ਨਵੀਂ ਦਿੱਲੀ – ਖੇਤੀ ਕਾਨੂੰਨਾਂ ਵਿਰੁੱਧ ਸ਼ੁਰੂ ਹੋਏ ਕਿਸਾਨ ਅੰਦੋਲਨ ਕਰਕੇ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਜਿਸ ਦੇ ਚਲਦੇ ਭਾਰਤੀ ਰੇਲਵੇ ਨੂੰ 2400 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਦੱਸ ਦਈਏ ਉੱਤਰੀ ਰੇਲਵੇ ਦੇ ਜਨਰਲ ਮੈਨੇਜਰ ਆਸ਼ੂਤੋਸ਼ ਗੰਗਲ ਨੇ ਬੀਤੇ ਸ਼ੁੱਕਰਵਾਰ ਨੂੰ ਕਿਹਾ ਕਿ ਬਿਆਸ ਤੇ ਅੰਮ੍ਰਿਤਸਰ ਦਰਮਿਆਨ ਰੇਲਵੇ ਦਾ ਪੂਰਾ ਹਿੱਸਾ ਕਈ ਦਿਨਾਂ ਤੋਂ ਬੰਦ ਹੈ, ਜਿਸ ਕਰਕੇ ਗੱਡੀਆਂ ਨੂੰ ਤਰਨਤਾਰਨ ‘ਚੋਂ ਲੰਘਾਇਆ ਜਾ ਰਿਹਾ ਹੈ। ਇਹ ਰਸਤਾ ਲੰਬਾ ਹੈ ਤੇ ਇਸ ਦੀ ਸਮਰੱਥਾ ਵੀ ਘੱਟ ਹੈ, ਜਿਸ ਕਰਕੇ ਥੋੜੀਆਂ ਰੇਲ ਗੱਡੀਆਂ ਹੀ ਇਸ ਰਸਤੇ ‘ਚੋਂ ਲੰਘ ਸਕਦੀਆਂ ਹਨ।
ਇਸ ਤੋਂ ਇਲਾਵਾ ਗੰਗਲ ਨੇ ਕਿਹਾ ਕਿ ਕਿਸਾਨ ਅੰਦੋਲਨ ਕਾਰਨ ਦੋ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ ਤੇ 3 ਗੱਡੀਆਂ ਨੂੰ ਅੱਧੇ ਰਸਤੇ ਤੱਕ ਹੀ ਚਲਾਇਆ ਜਾ ਰਿਹਾ ਹੈ, ਜਦਕਿ 7 ਰੇਲ ਗੱਡੀਆਂ ਦੇ ਰੂਟ ਬਦਲ ਦਿੱਤੇ ਗਏ ਹਨ। ਇਸ ਕਰਕੇ ਮਾਲ ਗੱਡੀਆਂ ਦੀ ਆਵਾਜਾਈ ਵੀ ਪ੍ਰਭਾਵਤ ਹੋਈ ਹੈ।
ਇਸ ਦੇ ਨਾਲ ਹੀ ਗੰਗਲ ਨੇ ਕਿਹਾ ਕਿ 24 ਸਤੰਬਰ ਤੋਂ 24 ਨਵੰਬਰ ਤੱਕ ਪੰਜਾਬ ‘ਚ ਰੇਲ ਸੇਵਾਵਾਂ ਕਿਸਾਨਾਂ ਦੇ ਪ੍ਰਦਰਸ਼ਨ ਕਰਕੇ ਬੰਦ ਰਹੀਆਂ ਸਨ।