ਚੀਨ ‘ਤੇ ਲੱਗੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼; ਅਮਰੀਕੀ ਐਮ ਪੀ ਕਰਨਗੇ ਸਰਦ ਰੁੱਤ ਓਲੰਪਿਕ ਦਾ ਬਾਈਕਾਟ

TeamGlobalPunjab
2 Min Read

ਵਾਸ਼ਿੰਗਟਨ :- ਅਮਰੀਕਾ ਦੀ ਭਾਰਤੀ-ਅਮਰੀਕੀ ਐੱਮਪੀ ਨਿੱਕੀ ਹੇਲੀ ਸਣੇ ਕਈ ਐੱਮਪੀਜ਼ ਨੇ ਚੀਨ ‘ਤੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰਨ ਦਾ ਦੋਸ਼ ਲਗਾਉਂਦੇ ਹੋਏ 2022 ਦੇ ਸਰਦ ਰੁੱਤ ਉਲੰਪਿਕ ਦਾ ਬਾਈਕਾਟ ਕਰਨ ਦੀ ਮੰਗ ਕੀਤੀ ਹੈ। ਸਰਦ ਰੁੱਤ ਉਲੰਪਿਕ ਇਸ ਵਾਰ ਚੀਨ ‘ਚ ਹੋਣ ਜਾ ਰਹੇ ਹਨ। ਇਨ੍ਹਾਂ ਐੱਮਪੀਜ਼ ਨੇ ਕੌਮਾਂਤਰੀ ਉਲੰਪਿਕ ਕਮੇਟੀ ਨੂੰ ਕਿਹਾ ਹੈ ਕਿ ਉਹ ਉਲੰਪਿਕ ਲਈ ਕਿਸੇ ਨਵੇਂ ਥਾਂ ਦੀ ਚੋਣ ਕਰੇ। ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਨੇਤਾਵਾਂ ਦੀ ਇਸ ਮੰਗ ‘ਤੇ ਅਜੇ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ।

ਸੰਯੁਕਤ ਰਾਸ਼ਟਰ ‘ਚ ਅਮਰੀਕਾ ਦੀ ਰਾਜਦੂਤ ਰਹੀ ਐੱਮਪੀ ਨਿੱਕੀ ਹੇਲੀ ਨੇ ਕਿਹਾ ਕਿ ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ ਕਿ ਚੀਨ ਦੀ ਕਮਿਊਨਿਸਟ ਪਾਰਟੀ ਇਨ੍ਹਾਂ ਖੇਡਾਂ ਨੂੰ ਆਪਣੇ ਪ੍ਰਾਪੇਗੰਡਾ ਦਾ ਮਾਧਿਅਮ ਬਣਾਏਗੀ। ਉਨ੍ਹਾਂ ਨੇ ਅਮਰੀਕਾ ਦੇ ਹਿੱਸਾ ਨਾ ਲੈਣ ਦੀ ਰਾਸ਼ਟਰਪਤੀ ਜੋਅ ਬਾਇਡਨ ਤੋਂ ਮੰਗ ਕਰਨ ਲਈ ਮੁਹਿੰਮ ਵੀ ਸ਼ੁਰੂ ਕੀਤੀ। ਨਿੱਕੀ ਨੇ ਕਿਹਾ ਕਿ ਚੀਨ ਆਪਣੇ ਉੱਥੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਦੇ ਮਾਮਲਿਆਂ ਨੂੰ ਲੁਕੋਣ ਲਈ ਉਲੰਪਿਕ ਖੇਡਾਂ ਦੀ ਆੜ ਲਵੇਗਾ।

ਸੈਨੇਟਰ ਰਿਕ ਸਕਾਟ ਨੇ ਰਾਸ਼ਟਰਪਤੀ ਬਾਇਡਨ ਨੂੰ ਇਕ ਪੱਤਰ ਲਿਖਿਆ ਹੈ ਤੇ ਕਿਹਾ ਹੈ ਕਿ ਰਾਸ਼ਟਰਪਤੀ ਇਸ ਸਬੰਧ ‘ਚ ਇਕ ਬੈਠਕ ਬੁਲਾਉਣ ਤੇ ਉਲੰਪਿਕ ਕਮੇਟੀ ਨੂੰ ਕਹਿਣ ਕਿ ਉਹ 2022 ਦੇ ਉਲੰਪਿਕ ਦਾ ਸਥਾਨ ਬਦਲੇ। ਅਮਰੀਕਾ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਕਿਹਾ ਹੈ ਕਿ ਇਸ ਸਬੰਧ ‘ਚ ਅਜੇ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ, ਅਸੀਂ ਉਲੰਪਿਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਨੂੰ ਦੇਖਾਂਗੇ।

Share this Article
Leave a comment