹੋਏ ਕਿਹਾ ਸੀ ਕਿ ਚੋਣਾਂ ਦੌਰਾਨ ਅਰਧਸੈਨਿਕ ਬਲਾਂ ਦੀ ਤੈਨਾਤੀ ਕੀਤੀ ਜਾਵੇ। ਪ੍ਰੰਤੂ ਬੇਹੱਦ ਮੰਦਭਾਗਾ ਹੈ ਕਿ ਸਾਡੀ ਮੰਗ ਉੱਤੇ ਕੋਈ ਧਿਆਨ ਨਹੀਂ ਦਿੱਤਾ। ਕਮਿਸ਼ਨ ਨੇ ਚੋਣਾਂ ਨੂੰ ਕੈਪਟਨ ਅਤੇ ਕਾਂਗਰਸ ਦੇ ਗੁੰਡਿਆਂ ਦੇ ਭਰੋਸੇ ਛੱਡ ਦਿੱਤਾ।

ਉਨ੍ਹਾਂ ਕਿਹਾ ਕਿ ਖੁਦ ਕਾਂਗਰਸ ਦੇ ਸੂਬਾ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਚੋਣਾਂ ਵਿੱਚ ਕਾਂਗਰਸ ਦੇ ਲੋਕਾਂ ਵੱਲੋਂ ਹਿੰਸਾ ਅਤੇ ਘਪਲੇਬਾਜ਼ੀ ਕੀਤੇ ਜਾਣ ਦਾ ਗੱਲ ਮੰਨੀ ਹੈ। ਪੂਰੇ ਰਾਜ ਨੇ ਉਨ੍ਹਾਂ ਦੀ ਗੱਲ ਸੁਣੀ, ਕੈਪਟਨ ਅਤੇ ਚੋਣ ਕਮਿਸ਼ਨ ਨੂੰ ਵੀ ਕਾਂਗਰਸ ਦੇ ਨੌਜਵਾਨ ਆਗੂ ਦੀ ਗੱਲ ਸੁਣਨੀ ਚਾਹੀਦੀ ਹੈ। ਗੁੰਡਿਆਂ ਰਾਹੀਂ ਚੋਣਾਂ ਲੁੱਟਣਾ ਕੈਪਟਨ ਦੀ ਸੋਚੀ ਸਮਝੀ ਰਣਨੀਤੀ ਸੀ। ਬੂਥ ਕਬਜ਼ੇ ਦੀਆਂ ਘਟਨਾਵਾਂ ਨੇ ਫਿਰ ਸਾਬਤ ਕਰ ਦਿੱਤਾ ਹੈ ਕਿ ਕੈਪਟਨ ਅਮਰਿੰਦਰ ਦੀ ਨੀਤੀ ਜਨਤਾ ਦੀ ਆਵਾਜ਼ ਨੂੰ ਦਬਾਉਣ ਦੀ ਹੈ। ਕਾਂਗਰਸ ਦਾ ਭਰੋਸਾ ਲੋਕਤੰਤਰ ਵਿੱਚ ਨਹੀਂ ਗੁੰਡਿਆਂ ਵਿੱਚ ਹੈ ਅਤੇ ਕੈਪਟਨ ਚੋਣਾਂ ਲੁੱਟਣ ਵਾਲੇ ਗੁੰਡਿਆਂ ਦਾ ਮੁੱਖੀ ਹੈ।

Share this Article
Leave a comment