ਨਿਊਜ਼ ਡੈਸਕ: ਮੱਧ ਪ੍ਰਦੇਸ਼ ਵਿੱਚ ਕਾਂਗਰਸ ਦੇ ਸੀਨੀਅਰ ਨੇਤਾ ਸੱਜਣ ਸਿੰਘ ਵਰਮਾ ਨੇ ਇੱਕ ਵਿਵਾਦਿਤ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਸ੍ਰੀਲੰਕਾ ਅਤੇ ਬੰਗਲਾਦੇਸ਼ ਵਰਗੀ ਸਥਿਤੀ ਭਾਰਤ ਵਿੱਚ ਵੀ ਹੋਣ ਵਾਲੀ ਹੈ। ਵਰਮਾ ਨੇ ਇੱਥੋਂ ਤੱਕ ਕਿਹਾ ਕਿ ਜਿਸ ਤਰ੍ਹਾਂ ਜਨਤਾ ਸ਼ੇਖ ਹਸੀਨਾ ਦੇ ਘਰ ‘ਚ ਦਾਖਲ ਹੋਈ ਸੀ, ਉਸੇ ਤਰ੍ਹਾਂ ਹੁਣ ਲੋਕ ਮੋਦੀ ਦੇ ਘਰ ਵੀ ਦਾਖਲ ਹੋਣ ਜਾ ਰਹੇ ਹਨ। ਵਰਮਾ ਦਾ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਜਦੋਂ ਸੱਜਣ ਸਿੰਘ ਵਰਮਾ ਨੇ ਇਹ ਵਿਵਾਦਤ ਟਿੱਪਣੀ ਕੀਤੀ ਤਾਂ ਮੰਚ ‘ਤੇ ਮੱਧ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਜੀਤੂ ਪਟਵਾਰੀ ਸਮੇਤ ਕਈ ਆਗੂ ਮੌਜੂਦ ਸਨ। ਇੰਦੌਰ ਨਗਰ ਨਿਗਮ ‘ਚ ਭ੍ਰਿਸ਼ਟਾਚਾਰ ਅਤੇ ਟੈਕਸ ਵਾਧੇ ਦੇ ਦੋਸ਼ਾਂ ਦੇ ਵਿਰੋਧ ‘ਚ ਕਾਂਗਰਸ ਨੇ ਵੱਡਾ ਪ੍ਰਦਰਸ਼ਨ ਕੀਤਾ ਸੀ। ਇਸ ਭਾਸ਼ਣ ਦੌਰਾਨ ਸੱਜਣ ਸਿੰਘ ਵਰਮਾ ਨੇ ਭਾਰਤ ਦੀ ਤੁਲਨਾ ਸ੍ਰੀਲੰਕਾ ਅਤੇ ਬੰਗਲਾਦੇਸ਼ ਨਾਲ ਕੀਤੀ।
ਵਰਮਾ ਨੇ ਕਿਹਾ, ‘ਮੈਂ ਸਿਰਫ ਇਹ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਦੋ ਦਿਨਾਂ ਤੋਂ ਟੀਵੀ ‘ਤੇ ਦੇਖ ਰਹੇ ਹੋ ਕਿ ਸ਼ੇਖ ਹਸੀਨਾ ਦੀਆਂ ਗਲਤ ਨੀਤੀਆਂ ਕਾਰਨ ਬੰਗਲਾਦੇਸ਼ ਦੇ ਲੋਕ ਪ੍ਰਧਾਨ ਮੰਤਰੀ ਨਿਵਾਸ ਅਤੇ ਰਾਸ਼ਟਰਪਤੀ ਭਵਨ ‘ਚ ਦਾਖਲ ਹੋਏ। ਮੋਦੀ ਜੀ ਯਾਦ ਰੱਖਿਓ, ਇੱਕ ਦਿਨ ਇਹ ਜਨਤਾ ਜੋ ਸੜਕਾਂ ‘ਤੇ ਰੋਸ ਪ੍ਰਦਰਸ਼ਨ ਕਰ ਰਹੀ ਹੈ, ਤੁਹਾਡੀਆਂ ਗਲਤ ਨੀਤੀਆਂ ਕਾਰਨ ਤੁਹਾਡੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ‘ਤੇ ਦਾਖਲ ਹੋ ਕੇ ਇਸ ‘ਤੇ ਕਬਜ਼ਾ ਕਰ ਲਵੇਗੀ। ਵਰਮਾ ਨੇ ਕਿਹਾ ਕਿ ਪਹਿਲਾਂ ਸ਼੍ਰੀਲੰਕਾ ‘ਚ ਲੋਕ ਪ੍ਰਧਾਨ ਮੰਤਰੀ ਦੇ ਘਰ ‘ਚ ਦਾਖਲ ਹੋਏ, ਫਿਰ ਬੰਗਲਾਦੇਸ਼ ‘ਚ ਅਜਿਹਾ ਹੋਇਆ, ਹੁਣ ਭਾਰਤ ਦੀ ਵਾਰੀ ਹੈ।
ਸੱਜਣ ਸਿੰਘ ਵਰਮਾ ਮੱਧ ਪ੍ਰਦੇਸ਼ ਵਿੱਚ ਕਾਂਗਰਸ ਦੇ ਦਿੱਗਜ ਨੇਤਾਵਾਂ ਵਿੱਚ ਗਿਣੇ ਜਾਂਦੇ ਹਨ। ਉਹ ਮੰਤਰੀ ਅਤੇ ਸੰਸਦ ਮੈਂਬਰ ਵੀ ਰਹਿ ਚੁੱਕੇ ਹਨ। ਇਸੇ ਦੌਰਾਨ ਇਕ ਹੋਰ ਸੀਨੀਅਰ ਕਾਂਗਰਸੀ ਆਗੂ ਸਲਮਾਨ ਖੁਰਸ਼ੀਦ ਨੇ ਵੀ ਅਜਿਹਾ ਹੀ ਬਿਆਨ ਦਿੱਤਾ ਹੈ। ਖੁਰਸ਼ੀਦ ਨੇ ਮੰਗਲਵਾਰ ਨੂੰ ਕਿਹਾ ਕਿ ਜੋ ਬੰਗਲਾਦੇਸ਼ ਵਿੱਚ ਹੋ ਰਿਹਾ ਹੈ, ਉਹ ਭਾਰਤ ਵਿੱਚ ਵੀ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਰਾਖਵੇਂਕਰਨ ਨੂੰ ਲੈ ਕੇ ਬੰਗਲਾਦੇਸ਼ ‘ਚ ਪਿਛਲੇ ਦੋ ਮਹੀਨਿਆਂ ਤੋਂ ਵੱਡੇ ਪੱਧਰ ‘ਤੇ ਵਿਰੋਧ ਪ੍ਰਦਰਸ਼ਨ ਚੱਲ ਰਹੇ ਸੀ। ਸ਼ੇਖ ਹਸੀਨਾ ਨੇ ਸੋਮਵਾਰ ਨੂੰ ਅਚਾਨਕ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਜਹਾਜ਼ ਰਾਹੀਂ ਭਾਰਤ ਭੱਜ ਗਈ। ਇਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਉਹਨਾਂ ਦੀ ਰਿਹਾਇਸ਼ ‘ਚ ਦਾਖਲ ਹੋ ਕੇ ਲੁੱਟਮਾਰ ਕੀਤੀ।