ਨਵੀਂ ਦਿੱਲੀ: ਇਨ੍ਹੀਂ ਦਿਨੀਂ ਪੂਰੇ ਉੱਤਰ ਭਾਰਤ ‘ਚ ਠੰਢ ਦਾ ਕਹਿਰ ਜਾਰੀ ਹੈ। ਪਹਾੜੀ ਇਲਾਕਿਆਂ ‘ਚ ਬਰਫਬਾਰੀ ਕਾਰਨ ਮੈਦਾਨੀ ਇਲਾਕਿਆਂ ‘ਚ ਠੰਢੀਆਂ ਹਵਾਵਾਂ ਚੱਲ ਰਹੀਆਂ ਹਨ। ਜ਼ਿਆਦਾਤਰ ਇਲਾਕੇ ਧੁੰਦ ਦੀ ਲਪੇਟ ‘ਚ ਹਨ। ਇਸ ਦੌਰਾਨ ਮੌਸਮ ਵਿਭਾਗ ਨੇ ਅਗਲੇ 3 ਦਿਨਾਂ ਦੇ ਮੌਸਮ ਦੀ ਭਵਿੱਖਬਾਣੀ (ਮੌਸਮ ਅਲਰਟ) ਜਾਰੀ ਕੀਤੀ ਹੈ। ਇਸ ‘ਚ ਮੌਸਮ ਵਿਭਾਗ ਨੇ ਦੱਸਿਆ ਹੈ ਕਿ ਠੰਢ ਦੇ ਨਾਲ-ਨਾਲ ਉੱਤਰੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿਚ ਧੁੰਦ ਵਧੇਗੀ। ਉੱਤਰ ਪੂਰਬੀ ਰਾਜਾਂ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਅਨੁਸਾਰ ਅੱਜ ਤੋਂ ਅਗਲੇ ਤਿੰਨ ਦਿਨਾਂ ਤੱਕ ਉੱਤਰ ਪ੍ਰਦੇਸ਼, ਬਿਹਾਰ, ਉੱਤਰੀ ਮੱਧ ਪ੍ਰਦੇਸ਼, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਉੱਤਰੀ ਰਾਜਸਥਾਨ ਵਿੱਚ ਸਰਦੀ ਦਾ ਕਹਿਰ ਵਧੇਗਾ। ਇਸ ਦੌਰਾਨ ਤਾਪਮਾਨ ‘ਚ ਗਿਰਾਵਟ ਦੇ ਨਾਲ-ਨਾਲ ਠੰਢੀਆਂ ਹਵਾਵਾਂ ਵੀ ਚੱਲਣਗੀਆਂ। ਇਸ ਦੇ ਨਾਲ ਹੀ ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਬਿਹਾਰ, ਉੜੀਸਾ ਅਤੇ ਪੱਛਮੀ ਬੰਗਾਲ ਦੇ ਹਿਮਾਲਿਆ ਨਾਲ ਲੱਗਦੇ ਇਲਾਕਿਆਂ ਵਿੱਚ ਵੀ ਅਗਲੇ ਦੋ ਦਿਨਾਂ ਤੱਕ ਧੁੰਦ ਛਾਈ ਰਹੇਗੀ।
ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਅਗਲੇ 3 ਦਿਨਾਂ ਤੱਕ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਹਿਮਾਲਿਆ ਨਾਲ ਲੱਗਦੇ ਇਲਾਕਿਆਂ ‘ਚ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਇਸ ਕਾਰਨ ਮੈਦਾਨੀ ਇਲਾਕਿਆਂ ਵਿੱਚ ਵੀ ਠੰਢ ਵਧੇਗੀ। ਇਸ ਦੇ ਨਾਲ ਹੀ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ 21 ਤੋਂ 23 ਜਨਵਰੀ ਦਰਮਿਆਨ ਹਲਕੀ ਤੋਂ ਭਾਰੀ ਬਾਰਿਸ਼ ਵੀ ਦਰਜ ਕੀਤੀ ਜਾ ਸਕਦੀ ਹੈ।
ਉੱਤਰੀ ਭਾਰਤ ‘ਚ ਠੰਢ ਵਧਣ ਨਾਲ ਉੱਤਰ ਪੂਰਬੀ ਰਾਜਾਂ ਅਰੁਣਾਚਲ ਪ੍ਰਦੇਸ਼, ਅਸਾਮ, ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ‘ਚ 20 ਤੋਂ 22 ਜਨਵਰੀ ਦਰਮਿਆਨ ਮੀਂਹ ਪੈ ਸਕਦਾ ਹੈ। ਆਈਐਮਡੀ ਨੇ ਆਂਧਰਾ ਪ੍ਰਦੇਸ਼, ਰਾਇਲਸੀਮਾ, ਤਾਮਿਲਨਾਡੂ, ਕੇਰਲ, ਪੱਛਮੀ ਬੰਗਾਲ, ਸਿੱਕਮ ਵਿੱਚ 19 ਤੋਂ 20 ਜਨਵਰੀ ਦਰਮਿਆਨ ਮੀਂਹ ਦੀ ਭਵਿੱਖਬਾਣੀ ਕੀਤੀ ਹੈ।