ਨਵੀਂ ਦਿੱਲੀ: ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ਨੂੰ 2 ਅਕਤੂਬਰ ਤੱਕ ਖੇਤੀ ਕਾਨੂੰਨ ਵਾਪਸ ਲੈਣ ਦਾ ਅਲਟੀਮੇਟਮ ਦਿੱਤਾ ਹੈ। ਸ਼ਨੀਵਾਰ ਨੂੰ ਚੱਕਾ ਜਾਮ ਤੋਂ ਬਾਅਦ ਦਿੱਲੀ ਯੂਪੀ ਗਾਜ਼ੀਪੁਰ ਬਾਰਡਰ ‘ਤੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਟਿਕੈਤ ਨੇ ਕਿਹਾ ਕਿ ਅਸੀਂ ਸਰਕਾਰ ਨਾਲ ਕਿਸੇ ਵੀ ਦਬਾਅ ‘ਚ ਗੱਲਬਾਤ ਨਹੀਂ ਕਰਾਂਗੇ, ਜਦੋਂ ਪਲੈਟਫਾਰਮ ਬਰਾਬਰੀ ਦਾ ਹੋਵੇਗਾ ਉਦੋਂ ਹੀ ਬੈਠਕ ਹੋਵੇਗੀ।
ਰਾਕੇਸ਼ ਟਿਕੈਤ ਨੇ ਇਹ ਵੀ ਕਿਹਾ ਕਿ ਕੋਈ ਵੀ ਫ਼ੈਸਲਾ ਸਾਂਝਾ ਸੰਯੁਕਤ ਮੋਰਚਾ ਹੀ ਲਵੇਗਾ। ਸਾਡਾ ਮੰਚ ਅਤੇ ਸਾਡੀ ਸੋਚ ਇਕ ਹੀ ਹੈ ਅਤੇ ਕਿਸਾਨ ਮੋਰਚੇ ‘ਚ ਕੋਈ ਵੀ ਭਿੰਨ ਭੇਦ ਨਹੀਂ ਹੈ, ਅਸੀਂ ਸਾਰੇ ਫ਼ੈਸਲੇ ਇੱਕਜੁੱਟ ਹੋ ਕੇ ਹੀ ਕਰਾਂਗੇ।
ਇਸ ਤੋਂ ਇਲਾਵਾ ਟਿਕਟ ਨੇ ਕਿਹਾ ਕਿ ਅਗਲਾ ਮਾਰਚ 40 ਲੱਖ ਟਰੈਕਟਰਾਂ ਨਾਲ ਕੱਢਿਆ ਜਾਵੇਗਾ। ਟਿਕੈਤ ਨੇ ਕਿਹਾ ਕੇਂਦਰ ਸਰਕਾਰ ਕਿਸਾਨ ਮੋਰਚੇ ‘ਚ ਸ਼ਾਮਲ ਹੋਣ ਵਾਲੇ ਟਰੈਕਟਰਾਂ ਦੇ ਮਾਲਕਾਂ ਨੂੰ ਨੋਟਿਸ ਕੱਢ ਕੇ ਪਰੇਸ਼ਾਨ ਕਰਨਾ ਬੰਦ ਕਰੇ। ਟਿਕੈਤ ਨੇ ਕਿਹਾ ਕਿ ਕਿਸਾਨ ਹੁਣ ਅੰਦੋਲਨ ‘ਚ ਸ਼ਾਮਲ ਹੋਣ ਸਮੇਂ ਆਪਣੇ ਖੇਤ ਦੀ ਮਿੱਟੀ ਵੀ ਨਾਲ ਲੈ ਕੇ ਆਵੇ।