ਉੱਤਰ ਪ੍ਰਦੇਸ਼ : ਅਯੁੱਧਿਆ ਵਿੱਚ ਰਾਮ ਨੌਮੀ ਦੇ ਮੌਕੇ ‘ਤੇ ਸ਼ੁੱਕਰਵਾਰ ਦੁਪਹਿਰ 12 ਵਜੇ ਅਭਿਜੀਤ ਮੁਹੂਰਤ ਵਿੱਚ ਰਾਮਲਲਾ ਦਾ ‘ਸੂਰਜ ਤਿਲਕ’ ਹੋਇਆ। 9 ਮਿੰਟ ਤੱਕ ਭਗਵਾਨ ਦੇ ਮੱਥੇ ‘ਤੇ ਨੀਲੀਆਂ ਕਿਰਨਾਂ ਪਈਆਂ। ਪ੍ਰਾਣ-ਪ੍ਰਤਿਸ਼ਠਾ ਤੋਂ ਬਾਅਦ ਰਾਮਲਲਾ ਦਾ ਇਹ ਦੂਜਾ ਸੂਰਜ ਤਿਲਕ ਹੈ। ਇਸ ਦੌਰਾਨ 14 ਪੁਜਾਰੀ ਗਰਭਗ੍ਰਹਿ ਵਿੱਚ ਮੌਜੂਦ ਸਨ। ਉਨ੍ਹਾਂ ਨੇ ਵਿਸ਼ੇਸ਼ ਪੂਜਾ ਅਤੇ ਆਰਤੀ ਕੀਤੀ। ਸੂਰਜ ਤਿਲਕ ਤੋਂ ਬਾਅਦ ਕੁਝ ਦੇਰ ਲਈ ਮੰਦਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ। ਰਾਮਲਲਾ ਨੂੰ 56 ਕਿਸਮਾਂ ਦੇ ਵਿਅੰਜਨਾਂ ਦਾ ਭੋਗ ਵੀ ਲਗਾਇਆ ਗਿਆ।
ਦੱਸ ਦਈਏ ਕਿ ਸ੍ਰੀ ਰਾਮ ਨੌਮੀ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਗਵਾਨ ਰਾਮ ਦੀ ਪੂਜਾ-ਅਰਚਨਾ ਕੀਤੀ। ਉਨ੍ਹਾਂ ਨੇ ਅਯੁੱਧਿਆ ਦੇ ਰਾਮ ਮੰਦਰ ਵਿੱਚ ਸੂਰਜ ਤਿਲਕ ਸਮਾਰੋਹ ਵਿੱਚ ਵਰਚੁਅਲ ਤਰੀਕੇ ਨਾਲ ਭਾਗ ਲਿਆ। ਖ਼ਾਸ ਗੱਲ ਇਹ ਰਹੀ ਕਿ ਤਿਲਕ ਬਿਲਕੁਲ ਉਸੇ ਸਮੇਂ ਹੋਇਆ, ਜੋ ਸਮਾਂ ਭਗਵਾਨ ਰਾਮ ਦੇ ਜਨਮ ਦਾ ਪਲ ਮੰਨਿਆ ਜਾਂਦਾ ਹੈ।
ਇਸ ਮੌਕੇ ਗਰਭਗ੍ਰਹਿ ਨੂੰ ਫੁੱਲਾਂ ਨਾਲ ਸਜਾਇਆ ਗਿਆ। ਸਵੇਰੇ 5:30 ਵਜੇ ਰਾਮਲੱਲਾ ਨੂੰ ਪੀਤਾਂਬਰ (ਪੀਲੇ ਵਸਤਰ) ਪਹਿਨਾਏ ਗਏ। ਫਿਰ ਆਰਤੀ ਕੀਤੀ ਗਈ। ਅੱਜ ਆਮ ਦਿਨਾਂ ਦੇ ਮੁਕਾਬਲੇ ਸ਼ਰਧਾਲੂ 3 ਘੰਟੇ ਜ਼ਿਆਦਾ ਰਾਮਲੱਲਾ ਦੇ ਦਰਸ਼ਨ ਕਰ ਸਕਣਗੇ। ਸਵੇਰੇ 5 ਵਜੇ ਤੋਂ ਰਾਤ 11 ਵਜੇ ਤੱਕ, ਯਾਨੀ 18 ਘੰਟੇ ਦਰਸ਼ਨ ਹੋਣਗੇ। ਪਹਿਲਾਂ ਸਵੇਰੇ 6:30 ਤੋਂ ਰਾਤ 9:30 ਵਜੇ ਤੱਕ ਦਰਸ਼ਨ ਹੁੰਦੇ ਸਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਨੌਮੀ ਮੌਕੇ ਐਕਸ ‘ਤੇ ਇੱਕ ਪੋਸਟ ਵੀ ਸਾਂਝੀ ਕੀਤੀ, ਜਿਸ ਵਿੱਚ ਉਨ੍ਹਾਂ ਨੇ ਲਿਖਿਆ “ਦੇਸ਼ ਭਰ ਦੇ ਮੇਰੇ ਪਰਿਵਾਰਕ ਮੈਂਬਰਾਂ ਨੂੰ ਰਾਮ ਨੌਮੀ ਦੀਆਂ ਬੇਅੰਤ ਮੁਬਾਰਕਾਂ। ਤਿਆਗ, ਤਪੱਸਿਆ ਅਤੇ ਸੰਜਮ ਨਾਲ ਭਰੇ ਮਰਯਾਦਾ ਪੁਰਸ਼ੋਤਮ ਦੇ ਜੀਵਨ ਤੋਂ ਸਾਨੂੰ ਹਰ ਸਥਿਤੀ ਦਾ ਪੂਰੀ ਸਮਰੱਥਾ ਨਾਲ ਸਾਹਮਣਾ ਕਰਨ ਦੀ ਪ੍ਰੇਰਨਾ ਮਿਲਦੀ ਹੈ। ਉਨ੍ਹਾਂ ਦੇ ਆਦਰਸ਼ ਅਨੰਤ ਕਾਲ ਤੱਕ ਭਾਰਤ ਵਾਸੀਆਂ ਦੇ ਨਾਲ-ਨਾਲ ਸਮੁੱਚੀ ਮਨੁੱਖਤਾ ਦੇ ਮਾਰਗ-ਦਰਸ਼ਕ ਬਣੇ ਰਹਿਣਗੇ। ਮੇਰੀ ਕਾਮਨਾ ਹੈ ਕਿ ਭਗਵਾਨ ਰਾਮ ਦੀ ਕਿਰਪਾ ਨਾਲ ਸਭ ਦਾ ਕਲਿਆਣ ਹੋਵੇ, ਜਿਸ ਨਾਲ ਵਿਕਸਿਤ ਅਤੇ ਆਤਮ-ਨਿਰਭਰ ਭਾਰਤ ਦੇ ਸੰਕਲਪ ਦੀ ਸਿੱਧੀ ਦਾ ਮਾਰਗ ਪੱਧਰਾ ਹੋਵੇ।

