ਨਵੀਂ ਦਿੱਲੀ: ਸ਼ੰਘਾਈ ਸਹਿਯੋਗ ਸੰਗਠਨ (SCO) ਦੀ ਬੈਠਕ ਦੌਰਾਨ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੀਨ ਦੇ ਰੱਖਿਆ ਮੰਤਰੀ ਡੋਂਗ ਜੁਨ ਨਾਲ ਕਿੰਗਦਾਓ ਵਿੱਚ ਮੁਲਾਕਾਤ ਕੀਤੀ। ਇਸ ਮੁਲਾਕਾਤ ਵਿੱਚ ਰਾਜਨਾਥ ਸਿੰਘ ਨੇ ਸਪੱਸ਼ਟ ਸ਼ਬਦਾਂ ਵਿੱਚ ਚੀਨ ਨੂੰ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਸਰਹੱਦ ‘ਤੇ ਸ਼ਾਂਤੀ ਬਣਾਈ ਰੱਖਣੀ ਚਾਹੀਦੀ ਹੈ ਅਤੇ ਕਿਸੇ ਵੀ ਨਵੇਂ ਤਣਾਅ ਤੋਂ ਬਚਣਾ ਚਾਹੀਦਾ।
ਬੈਠਕ ਦੌਰਾਨ ਕੈਲਾਸ਼ ਮਾਨਸਰੋਵਰ ਯਾਤਰਾ ‘ਤੇ ਵੀ ਚਰਚਾ ਹੋਈ, ਜੋ ਪਿਛਲੇ 6 ਸਾਲਾਂ ਤੋਂ ਰੁਕੀ ਹੋਈ ਸੀ। ਰਾਜਨਾਥ ਸਿੰਘ ਨੇ ਆਪਣੀ ਪੋਸਟ ਵਿੱਚ ਦੱਸਿਆ ਕਿ ਇਹ ਯਾਤਰਾ ਜਲਦ ਮੁੜ ਸ਼ੁਰੂ ਹੋਣ ਜਾ ਰਹੀ ਹੈ।
ਇਹ ਯਾਤਰਾ 2020 ਵਿੱਚ ਕੋਵਿਡ-19 ਮਹਾਂਮਾਰੀ ਕਾਰਨ ਰੋਕੀ ਗਈ ਸੀ। ਇਸ ਤੋਂ ਬਾਅਦ ਲੱਦਾਖ ਦੀ ਗਲਵਾਨ ਘਾਟੀ ਵਿੱਚ ਭਾਰਤ-ਚੀਨ ਸੈਨਿਕ ਟਕਰਾਅ ਕਾਰਨ ਇਸ ਨੂੰ ਮੁੜ ਸ਼ੁਰੂ ਨਹੀਂ ਕੀਤਾ ਜਾ ਸਕਿਆ। ਰਾਜਨਾਥ ਸਿੰਘ ਦਾ ਇਹ ਸੁਨੇਹਾ ਅਜਿਹੇ ਸਮੇਂ ਆਇਆ ਹੈ ਜਦੋਂ ਭਾਰਤ ਅਤੇ ਚੀਨ ਵਿਚਕਾਰ ਸਰਹੱਦੀ ਵਿਵਾਦ ਅਜੇ ਪੂਰੀ ਤਰ੍ਹਾਂ ਸੁਲਝਿਆ ਨਹੀਂ ਹੈ। ਇਸ ਮੁਲਾਕਾਤ ਨੂੰ ਦੋਵਾਂ ਦੇਸ਼ਾਂ ਵਿਚਕਾਰ ਸੰਵਾਦ ਅਤੇ ਸ਼ਾਂਤੀ ਬਹਾਲੀ ਦੀ ਦਿਸ਼ਾ ਵਿੱਚ ਅਹਿਮ ਕਦਮ ਮੰਨਿਆ ਜਾ ਰਿਹਾ ਹੈ।
ਮਧੁਬਨੀ ਪੇਂਟਿੰਗ ਦੀ ਭੇਟ
ਰਾਜਨਾਥ ਸਿੰਘ ਨੇ ਚੀਨੀ ਰੱਖਿਆ ਮੰਤਰੀ ਨੂੰ ਬਿਹਾਰ ਦੀ ਮਸ਼ਹੂਰ ਮਧੁਬਨੀ ਪੇਂਟਿੰਗ ਭੇਟ ਕੀਤੀ। ਇਹ ਪਰੰਪਰਾਗਤ ਕਲਾ, ਜਿਸ ਨੂੰ ਮਿੱਥਿਲਾ ਪੇਂਟਿੰਗ ਵੀ ਕਿਹਾ ਜਾਂਦਾ ਹੈ, ਬਿਹਾਰ ਦੇ ਮਿੱਥਿਲਾ ਖੇਤਰ ਨਾਲ ਸਬੰਧਤ ਹੈ। ਇਸ ਕਲਾ ਦੀ ਖਾਸੀਅਤ ਬਾਰੀਕ ਰੇਖਾਗਣ, ਚਮਕਦਾਰ ਰੰਗ, ਸੁੰਦਰ ਪੈਟਰਨ ਅਤੇ ਜਨਜਾਤੀ ਆਕ੍ਰਿਤੀਆਂ ਹਨ। ਮਧੁਬਨੀ ਚਿੱਤਰਕਲਾ ਆਪਣੇ ਜੀਵੰਤ ਮਿੱਟੀ ਵਰਗੇ ਰੰਗਾਂ ਅਤੇ ਵਿਲੱਖਣ ਡਿਜ਼ਾਈਨਾਂ ਲਈ ਜਾਣੀ ਜਾਂਦੀ ਹੈ।
SCO ਦਸਤਾਵੇਜ਼ ‘ਤੇ ਹਸਤਾਖਰ ਨਹੀਂ ਕੀਤੇ
ਰਾਜਨਾਥ ਸਿੰਘ ਚੀਨ ਦੇ ਕਿੰਗਦਾਓ ਸ਼ਹਿਰ ਵਿੱਚ SCO ਦੇ ਰੱਖਿਆ ਮੰਤਰੀਆਂ ਦੀ ਬੈਠਕ ਵਿੱਚ ਸ਼ਾਮਲ ਹੋਏ। ਉਨ੍ਹਾਂ ਨੇ SCO ਦੁਆਰਾ ਤਿਆਰ ਕੀਤੇ ਘੋਸ਼ਣਾ ਪੱਤਰ ‘ਤੇ ਹਸਤਾਖਰ ਕਰਨ ਤੋਂ ਇਨਕਾਰ ਕਰ ਦਿੱਤਾ। ਸੂਤਰਾਂ ਮੁਤਾਬਕ, ਇਸ ਦਸਤਾਵੇਜ਼ ਵਿੱਚ ਅੱਤਵਾਦ ਵਰਗੇ ਗੰਭੀਰ ਮੁੱਦੇ ਨੂੰ ਹਲਕਾ ਦਿਖਾਇਆ ਜਾ ਰਿਹਾ ਸੀ, ਜਿਸ ਨਾਲ ਭਾਰਤ ਦੇ ਸਖਤ ਰੁਖ ਨੂੰ ਨੁਕਸਾਨ ਪਹੁੰਚ ਸਕਦਾ ਸੀ।
ਅੱਤਵਾਦ ‘ਤੇ ਰਾਜਨਾਥ ਸਿੰਘ ਦਾ ਸਖਤ ਸੁਨੇਹਾ
ਬੈਠਕ ਦੌਰਾਨ ਰਾਜਨਾਥ ਸਿੰਘ ਨੇ ਪਾਕਿਸਤਾਨ ਦਾ ਨਾਮ ਲਏ ਬਿਨਾਂ ਉਸ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਜੋ ਦੇਸ਼ ਅੱਤਵਾਦ ਨੂੰ ਪ੍ਰਮੋਟ ਕਰਦੇ ਹਨ ਅਤੇ ਆਪਣੇ ਸੁਆਰਥੀ ਮਕਸਦਾਂ ਲਈ ਇਸ ਦੀ ਵਰਤੋਂ ਕਰਦੇ ਹਨ, ਉਨ੍ਹਾਂ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਕੁਝ ਦੇਸ਼ ਸਰਹੱਦ ਪਾਰ ਅੱਤਵਾਦ ਨੂੰ ਨੀਤੀ ਦੇ ਹਥਿਆਰ ਵਜੋਂ ਵਰਤਦੇ ਹਨ ਅਤੇ ਅੱਤਵਾਦੀਆਂ ਨੂੰ ਸਰਪ੍ਰਸਤੀ ਦਿੰਦੇ ਹਨ। ਰਾਜਨਾਥ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਅਜਿਹੇ ਦੋਗਲੇ ਮਾਪਦੰਡ ਹੁਣ ਸਵੀਕਾਰ ਨਹੀਂ ਹੋਣਗੇ ਅਤੇ SCO ਨੂੰ ਅਜਿਹੇ ਦੇਸ਼ਾਂ ਦੀ ਨਿੰਦਾ ਕਰਨ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ।