ਨਵੀ ਦਿੱਲੀ : ਭਾਰਤੀ ਰੇਲਵੇ ਨੇ ਰੇਲ ਯਾਤਰੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਨਵੇਂ ਸਾਲ ਤੋਂ ਠੀਕ ਪਹਿਲਾਂ ਭਾਰਤੀ ਰੇਲਵੇ ਨੇ ਕਿਰਾਏ ਵਿੱਚ ਵਾਧੇ ਦਾ ਐਲਾਨ ਕੀਤਾ ਹੈ। ਇਸ ਦੇ ਤਹਿਤ ਜਨਰਲ, ਮੇਲ/ਐਕਸਪ੍ਰੈਸ ਅਤੇ ਏਸੀ ਕਲਾਸਾਂ ਦੀਆਂ ਟਿਕਟਾਂ ਹੋਰ ਮਹਿੰਗੀਆਂ ਹੋ ਜਾਣਗੀਆਂ। ਭਾਰਤੀ ਰੇਲਵੇ ਵੱਲੋਂ ਜਾਰੀ ਕੀਤੇ ਗਏ ਐਲਾਨ ਅਨੁਸਾਰ ਇਹ ਵਧੀਆਂ ਹੋਈਆਂ ਕਿਰਾਏ ਦੀਆ ਦਰਾਂ 26 ਦਸੰਬਰ 2025 ਤੋਂ ਲਾਗੂ ਹੋਣਗੀਆਂ।
ਰੇਲਵੇ ਨੇ ਸਪੱਸ਼ਟ ਕੀਤਾ ਹੈ ਕਿ ਸਥਾਨਕ ਟ੍ਰੇਨਾਂ ਅਤੇ ਮਾਸਿਕ ਸੀਜ਼ਨ ਟਿਕਟਾਂ (MST) ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।ਦੱਸ ਦਈਏ 26 ਦਸੰਬਰ ਤੋਂ ਲਾਗੂ ਹੋਣ ਵਾਲਾ ਇਹ ਕਿਰਾਏ ਵਿੱਚ ਵਾਧਾ ਲੰਬੀ ਦੂਰੀ ਦੇ ਯਾਤਰੀਆਂ ਨੂੰ ਪ੍ਰਭਾਵਿਤ ਕਰੇਗਾ। 215 ਕਿਲੋਮੀਟਰ ਤੱਕ ਦੀਆਂ ਆਮ ਰੇਲਗੱਡੀਆਂ ਲਈ ਕਿਰਾਏ ਵਿੱਚ ਕੋਈ ਬਦਲਾਅ ਨਹੀਂ ਹੈ। ਇਸ ਤੋਂ ਵੱਧ ਦੂਰੀ ਲਈ ਕਿਰਾਏ ਵਿੱਚ 1 ਪੈਸਾ ਪ੍ਰਤੀ ਕਿਲੋਮੀਟਰ ਅਤੇ ਮੇਲ, ਐਕਸਪ੍ਰੈਸ ਅਤੇ ਏਸੀ ਰੇਲਗੱਡੀਆਂ ਲਈ 2 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਹੋਵੇਗਾ।
ਇਸ ਦੌਰਾਨ ਨਾਨ-ਏਸੀ ਕਿਰਾਏ ਵਿੱਚ 500 ਕਿਲੋਮੀਟਰ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਵਾਧੂ ₹10 ਦਾ ਭੁਗਤਾਨ ਕਰਨਾ ਪਵੇਗਾ। ਇਸ ਬਦਲਾਅ ਦੇ ਨਤੀਜੇ ਵਜੋਂ ₹600 ਕਰੋੜ ਦਾ ਅਨੁਮਾਨਤ ਮਾਲੀਆ ਲਾਭ ਹੋਵੇਗਾ। ਰੇਲਵੇ ਦੇ ਕਿਰਾਏ ਵਧਾਉਣ ਦੇ ਫੈਸਲੇ ਦਾ ਸਿੱਧਾ ਅਸਰ ਲੰਬੀ ਦੂਰੀ ਦੇ ਯਾਤਰੀਆਂ ਦੇ ਬਜਟ ‘ਤੇ ਪਵੇਗਾ।
ਰੇਲਵੇ ਦਾ ਕਹਿਣਾ ਹੈ ਕਿ ਇਸ ਫੈਸਲੇ ਪਿੱਛੇ ਮੁੱਖ ਉਦੇਸ਼ ਰੇਲਵੇ ਦੇ ਮਾਲੀਏ ਨੂੰ ਵਧਾਉਣਾ ਹੈ। ਇਸ ਕਿਰਾਏ ਵਾਧੇ ਨਾਲ ਭਾਰਤੀ ਰੇਲਵੇ ਨੂੰ ₹600 ਕਰੋੜ ਵਾਧੂ ਪ੍ਰਾਪਤ ਹੋਣਗੇ। ਇਹ ਰਕਮ ਰੇਲਵੇ ਦੇ ਸੰਚਾਲਨ ਅਤੇ ਰੱਖ-ਰਖਾਅ ਦੇ ਖਰਚਿਆਂ ਨੂੰ ਪੂਰਾ ਕਰਨ ਵਿੱਚ ਮਦਦ ਕਰੇਗੀ। ਇਸ ਵਿੱਚ ਰੇਲਵੇ ਸਟੇਸ਼ਨ ਦੀਆਂ ਸਹੂਲਤਾਂ, ਕੋਚਾਂ ਦੀ ਦੇਖਭਾਲ ਅਤੇ ਸੁਰੱਖਿਆ ਪ੍ਰਬੰਧ ਸ਼ਾਮਲ ਹਨ। ਪਿਛਲੇ ਦਸ ਸਾਲਾਂ ਵਿੱਚ ਰੇਲਵੇ ਨੇ ਆਪਣੇ ਨੈੱਟਵਰਕ ਅਤੇ ਸੰਚਾਲਨ ਦਾ ਮਹੱਤਵਪੂਰਨ ਵਿਸਥਾਰ ਕੀਤਾ ਹੈ, ਦੇਸ਼ ਦੇ ਦੂਰ-ਦੁਰਾਡੇ ਕੋਨਿਆਂ ਤੱਕ ਵੀ ਪਹੁੰਚ ਕੀਤੀ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

