ਨਵੀਂ ਦਿੱਲੀ : ਦਿੱਲੀ ਅੰਦਰ ਚੱਲ ਰਹੇ ਕਿਸਾਨੀ ਸੰਘਰਸ਼ ਦਰਮਿਆਨ ਕਿਸਾਨ ਆਗੂਆਂ ਵੱਲੋਂ ਸੁਚੱਜੀ ਅਗਵਾਈ ਕਰਦਿਆਂ ਲਗਾਤਾਰ ਨੌਜਵਾਨਾਂ ਅਤੇ ਕਿਸਾਨਾਂ ਨੂੰ ਅਗਲੀ ਰਣਨੀਤੀ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ। ਆਏ ਦਿਨ ਕਿਸਾਨ ਆਗੂ ਸਟੇਜ ਤੋਂ ਬੋਲਦਿਆਂ ਕਈ ਅਹਿਮ ਐਲਾਨ ਕਰਦੇ ਹਨ । ਇਸ ਦੇ ਚਲਦਿਆਂ ਪਿਛਲੇ ਦਿਨੀਂ ਕਿਸਾਨ ਆਗੂ ਰਾਕੇਸ਼ ਟਿਕੈਤ ਵੱਲੋਂ ਵੀ ਇਕ ਅਹਿਮ ਐਲਾਨ ਕੀਤਾ ਗਿਆ ਸੀ । ਰਾਕੇਸ਼ ਟਿਕੈਤ ਦਾ ਕਹਿਣਾ ਸੀ ਕਿ ਆਉਂਦੇ ਦਿਨੀਂ ਦੇਸ਼ ਦੀ ਪਾਰਲੀਮੈਂਟ ਨੂੰ ਘੇਰਿਆ ਜਾਵੇਗਾ। ਜਿਸ ਤੋਂ ਬਾਅਦ ਇਸ ਮਾਮਲੇ ਵਿੱਚ ਅੱਜ ਨਵਾਂ ਮੋੜ ਆਇਆ ਹੈ। ਜਾਣਕਾਰੀ ਮੁਤਾਬਕ ਰਾਕੇਸ਼ ਟਿਕੈਤ ਨੇ ਇਕ ਬਿਆਨ ਜਾਰੀ ਕਰਦਿਆਂ ਐਲਾਨ ਕੀਤਾ ਹੈ ਕਿ ਇਹ ਫ਼ੈਸਲਾ ਕਿਸਾਨ ਮੋਰਚੇ ਦੀ ਸਹਿਮਤੀ ਤੋਂ ਬਾਅਦ ਹੀ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਜੇ ਸੰਸਦ ਘੇਰਨ ਦੀ ਕੋਈ ਗੱਲਬਾਤ ਨਹੀਂ ਹੈ।
ਦੱਸ ਦੇਈਏ ਕਿ ਕਿਸਾਨੀ ਸੰਘਰਸ਼ ਦਰਮਿਆਨ ਕਈ ਕਿਸਾਨ ਆਪਣੀਆਂ ਫਸਲਾਂ ਤਬਾਹ ਕਰਕੇ ਵੀ ਰੋਸ ਦਾ ਪ੍ਰਗਟਾਵਾ ਕਰ ਰਹੇ ਹਨ। ਇਸ ਮਸਲੇ ਤੇ ਵੀ ਰਾਕੇਸ਼ ਟਿਕੈਤ ਵੱਲੋਂ ਆਪਣੀ ਪ੍ਰਤੀਕਿਰਿਆ ਦਿੰਦਿਆਂ ਐਲਾਨ ਕੀਤਾ ਗਿਆ ਹੈ ਕਿ ਕੋਈ ਵੀ ਕਿਸਾਨ ਆਪਣੀ ਫ਼ਸਲ ਤਬਾਹ ਨਾ ਕਰੇ। ਟਕੈਤ ਅਨੁਸਾਰ ਕਿਸਾਨ ਫ਼ਸਲਾਂ ਤਬਾਹ ਕਰਨ ਦੀ ਬਜਾਏ ਗ਼ਰੀਬਾਂ ਦੀ ਮਦਦ ਕਰਨ ।