ਚੰਡੀਗੜ੍ਹ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੇ ਮਾਮਲੇ ਦੀ ਜਾਂਚ ‘ਚ ਪੰਜਾਬ ਪੁਲੀਸ ਦੀ ਐਸਆਈਟੀ ਨੇ ਕਿਹਾ ਕਿ ਹਾਈ ਕੋਰਟ ਦਾ ਆਦੇਸ਼ ਮੰਨਦੇ ਹੋਏ ਰੋਹਤਕ ਦੀ ਸੁਨਾਰੀਆ ਜੇਲ ਵਿੱਚ ਜਾ ਕੇ ਰਾਮ ਰਹੀਮ ਨਾਲ ਪੁੱਛ ਪੜਤਾਲ ਕੀਤੀ ਗਈ ਪਰ ਡੇਰਾ ਮੁਖੀ ਸਹਿਯੋਗ ਨਹੀਂ ਦੇ ਰਿਹਾ। ਪੰਜਾਬ ਪੁਲੀਸ ਦੀ ਐਸਆਈਟੀ ਨੇ ਹਾਈ ਕੋਰਟ ਵਿੱਚ ਆਪਣਾ ਪੱਖ ਰੱਖਦਿਆਂ ਕਿਹਾ ਕਿ ਰਾਮ ਰਹੀਮ ਦਾ ਪ੍ਰੋਡਕਸ਼ਨ ਵਾਂਰਟ ਦੇ ਖਿਲਾਫ ਦਾਖਲ ਅਪੀਲ ਖਾਰਜ ਕਰਨ ਦੀ ਮੰਗ ਕਰੀ ਹੈ।
ਇਸ ਦੇ ਨਾਲ ਹੀ ਐੱਸਆਈਟੀ ਨੇ ਹਾਈਕੋਰਟ ‘ਚ ਕਿਹਾ ਗਵਾਹਾਂ ਦੇ ਬਿਆਨ ਮੁਤਾਬਕ ਡੇਰੇ ਵਿੱਚ ਬੇਅਦਬੀ ਦੀ ਸਾਜ਼ਿਸ਼ ਰਚੀ ਗਈ ਸੀ। ਰਾਮ ਰਹੀਮ ਪੁੱਛਗਿੱਛ ਵਿੱਚ ਸਹਿਯੋਗ ਨਹੀਂ ਕਰ ਰਿਹਾ ਹੈ, ਇਸ ਲਈ ਉਸ ਤੋਂ ਫਿਰ ਪੁੱਛਗਿੱਛ ਕਰਨੀ ਪਵੇਗੀ। ਇਸ ਦੇ ਲਈ ਉਹ ਰਾਮ ਰਹੀਮ ਨੂੰ ਹਿਰਾਸਤ ਵਿਚ ਲੈਣਾ ਚਾਹੁੰਦੀ ਹੈ। ਉੱਥੇ ਹੀ ਐੱਸਆਈਟੀ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਮਾਮਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਦੋਂ ਬਿਸ਼ਨੋਈ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਇਆ ਜਾ ਸਕਦਾ ਹੈ ਤਾਂ ਰਾਮ ਰਹੀਮ ਨੂੰ ਵੀ ਲਿਆਇਆ ਜਾ ਸਕਦਾ ਹੈ।
ਦੱਸਣਯੋਗ ਹੈ ਕਿ ਸਾਲ 2015 ‘ਚ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ‘ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋ ਗਿਆ ਸੀ। ਜਿਸ ਦੀ ਐਫਆਈਆਰ ਨੰਬਰ-63 ਥਾਣਾ ਬਾਜਾਖਾਨਾ ਵਿੱਚ ਦਰਜ ਹੈ। ਇਸ ਮਾਮਲੇ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਡੇਰਾ ਮੁਖੀ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਉਣ ਲਈ ਅਦਾਲਤ ਨੂੰ ਬੇਨਤੀ ਕੀਤੀ ਸੀ, ਜਿਸ ’ਤੇ ਹਾਈਕੋਰਟ ਨੇ ਰੋਕ ਲਗਾ ਦਿੱਤੀ।