ਪੇਸ਼ਾਵਰ: ਪਾਕਿਸਤਾਨ ਵਿੱਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਕਈ ਇਲਾਕਿਆਂ ‘ਚ ਮੀਂਹ ਕਾਰਨ ਭਾਰੀ ਨੁਕਸਾਨ ਹੋਣ ਦੀ ਖਬਰ ਹੈ। ਇਸ ਦੌਰਾਨ, ਉੱਤਰ-ਪੱਛਮੀ ਪਾਕਿਸਤਾਨ ਦੇ ਖੈਬਰ ਪਖਤੂਨਵਾ ਸੂਬੇ ਵਿੱਚ ਮੰਗਲਵਾਰ ਨੂੰ ਭਾਰੀ ਮੀਂਹ ਦੌਰਾਨ ਘਰ ਦੇ ਬੇਸਮੈਂਟ ਵਿੱਚ ਪਾਣੀ ਦਾਖਲ ਹੋਣ ਕਾਰਨ ਛੇ ਬੱਚਿਆਂ ਸਮੇਤ ਇੱਕ ਪਰਿਵਾਰ ਦੇ ਘੱਟੋ-ਘੱਟ 11 ਮੈਂਬਰਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਪੇਸ਼ਾਵਰ ਤੋਂ 35 ਕਿਲੋਮੀਟਰ ਦੱਖਣ ਵਿੱਚ ਕੋਹਾਟ ਜ਼ਿਲ੍ਹੇ ਦੀ ਖੇਲ ਤਹਿਸੀਲ ਦੇ ਦਾਰਾ ਆਦਮ ਵਿੱਚ ਵਾਪਰੀ।
ਸੂਬਾਈ ਆਫ਼ਤ ਪ੍ਰਬੰਧਨ ਏਜੰਸੀ ਨੇ ਕਿਹਾ ਕਿ ਮੀਂਹ ਦਾ ਪਾਣੀ ਘਰ ਦੇ ਬੇਸਮੈਂਟ ਵਿੱਚ ਦਾਖਲ ਹੋ ਗਿਆ, ਜਿਸ ਨਾਲ ਪਰਿਵਾਰ ਉੱਥੇ ਫਸ ਗਿਆ। ਇਸ ਕਾਰਨ ਛੇ ਬੱਚਿਆਂ, ਤਿੰਨ ਔਰਤਾਂ ਅਤੇ ਦੋ ਪੁਰਸ਼ਾਂ ਦੀ ਮੌਤ ਹੋ ਗਈ। ਬਚਾਅ ਅਧਿਕਾਰੀਆਂ ਨੇ ਦੱਸਿਆ ਕਿ ਬਚਾਅ ਟੀਮਾਂ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਬੇਸਮੈਂਟ ਤੋਂ ਬਾਹਰ ਕੱਢਿਆ। ਬਾਅਦ ਵਿੱਚ ਲਾਸ਼ਾਂ ਨੂੰ ਕੋਹਾਟ ਦੇ ਹਸਪਤਾਲ ਲਿਜਾਇਆ ਗਿਆ। ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਅਲੀ ਅਮੀਨ ਗੰਡਾਪੁਰ ਨੇ ਮੌਤਾਂ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਇਸ ਦੌਰਾਨ, ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (ਐਨਡੀਐਮਏ) ਨੇ ਸੋਮਵਾਰ ਨੂੰ ਚੇਤਾਵਨੀ ਦਿੱਤੀ ਕਿ ਬੰਗਾਲ ਦੀ ਖਾੜੀ ਤੋਂ ਮਾਨਸੂਨ ਪਾਕਿਸਤਾਨ ਦੇ ਮੱਧ ਅਤੇ ਦੱਖਣੀ ਹਿੱਸਿਆਂ ਵਿੱਚ ਦਾਖਲ ਹੋ ਸਕਦਾ ਹੈ, ਜਿਸ ਨਾਲ ਨਦੀਆਂ ਦੇ ਜਲ ਗ੍ਰਹਿਣ ਖੇਤਰਾਂ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਾਕਿਸਤਾਨ ਦੇ ਹੋਰ ਇਲਾਕਿਆਂ ਵਿੱਚ ਵੀ ਮੀਹ ਤਬਾਹੀ ਮਚਾ ਰਿਹਾ ਹੈ। ਰਾਵਲਪਿੰਡੀ ‘ਚ ਭਾਰੀ ਮੀਂਹ ਕਾਰਨ ਘਰ ਦੀ ਛੱਤ ਡਿੱਗਣ ਕਾਰਨ ਇਕ ਔਰਤ ਅਤੇ ਉਸ ਦੀ ਬੇਟੀ ਦੀ ਮੌਤ ਹੋ ਗਈ। ਮਾਨਸੂਨ ਦੀ ਬਾਰਿਸ਼ ਜਾਰੀ ਰਹਿਣ ਦੀ ਸੰਭਾਵਨਾ ਹੈ। ਅਗਲੇ 24 ਘੰਟਿਆਂ ਦੌਰਾਨ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਹੋਰ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਪੰਜਾਬ ‘ਚ ਭਾਰੀ ਮੀਂਹ ਕਾਰਨ ਨਦੀਆਂ-ਨਾਲਿਆਂ ‘ਚ ਪਾਣੀ ਭਰ ਗਿਆ ਹੈ। ਡੈਮਾਂ ਅਤੇ ਬੈਰਾਜਾਂ ਵਿੱਚ ਪਾਣੀ ਦਾ ਵਹਾਅ ਵਧ ਗਿਆ ਹੈ।