ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਵਜ੍ਹਾ ਕਾਰਨ ਮਾਲੀ ਹਾਲਤ ਨੂੰ ਵੱਡਾ ਨੁਕਸਾਨ ਹੋਇਆ ਹੈ। MPC ਨੇ ਰੇਪੋ ਰੇਟ ਵਿੱਚ ਕਟੌਤੀ ਕਰਨ ਦਾ ਫੈਸਲਾ ਲਿਆ ਹੈ। ਸ਼ਕਤੀਕਾਂਤ ਦਾਸ ਨੇ ਕਿਹਾ ਕਿ ਰੇਪੋ ਰੇਟ 4.4 % ਤੋਂ ਘਟਾ ਕੇ 4 % ਕਰ ਦਿੱਤਾ ਗਿਆ ਹੈ। ਜਦਕਿ ਰਿਵਰਸ ਰੇਪੋ ਰੇਟ ਨੂੰ 3.75 ਫੀਸਦ ਤੋਂ ਘਟਾ ਕੇ 3.35 ਫੀਸਦ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮਹਿੰਗਾਈ ਦਰ ਹੁਣ ਵੀ 4 ਫੀਸਦੀ ਦੇ ਹੇਠਾਂ ਰਹਿਣ ਦੀ ਸੰਭਾਵਨਾ ਹੈ, ਪਰ ਲਾਕਡਾਉਨ ਦੀ ਵਜ੍ਹਾ ਕਾਰਨ ਕਈ ਚੀਜਾਂ ਦੀ ਕੀਮਤ ਵੱਧ ਸਕਦੀ ਹੈ।
RBI ਗਵਰਨਰ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਕਾਰਨ ਗਲੋਬਲ ਇਕੋਨਾਮੀ ‘ਤੇ ਵੱਡਾ ਅਸਰ ਪਿਆ ਹੈ। ਉਨ੍ਹਾਂ ਨੇ ਦੱਸਿਆ ਕਿ ਐਮਪੀਸੀ (ਮਾਨੇਟਰੀ ਪਾਲਿਸੀ ਕਮੇਟੀ) ਪਾਲਿਸੀ ਰੇਪੋ ਰੇਟ ਵਿੱਚ 0.40 ਫੀਸਦ ਦੀ ਕਟੌਤੀ ‘ਤੇ ਸਹਿਮਤ ਹੋਈ ਹੈ। ਇਸ ਨਾਲ ਲੋਕਾਂ ‘ਤੇ ਲੋਨ ਦੀ ਈਐਮਆਈ ਦਾ ਬੋਝ ਘੱਟ ਹੋਵੇਗਾ।
ਆਰਬੀਆਈ ਨੇ ਲੋਨ ਦੀ ਕਿਸ਼ਤ ( EMI ) ਦੇ ਭੁਗਤਾਨ ‘ਤੇ 3 ਮਹੀਨੇ ਦੀ ਛੋਟ ਦੇ ਦਿੱਤੀ ਹੈ। ਮਤਲਬ ਕਿ ਜੇਕਰ ਤੁਸੀ ਅਗਲੇ 3 ਮਹੀਨੇ ਤੱਕ ਆਪਣੇ ਲੋਨ ਦੀ EMI ਨਹੀਂ ਦਿੰਦੇ ਹੋ ਤਾਂ ਬੈਂਕ ਤੁਹਾਡੇ ‘ਤੇ ਕਿਸੇ ਤਰ੍ਹਾਂ ਦਾ ਕੋਈ ਦਬਾਅ ਨਹੀਂ ਪਾਵੇਗਾ। ਪਹਿਲਾਂ ਇਹ ਛੋਟ ਮਾਰਚ ਤੋਂ ਮਈ ਤੱਕ ਦਿੱਤੀ ਗਈ ਸੀ ਤੇ ਹੁਣ EMI ਭੁਗਤਾਨ ਵਿੱਚ ਛੋਟ ਨੂੰ ਅਗਸਤ ਤੱਕ ਲਈ ਵਧਾ ਦਿੱਤਾ ਗਿਆ ਹੈ।