ਚੰਡੀਗੜ੍ਹ: ਪੰਜਾਬ ਵਿੱਚ ਪਿਛਲੇ ਇੱਕ ਹਫਤੇ ਤੋਂ ਭਾਈ ਜਸਵੰਤ ਸਿੰਘ ਖਾਲੜਾ ਤੇ ਬਣੀ ਫਿਲਮ ਸਤਲੁਜ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਿਸ ਨੂੰ ਪਹਿਲਾਂ ਓਟੀਟੀ ਪਲੇਟਫਾਰਮ ਤੋਂ 48 ਘੰਟਿਆਂ ਵਿੱਚ ਹਟਾ ਦਿੱਤਾ ਗਿਆ ਹੁਣ ਕੌਮਾਂਤਰੀ ਪੱਧਰ ’ਤੇ ਬੈਨ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਇਸ ਦੌਰਾਨ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਫਿਲਮ ਸਤਲੁਜ ਦੇ ਨਿਰਮਾਤਾ ਅਤੇ ਨਿਰਦੇਸ਼ਕ ਨੂੰ ਚੁਨੌਤੀ ਦਿੰਦਿਆਂ ਫਿਲਮ ਵਿੱਚ ਦਿਖਾਈ 25 ਹਜ਼ਾਰ ਲਾਪਤਾ ਜਾਂ ਗੈਰ ਕਾਨੂੰਨੀ ਢੰਗ ਨਾਲ ਸਸਕਾਰ ਕੀਤੇ ਲੋਕਾਂ ਦੇ ਅੰਕੜਿਆਂ ਦਾ ਦਸਤਾਵੇਜੀ ਸਬੂਤ ਜਾਰੀ ਕਰਨ ਦੀ ਮੰਗ ਕੀਤੀ ਹੈ।
ਮੈਂ ਮੰਗਾਂਗਾ ਮੁਆਫੀ : ਬਿੱਟੂ
ਮੈਂ ‘ਸਤਲੁਜ’ ਫ਼ਿਲਮ ਦੇ ਨਿਰਮਾਤਾ ਅਤੇ ਨਿਰਦੇਸ਼ਕ ਨੂੰ ਖੁੱਲ੍ਹੀ ਚੁਣੌਤੀ ਦਿੰਦਾ ਹਾਂ ਕਿ ਉਹ ਪੰਜਾਬ ਦੀ ਜਨਤਾ ਸਾਹਮਣੇ ਉਹ ਸਾਰੇ ਦਸਤਾਵੇਜ਼ੀ ਸਬੂਤ, ਸਰਕਾਰੀ ਰਿਕਾਰਡ, ਨਿਆਂਇਕ ਨਤੀਜੇ ਅਤੇ ਪ੍ਰਮਾਣਿਤ ਅੰਕੜੇ ਪੇਸ਼ ਕਰਨ, ਜਿਨ੍ਹਾਂ ਦੇ ਆਧਾਰ ’ਤੇ ਫ਼ਿਲਮ ਵਿੱਚ 25,000 ਲਾਪਤਾ ਜਾਂ ਗੈਰ-ਕਾਨੂੰਨੀ ਤਰੀਕੇ ਨਾਲ ਸਸਕਾਰ ਕੀਤੇ ਗਏ ਲੋਕਾਂ ਦਾ ਦਾਅਵਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ‘ਸਤਲੁਜ’ ਫ਼ਿਲਮ ਵਿੱਚ ਦਰਸਾਏ ਗਏ 25,000 ਲਾਪਤਾ ਜਾਂ ਗੈਰ-ਕਾਨੂੰਨੀ ਤਰੀਕੇ ਨਾਲ ਸਸਕਾਰ ਕੀਤੇ ਗਏ ਲੋਕਾਂ ਦੇ ਅੰਕੜੇ ਦੇ ਸਮਰਥਨ ਵਿੱਚ ਨਿਰਮਾਤਾ ਅਤੇ ਨਿਰਦੇਸ਼ਕ ਦਸਤਾਵੇਜ਼ੀ ਸਬੂਤ, ਸਰਕਾਰੀ ਰਿਕਾਰਡ, ਨਿਆਂਇਕ ਨਤੀਜੇ ਅਤੇ ਪ੍ਰਮਾਣਿਤ ਅੰਕੜੇ ਪੰਜਾਬ ਦੀ ਜਨਤਾ ਸਾਹਮਣੇ ਪੇਸ਼ ਕਰਨ, ਨਹੀਂ ਤਾਂ ਅਸੀਂ ਅਗਲਾ ਕਦਮ ਚੁੱਕਣ ਲਈ ਮਜਬੂਰ ਹੋਵਾਂਗੇ। ਜੇਕਰ ਉਹ ਇਸ ਅੰਕੜੇ ਨੂੰ ਪ੍ਰਮਾਣਿਤ ਕਰ ਦਿੰਦੇ ਹਨ ਤਾਂ ਮੈਂ ਜਨਤਕ ਤੌਰ ’ਤੇ ਮਾਫ਼ੀ ਮੰਗਾਂਗਾ।’
ਬਿੱਟੂ ਨੇ ਕਿਹਾ ਕਿ ਕੋਈ ਵੀ ਜ਼ਿੰਮੇਵਾਰ ਫ਼ਿਲਮ ਨਿਰਮਾਤਾ ਵਿਵਾਦਿਤ ਅੰਕੜਿਆਂ ਨੂੰ ਨਿਰਵਿਵਾਦ ਸੱਚ ਵਜੋਂ ਪੇਸ਼ ਕਰਕੇ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦਾ ਅਧਿਕਾਰ ਨਹੀਂ ਰੱਖਦਾ। ਅੱਤਵਾਦ ਦੇ ਦੌਰ ਵਿੱਚ ਪੰਜਾਬ ਨੇ ਅਸਹਿਣਯੋਗ ਪੀੜਾ ਝੱਲੀ ਹੈ। ਹਰ ਬੇਕਸੂਰ ਪੀੜਤ—ਭਾਵੇਂ ਉਹ ਕਿਸੇ ਵੀ ਧਰਮ, ਭਾਈਚਾਰੇ ਜਾਂ ਵਿਚਾਰਧਾਰਾ ਨਾਲ ਸੰਬੰਧਿਤ ਹੋਵੇ—ਨਿਆਂ, ਸਨਮਾਨ ਅਤੇ ਯਾਦ ਦਾ ਬਰਾਬਰ ਹੱਕਦਾਰ ਹੈ।

