ਰੋਹਤਕ: ਸੁਨਾਰੀਆ ਜੇਲ੍ਹ ‘ਚ ਬੰਦ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੂੰ ਮੁੜ ਤੋਂ ਪੈਰੋਲ ਮਿਲ ਗਈ ਹੈ। ਹਰਿਆਣਾ ਸਰਕਾਰ ਨੇ ਰਾਮ ਰਹੀਮ ਨੂੰ 40 ਦਿਨ ਦੀ ਪੈਰੋਲ ਦਿੱਤੀ ਹੈ। ਬੀਤੇ ਦਿਨੀ ਰਾਮ ਰਹੀਮ ਨੇ ਸ਼ਾਹ ਸਤਨਾਮ ਦੇ ਸਮਾਗਮ ਮੌਕੇ ਪੈਰੋਲ ਦੀ ਮੰਗ ਕੀਤੀ ਸੀ ਤੇ ਹਰਿਆਣਾ ਸਰਕਾਰ ਨੇ ਫੌਰੀ ਤੌਰ ‘ਤੇ ਇਸ ਨੂੰ ਮਨਜੂਰ ਕਰ ਲਿਆ ਹੈ।
25 ਜਨਵਰੀ ਨੂੰ ਡੇਰੇ ਦੇ ਦੂਸਰੇ ਮੁਖੀ ਸ਼ਾਹ ਸਤਨਾਮ ਦਾ ਜਨਮ ਦਿਨ ਆ ਰਿਹਾ ਹੈ। ਜਿਸ ਮੌਕੇ ਡੇਰਾ ਸਿਰਸਾ ਸਮੇਤ ਸਾਰੇ ਡੇਰਿਆ ‘ਚ ਇਸ ਨੂੰ ਵੱਡੇ ਪੱਧਰ ‘ਤੇ ਮਨਾਇਆ ਜਾਂਦਾ ਹੈ। ਪੈਰੋਲ ਦੀ ਅਰਜ਼ੀ ਵਿੱਚ ਰਾਮ ਰਹੀਮ ਨੇ ਡੇਰਾ ਸਿਰਸਾ ਰੁਕਣ ਦੀ ਵੀ ਮੰਗ ਕੀਤੀ ਸੀ।
ਦੱਸ ਦਈਏ ਕਿ ਹੁਣ ਤੱਕ ਰਾਮ ਰਹੀਮ ਤਿੰਨ ਬਾਰ ਜੇਲ੍ਹ ਤੋਂ ਬਾਹਰ ਆ ਚੁੱਕਿਆ ਹੈ ਅਤੇ ਉਸ ਨੂੰ ਡੇਰਾ ਸਿਰਸਾ ਰੁਕਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਸੀ। ਉੱਤਰ ਪ੍ਰਦੇਸ਼ ਦੇ ਬਾਗਪਤ ਡੇਰੇ ਵਿੱਚ ਹੀ ਰਾਹ ਰਹੀਮ ਰੁੱਕਿਆ ਸੀ। ਸਾਲ 2022 ਵਿੱਚ ਰਾਮ ਰਹੀਮ ਨੇ ਤਿੰਨ ਪੈਰੋਲ ਦੀਆਂ ਅਰਜ਼ੀਆਂ ਲਗਾਈਆਂ ਤੇ ਤਿੰਨੇ ਵਾਰ ਸਰਕਾਰ ਨੇ ਛੁੱਟੀ ਮਨਜ਼ੂਰ ਕਰ ਲਈ ਸੀ। ਪਿਛਲੇ ਸਾਲ ਵਿੱਚ ਰਾਮ ਰਹੀਮ ਕੁੱਲ 92 ਦਿਨ ਜੇਲ੍ਹ ਤੋਂ ਬਾਹਰ ਛੁੱਟੀ ‘ਤੇ ਰਿਹਾ। ਆਖਰੀ ਪੈਰੋਲ ‘ਤੇ ਰਾਮ ਰਹੀਮ ਨੇ ਔਨਲਾਈਨ ਸਤਸੰਗ ਵੀ ਕੀਤੇ ਅਤੇ ਤਿੰਨ ਗਾਣੇ ਵੀ ਲਾਂਚ ਕੀਤੇ ਸਨ ਤੇ ਹੁਣ ਮੁੜ ਰਾਮ ਰਹੀਮ 40 ਦਿਨਾਂ ਦੀ ਛੁੱਟੀ ‘ਤੇ ਜੇਲ੍ਹ ਤੋਂ ਬਾਹਰ ਆ ਰਿਹਾ ਹੈ।