ਅਗਲੇ 3 ਦਿਨ ਪੰਜਾਬ ‘ਚ ਕਿਹੋ ਜਿਹਾ ਰਹੇਗਾ ਮੌਸਮ? IMD ਨੇ ਜਾਰੀ ਕੀਤਾ ਨਵਾਂ ਅਲਰਟ, ਕਈ ਥਾਵਾਂ ‘ਤੇ ਹੋਇਆ ਨੁਕਸਾਨ

Global Team
3 Min Read

ਚੰਡੀਗੜ੍ਹ: ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਨੇ ਅਚਾਨਕ ਕਰਵਟ ਲੈ ਲਈ ਹੈ। ਮੌਸਮ ਵਿਭਾਗ ਨੇ ਅੱਜ ਅਤੇ ਭਲਕੇ ਲਈ ਮੀਂਹ, ਗਰਜ-ਚਮਕ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਹੈ। ਵਿਭਾਗ ਅਨੁਸਾਰ ਕਈ ਇਲਾਕਿਆਂ ਵਿੱਚ ਹਵਾਵਾਂ ਦੀ ਰਫ਼ਤਾਰ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ। ਹਾਲਾਂਕਿ ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 0.2 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ, ਫਿਰ ਵੀ ਇਹ ਆਮ ਨਾਲੋਂ 2.7 ਡਿਗਰੀ ਘੱਟ ਰਿਹਾ। ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 42.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਮੌਸਮ ਵਿਭਾਗ ਨੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਮੋਹਾਲੀ ਵਿੱਚ ਗਰਜ-ਚਮਕ, ਬਿਜਲੀ ਡਿੱਗਣ ਅਤੇ ਹਲਕੇ ਤੋਂ ਦਰਮਿਆਨੇ ਮੀਂਹ ਦੀ ਸੰਭਾਵਨਾ ਜਤਾਈ ਹੈ। ਖ਼ਾਸ ਤੌਰ ‘ਤੇ ਲੁਧਿਆਣਾ, ਸੰਗਰੂਰ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਕਈ ਥਾਵਾਂ ‘ਤੇ ਮੀਂਹ ਪੈ ਸਕਦਾ ਹੈ।

ਮੀਂਹ ਕਾਰਨ ਘਟਿਆ ਤਾਪਮਾਨ, ਲੋਕਾਂ ਨੂੰ ਮਿਲੀ ਰਾਹਤ

ਵੀਰਵਾਰ ਸ਼ਾਮ ਤੋਂ ਸ਼ੁਰੂ ਹੋਈ ਬਰਸਾਤ ਅਤੇ ਤੇਜ਼ ਹਵਾਵਾਂ ਕਾਰਨ ਰਾਤ ਦੇ ਤਾਪਮਾਨ ਵਿੱਚ ਵੀ ਕਮੀ ਦਰਜ ਕੀਤੀ ਗਈ। ਮੌਸਮ ਵਿਭਾਗ ਮੁਤਾਬਕ ਘੱਟੋ-ਘੱਟ ਤਾਪਮਾਨ ਆਮ ਨਾਲੋਂ 2.1 ਡਿਗਰੀ ਹੇਠਾਂ ਰਿਹਾ। ਸੂਬੇ ਵਿੱਚ ਘੱਟੋ-ਘੱਟ ਤਾਪਮਾਨ 20.7 ਤੋਂ 27.3 ਡਿਗਰੀ ਸੈਲਸੀਅਸ ਦੇ ਵਿਚਾਲੇ ਦਰਜ ਕੀਤਾ ਗਿਆ।

