ਨਿਊਜ਼ ਡੈਸਕ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਅੱਜ ਦਿੱਲੀ ਪਹੁੰਚੇ ਹਨ। ਉਹ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਗੇ। ਮੁਲਾਕਾਤ ਤੋਂ ਪਹਿਲਾਂ ਵੜਿੰਗ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਰਾਹੁਲ ਗਾਂਧੀ ਸਾਹਮਣੇ ਆਪਣੇ ਦਿਲ ਦੀ ਗੱਲ ਖੁੱਲ੍ਹ ਕੇ ਕੀਤੀ ਹੈ।
ਇਸ ਦੌਰਾਨ, ਪੰਜਾਬ ਲਈ ਨਵੇਂ ਸੂਬਾ ਪ੍ਰਧਾਨ ਵਜੋਂ ਤਿੰਨ ਨਾਵਾਂ ਦਾ ਪੈਨਲ ਹਾਈ ਕਮਾਂਡ ਨੂੰ ਸੌਂਪਿਆ ਗਿਆ ਹੈ। ਇਨ੍ਹਾਂ ਵਿੱਚ ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ (ਮਾਲਵਾ ਖੇਤਰ), ਵਿਧਾਇਕ ਪਰਗਟ ਸਿੰਘ (ਦੋਆਬਾ) ਅਤੇ ਸਾਬਕਾ ਮੰਤਰੀ ਸੁਖੀ ਸਰਕਾਰੀਆ (ਮਾਝਾ ਖੇਤਰ) ਸ਼ਾਮਿਲ ਹਨ। ਸਾਬਕਾ ਉਪ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਏ.ਆਈ.ਸੀ.ਸੀ. (AICC) ਦੇ ਜਨਰਲ ਸਕੱਤਰ (ਸੰਗਠਨ) ਕੇ.ਸੀ. ਵੇਣੂਗੋਪਾਲ ਨਾਲ ਮੁਲਾਕਾਤ ਕੀਤੀ ਅਤੇ ਮਾਲਵਾ ਖੇਤਰ ਦੇ ਵਿਜੇ ਇੰਦਰ ਸਿੰਗਲਾ ਨੂੰ ਸੂਬਾ ਇਕਾਈ ਦਾ ਮੁਖੀ ਨਿਯੁਕਤ ਕਰਨ ਦੀ ਸਿਫਾਰਸ਼ ਕੀਤੀ।
ਰੰਧਾਵਾ ਨੇ ਵੇਣੂਗੋਪਾਲ ਅੱਗੇ ਦਲੀਲ ਦਿੱਤੀ ਹੈ ਕਿ ਕਾਂਗਰਸ ਕੋਲ ਇਸ ਸਮੇਂ 16 ਵਿਧਾਇਕ ਹਨ, ਜੋ ਸਾਰੇ ਪੰਜਾਬ ਦੇ ਦੋਆਬਾ ਅਤੇ ਮਾਝਾ ਖੇਤਰਾਂ ਨਾਲ ਸਬੰਧਿਤ ਹਨ। ਪਾਰਟੀ ਦਾ ਮਾਲਵਾ ਖੇਤਰ ਤੋਂ ਕੋਈ ਵੀ ਮੌਜੂਦਾ ਵਿਧਾਇਕ ਨਹੀਂ ਹੈ, ਜਦੋਂਕਿ ਕੁੱਲ 117 ਹਲਕਿਆਂ ਵਿੱਚੋਂ 69 ਹਲਕੇ ਇਸੇ ਖੇਤਰ ਵਿੱਚ ਆਉਂਦੇ ਹਨ। ਇਸ ਸਥਿਤੀ ਨੂੰ ਦੇਖਦਿਆਂ, ਮਾਲਵਾ ਖੇਤਰ ਨਾਲ ਸਬੰਧਤ ਸਿੰਗਲਾ ਨੂੰ ਸੂਬਾ ਪਾਰਟੀ ਪ੍ਰਧਾਨ ਨਿਯੁਕਤ ਕਰਨਾ ਪਾਰਟੀ ਲਈ ਲਾਹੇਵੰਦ ਸਾਬਤ ਹੋ ਸਕਦਾ ਹੈ। ਹਾਲਾਂਕਿ, ਅੰਤ ਵਿੱਚ ਇਨ੍ਹਾਂ ਤਿੰਨਾਂ ਨਾਵਾਂ ਬਾਰੇ ਫੈਸਲਾ ਰਾਹੁਲ ਵੱਲੋਂ ਹੀ ਲਿਆ ਜਾਵੇਗਾ।
ਚੰਨੀ-ਰੰਧਾਵਾ ਧੜੇ ਦੀ ਵੜਿੰਗ ਤੋਂ ਦੂਰੀ
ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਧੜੇ ਦੇ ਆਗੂ ਚੰਡੀਗੜ੍ਹ ਵਿੱਚ ਸਚਿਨ ਪਾਇਲਟ ਦੀ ਅਗਵਾਈ ਹੇਠ ਇੱਕ ਮੰਚ ‘ਤੇ ਇਕੱਠੇ ਹੋਏ, ਪਰ ਉਹ ਦਿਲੋਂ ਇਕੱਠੇ ਨਜ਼ਰ ਨਹੀਂ ਆਏ। ਚੰਨੀ ਨੇ ਸਚਿਨ ਪਾਇਲਟ ਦੀ ਮੌਜੂਦਗੀ ਵਿੱਚ ਆਪਣੇ ਭਾਸ਼ਣ ਦੌਰਾਨ ਰਾਜਾ ਵੜਿੰਗ ਦਾ ਨਾਮ ਤੱਕ ਨਹੀਂ ਲਿਆ। ਸਚਿਨ ਪਾਇਲਟ ਨੇ ਦੋਵਾਂ ਦੇ ਹੱਥ ਜ਼ਰੂਰ ਮਿਲਵਾਏ। ਇਸ ਦੇ ਬਾਵਜੂਦ ਉਨ੍ਹਾਂ ਵਿਚਕਾਰ ਦੂਰੀਆਂ ਕਾਇਮ ਰਹੀਆਂ। ਇਸ ਤੋਂ ਬਾਅਦ ਵੀ ਰਾਜਾ ਵੜਿੰਗ ਅਤੇ ਚੰਨੀ ਇਕੱਠੇ ਨਜ਼ਰ ਨਹੀਂ ਆਏ। ਸਚਿਨ ਪਾਇਲਟ ਦੋਵਾਂ ਧੜਿਆਂ ਦੀਆਂ ਸਰਗਰਮੀਆਂ ‘ਤੇ ਬਾਰੀਕੀ ਨਾਲ ਨਜ਼ਰ ਰੱਖ ਰਹੇ ਸਨ।
ਚੰਨੀ ਅਤੇ ਰੰਧਾਵਾ ਧੜੇ ਦੇ ਆਗੂਆਂ ਨੇ ਜਦੋਂ ਸਚਿਨ ਪਾਇਲਟ ਨਾਲ ਮੁਲਾਕਾਤ ਕੀਤੀ ਤਾਂ ਉਨ੍ਹਾਂ ਨੇ ਸਪੱਸ਼ਟ ਕਰ ਦਿੱਤਾ ਕਿ ਉਨ੍ਹਾਂ ਦਾ ਧੜਾ ਰਾਜਾ ਵੜਿੰਗ ਦੀ ਅਗਵਾਈ ਵਿੱਚ ਕੰਮ ਨਹੀਂ ਕਰ ਸਕੇਗਾ। ਉਨ੍ਹਾਂ ਦਾ ਕਹਿਣਾ ਸੀ ਕਿ ਬੂਥ ਕਮੇਟੀਆਂ ਦੀ ਮੀਟਿੰਗ ਦੌਰਾਨ ਵੜਿੰਗ ਧੜੇ ਨੇ ਉਨ੍ਹਾਂ ਨੂੰ ਪਾਰਟੀ ਵਿਰੋਧੀ ਅਤੇ ਇੱਥੋਂ ਤੱਕ ਕਿ RSS ਦਾ ਏਜੰਟ ਵੀ ਕਿਹਾ ਸੀ। ਰਾਜਾ ਵੜਿੰਗ ਵੀ ਲਗਾਤਾਰ ਚੰਨੀ ਧੜੇ ਖ਼ਿਲਾਫ਼ ਬਿਆਨਬਾਜ਼ੀ ਕਰਦੇ ਰਹੇ।

