ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਰਾਜ ਸਭਾ ਮੈਂਬਰ ਨਰਾਇਣ ਰਾਠਵਾ ਭਾਜਪਾ ‘ਚ ਸ਼ਾਮਿਲ

Rajneet Kaur
2 Min Read

ਗਾਂਧੀਨਗਰ: ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਹੈ।  ਰਾਜ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਨਾਰਨ ਰਾਠਵਾ ਅਪਣੇ ਬੇਟੇ ਅਤੇ ਕਈ ਸਮਰਥਕਾਂ ਨਾਲ ਭਾਜਪਾ ’ਚ ਸ਼ਾਮਿਲ ਹੋ ਗਏ ਹਨ।

ਗੁਜਰਾਤ ਦੇ ਛੋਟਾ ਉਦੇਪੁਰ ਦੇ ਕਬਾਇਲੀ ਨੇਤਾ ਰਾਠਵਾ ਦਾ ਰਾਜ ਸਭਾ ਮੈਂਬਰ ਵਜੋਂ ਕਾਰਜਕਾਲ ਇਸ ਸਾਲ ਅਪ੍ਰੈਲ ’ਚ ਖਤਮ ਹੋ ਰਿਹਾ ਹੈ। ਉਹ ਪੰਜ ਵਾਰ ਲੋਕ ਸਭਾ ਮੈਂਬਰ ਚੁਣੇ ਗਏ ਹਨ। ਉਹ ਪਹਿਲੀ ਵਾਰ 1989 ’ਚ ਲੋਕ ਸਭਾ ਮੈਂਬਰ ਬਣੇ, ਇਸ ਤੋਂ ਬਾਅਦ 1991, 1996, 1998 ਅਤੇ 2004 ’ਚ ਲੋਕ ਸਭਾ ਮੈਂਬਰ ਬਣੇ। ਰਾਠਵਾ ਦੇ ਬੇਟੇ ਸੰਗ੍ਰਾਮ ਸਿੰਘ ਨੇ 2022 ਦੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਅਨੁਸੂਚਿਤ ਜਨਜਾਤੀ (ਐਸ.ਟੀ.) ਰਾਖਵੀਂ ਛੋਟਾ ਉਦੇਪੁਰ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਵਜੋਂ ਲੜੀਆਂ ਸਨ, ਪਰ ਜਿੱਤ ਨਹੀਂ ਸਕੇ ਸਨ। ਉਹ ਅਪਣੇ ਪਿਤਾ ਅਤੇ ਵੱਡੀ ਗਿਣਤੀ ’ਚ ਸਮਰਥਕਾਂ ਨਾਲ ਇਕ ਸਮਾਗਮ ’ਚ ਭਾਜਪਾ ’ਚ ਸ਼ਾਮਲ ਹੋਏ।

ਰਾਠਵਾ 2004 ’ਚ ਸੰਯੁਕਤ ਪ੍ਰਗਤੀਸ਼ੀਲ ਗੱਠਜੋੜ (ਯੂ.ਪੀ.ਏ.) ਸਰਕਾਰ ’ਚ ਰੇਲ ਰਾਜ ਮੰਤਰੀ ਸਨ ਅਤੇ 2009 ਦੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਉਮੀਦਵਾਰ ਰਾਮਸਿੰਘ ਰਾਠਵਾ ਤੋਂ ਹਾਰ ਗਏ ਸਨ। ਗੁਜਰਾਤ ਭਾਜਪਾ ਦੇ ਮੁਖੀ ਸੀ.ਆਰ. ਪਾਟਿਲ ਨੇ ਰਾਠਵਾ ਅਤੇ ਹੋਰਾਂ ਨੂੰ ਪਾਰਟੀ ਦੇ ਸੂਬਾ ਹੈੱਡਕੁਆਰਟਰ ‘ਕਮਲਮ’ ਵਿਖੇ ਭਗਵਾ ਅੰਗਵਸਤਰਮ ਅਤੇ ਟੋਪੀਆਂ ਭੇਟ ਕਰ ਕੇ ਪਾਰਟੀ ਵਿਚ ਸ਼ਾਮਲ ਕੀਤਾ।

ਰਾਠਵਾ ਨੇ ਕਿਹਾ ਕਿ ਉਨ੍ਹਾਂ ਨੂੰ ਕਾਂਗਰਸ ਨਾਲ ਕੋਈ ਦੁਸ਼ਮਣੀ ਨਹੀਂ ਹੈ ਪਰ ਉਨ੍ਹਾਂ ਨੇ ਭਾਜਪਾ ਵਿਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਤਾਂ ਜੋ ਸੂਬੇ ਦੇ ਆਦਿਵਾਸੀ ਖੇਤਰ ਵਿਕਾਸ ਯਾਤਰਾ ਵਿਚ ਪਿੱਛੇ ਨਾ ਰਹਿਣ ਅਤੇ ਤੇਜ਼ੀ ਨਾਲ ਅਤੇ ਬਿਨਾਂ ਕਿਸੇ ਰੁਕਾਵਟ ਦੇ ਅੱਗੇ ਵਧਣ। ਉਨ੍ਹਾਂ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੰਮ ਕਰਨ ਦੇ ਤਰੀਕੇ ਤੋਂ ਮੈਂ ਪ੍ਰਭਾਵਤ ਹਾਂ, ਜਿਸ ਨੂੰ ਮੈਂ ਰਾਜ ਸਭਾ ਮੈਂਬਰ ਦੇ ਤੌਰ ’ਤੇ 6 ਸਾਲ ਤਕ ਵੇਖਿਆ ਹੈ। ਅਸੀਂ ਮਿਲ ਕੇ ਅਤੇ ਬਿਨਾਂ ਕਿਸੇ ਵਿਰੋਧ ਦੇ ਕੰਮ ਕਰਨਾ ਚਾਹੁੰਦੇ ਹਾਂ ਤਾਂ ਜੋ ਅਜਿਹੇ ਸਾਰੇ ਵਿਕਾਸ ਕਾਰਜ ਤੇਜ਼ ਰਫਤਾਰ ਨਾਲ ਪੂਰੇ ਹੋਣ ਅਤੇ ਕਬਾਇਲੀ ਖੇਤਰ ਵਿਕਾਸ ਦੀ ਯਾਤਰਾ ’ਚ ਪਿੱਛੇ ਨਾ ਰਹਿ ਜਾਣ।’’

- Advertisement -

 

Share this Article
Leave a comment