ਪਿਛਲੇ 24 ਘੰਟਿਆਂ ਦੌਰਾਨ ਪਟਿਆਲਾ ਵਿੱਚ ਸਭ ਤੋਂ ਵੱਧ 18.2 ਮਿਲੀਮੀਟਰ ਮੀਂਹ ਪਿਆ। ਇਸ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਨਗਰ ਵਿੱਚ 17.0 ਮਿਲੀਮੀਟਰ, ਲੁਧਿਆਣਾ ਵਿੱਚ 6.2 ਮਿਲੀਮੀਟਰ, ਚੰਡੀਗੜ੍ਹ ਵਿੱਚ 8.3 ਮਿਲੀਮੀਟਰ, ਮੋਹਾਲੀ ਵਿੱਚ 1.0 ਮਿਲੀਮੀਟਰ, ਅੰਮ੍ਰਿਤਸਰ ਵਿੱਚ 0.6 ਮਿਲੀਮੀਟਰ, ਫਰੀਦਕੋਟ ਵਿੱਚ 0.5 ਮਿਲੀਮੀਟਰ ਅਤੇ ਰੂਪਨਗਰ ਵਿੱਚ 1.0 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਇਸ ਕਾਰਨ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ।

ਕਈ ਥਾਵਾਂ ‘ਤੇ ਹੋਇਆ ਨੁਕਸਾਨ

ਮਾਨਸਾ ਦੇ ਪਿੰਡ ਭੈਣੀਬਾਘਾ ਵਿੱਚ ਤੇਜ਼ ਹਵਾਵਾਂ ਅਤੇ ਮੀਂਹ ਕਾਰਨ ਇੱਕ ਡੇਅਰੀ ਫਾਰਮ ਦਾ ਟੀਨ ਸ਼ੈੱਡ ਡਿੱਗ ਗਿਆ, ਜਿਸ ਨਾਲ ਦੋ ਮੱਝਾਂ ਦੀ ਮੌਤ ਹੋ ਗਈ ਅਤੇ ਲਗਭਗ 15 ਮੱਝਾਂ ਜ਼ਖ਼ਮੀ ਹੋ ਗਈਆਂ। ਇੱਕ ਮਜ਼ਦੂਰ ਦੇ ਵੀ ਜ਼ਖ਼ਮੀ ਹੋਣ ਦੀ ਜਾਣਕਾਰੀ ਮਿਲੀ ਹੈ। ਉੱਥੇ ਹੀ ਪਟਿਆਲਾ ਵਿੱਚ ਖਾਲਸਾ ਕਾਲਜ ਨੇੜੇ ਇੱਕ ਰੁੱਖ ਬਿਜਲੀ ਦੀਆਂ ਤਾਰਾਂ ‘ਤੇ ਡਿੱਗਣ ਕਾਰਨ ਅੱਠ ਬਿਜਲੀ ਖੰਭੇ ਅਤੇ ਇੱਕ ਟਰਾਂਸਫਾਰਮਰ ਨੁਕਸਾਨੇ ਗਏ, ਜਿਸ ਨਾਲ ਬਿਜਲੀ ਸਪਲਾਈ ਅਤੇ ਆਵਾਜਾਈ ਪ੍ਰਭਾਵਿਤ ਹੋਈ।

ਮੌਸਮ ਵਿਭਾਗ ਅਨੁਸਾਰ ਪਾਕਿਸਤਾਨ ਵੱਲ ਸਰਗਰਮ ਪੱਛਮੀ ਗੜਬੜੀ ਕਾਰਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਮੌਸਮ ਵਿੱਚ ਇਹ ਤਬਦੀਲੀ ਆਈ ਹੈ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਮਾਨਸੂਨ ਹਾਲੇ ਪੰਜਾਬ ਤੱਕ ਨਹੀਂ ਪਹੁੰਚਿਆ ਅਤੇ ਮੌਜੂਦਾ ਮੀਂਹ ਦਾ ਕਾਰਨ ਪੱਛਮੀ ਗੜਬੜੀ ਹੀ ਹੈ। 6, 7 ਅਤੇ 10 ਜੂਨ ਨੂੰ ਵੀ ਕੁਝ ਥਾਵਾਂ ‘ਤੇ ਮੀਂਹ ਪੈਣ ਦੀ ਸੰਭਾਵਨਾ ਹੈ, ਜਦਕਿ ਅਗਲੇ ਤਿੰਨ ਦਿਨਾਂ ਤੱਕ ਤਾਪਮਾਨ ਵਿੱਚ ਕਿਸੇ ਵੱਡੇ ਬਦਲਾਅ ਦੀ ਉਮੀਦ ਨਹੀਂ ਹੈ।

Share This Article
Leave a Comment