ਨਵੀ ਦਿੱਲੀ : ਟ੍ਰੇਨ ਟਿਕਟ ਕੈਂਸਲ ਕਰਾਉਣ ਦੇ ਨਿਯਮਾਂ ਵਿੱਚ ਹੁਣ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਭਾਰਤੀ ਰੇਲਵੇ ਨੇ ਕਨਫਰਮ ਟਿਕਟ ਦੀ ਕੈਂਸਲੇਸ਼ਨ ਅਤੇ ਬੋਰਡਿੰਗ ਪੁਆਇੰਟ ਬਦਲਣ ਦੇ ਨਿਯਮਾਂ ਨੂੰ ਅਪਡੇਟ ਕੀਤਾ ਹੈ। ਨਵੇਂ ਨਿਯਮਾਂ ਤਹਿਤ ਹੁਣ ਕੈਂਸਲੇਸ਼ਨ ਚਾਰਜ ਇਸ ਗੱਲ ‘ਤੇ ਨਿਰਭਰ ਕਰੇਗਾ ਕਿ ਤੁਸੀਂ ਟਿਕਟ ਕਿੰਨੀ ਦੇਰ ਪਹਿਲਾਂ ਕੈਂਸਲ ਕਰਦੇ ਹੋ।
ਇਸ ਦੇ ਨਾਲ ਹੀ, ਯਾਤਰਾ ਤੋਂ ਪਹਿਲਾਂ ਬੋਰਡਿੰਗ ਸਟੇਸ਼ਨ ਬਦਲਣ ਲਈ ਵੀ ਪਹਿਲਾਂ ਨਾਲੋਂ ਜ਼ਿਆਦਾ ਲਚਕਤਾ ਦਿੱਤੀ ਗਈ ਹੈ। ਇਹ ਨਵੇਂ ਨਿਯਮ 1 ਅਪ੍ਰੈਲ ਤੋਂ 15 ਅਪ੍ਰੈਲ 2026 ਦੇ ਵਿਚਕਾਰ ਪੜਾਅਵਾਰ ਤਰੀਕੇ ਨਾਲ ਲਾਗੂ ਕੀਤੇ ਜਾਣਗੇ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਮੰਗਲਵਾਰ ਨੂੰ ਕਿਹਾ ਕਿ ਇਹ ਬਦਲਾਅ ਇਸ ਲਈ ਕੀਤਾ ਗਿਆ ਹੈ ਤਾਂ ਜੋ ਏਜੰਟ ਅਤੇ ਦਲਾਲ ਟਿਕਟਾਂ ਦੀ ਜਮ੍ਹਾਖੋਰੀ ਨਾ ਕਰ ਸਕਣ।
ਨਵੇਂ ਨਿਯਮਾਂ ਅਨੁਸਾਰ ਹੁਣ ਜੇਕਰ ਕੋਈ ਯਾਤਰੀ ਟ੍ਰੇਨ ਦੇ ਸਮੇਂ ਤੋਂ 8 ਘੰਟੇ ਤੋਂ ਘੱਟ ਸਮਾਂ ਪਹਿਲਾਂ ਟਿਕਟ ਕੈਂਸਲ ਕਰਦਾ ਹੈ, ਤਾਂ ਉਸ ਨੂੰ ਕੋਈ ਪੈਸਾ ਵਾਪਸ ਨਹੀਂ ਮਿਲੇਗਾ। ਯਾਨੀ ਜੇਕਰ ਤੁਹਾਡੀ ਟ੍ਰੇਨ ਸ਼ਾਮ 6 ਵਜੇ ਹੈ, ਤਾਂ ਤੁਹਾਨੂੰ ਸਵੇਰੇ 10 ਵਜੇ ਤੋਂ ਪਹਿਲਾਂ ਟਿਕਟ ਕੈਂਸਲ ਕਰਨੀ ਪਵੇਗੀ, ਤਾਂ ਹੀ ਰਿਫੰਡ ਮਿਲੇਗਾ। ਪਹਿਲਾਂ ਇਹ ਸਮਾਂ 4 ਘੰਟੇ ਸੀ ਅਤੇ ਉਦੋਂ 50% ਰਿਫੰਡ ਮਿਲਦਾ ਸੀ। ਹੁਣ ਸਮਾਂ ਵਧਾ ਕੇ 8 ਘੰਟੇ ਕਰ ਦਿੱਤਾ ਗਿਆ ਹੈ, ਪਰ 24 ਤੋਂ 8 ਘੰਟੇ ਦੇ ਵਿਚਕਾਰ ਕੈਂਸਲ ਕਰਨ ‘ਤੇ ਅਜੇ ਵੀ 50% ਪੈਸਾ ਹੀ ਵਾਪਸ ਮਿਲੇਗਾ।
ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ ਕਿ ਦਲਾਲਾਂ ਦੇ ਪੈਟਰਨ ਨੂੰ ਦੇਖਦੇ ਹੋਏ ਇਹ ਬਦਲਾਅ ਕੀਤਾ ਗਿਆ ਹੈ। ਦਲਾਲ ਅਕਸਰ ਵਾਧੂ ਟਿਕਟਾਂ ਬੁੱਕ ਕਰ ਲੈਂਦੇ ਸਨ ਅਤੇ ਗਾਹਕ ਨਾ ਮਿਲਣ ‘ਤੇ ਟ੍ਰੇਨ ਛੁੱਟਣ ਤੋਂ ਠੀਕ ਪਹਿਲਾਂ ਕੈਂਸਲ ਕਰਕੇ ਰਿਫੰਡ ਲੈ ਲੈਂਦੇ ਸਨ। ਰਿਫੰਡ ਦੇ ਨਿਯਮਾਂ ਨੂੰ ਸਖ਼ਤ ਕਰਨ ਨਾਲ ਦਲਾਲਾਂ ਵੱਲੋਂ ਟਿਕਟਾਂ ਦੀ ‘ਕੋਰਨਰਿੰਗ’ ਘੱਟ ਹੋਵੇਗੀ ਅਤੇ ਆਮ ਯਾਤਰੀਆਂ ਨੂੰ ਕਨਫਰਮ ਟਿਕਟ ਮਿਲਣ ਦੀ ਸੰਭਾਵਨਾ ਵਧੇਗੀ।
ਇਸ ਤੋਂ ਇਲਾਵਾ, ਹੁਣ ਯਾਤਰੀ ਟ੍ਰੇਨ ਛੁੱਟਣ ਤੋਂ 30 ਮਿੰਟ ਪਹਿਲਾਂ ਤੱਕ ਆਪਣਾ ਬੋਰਡਿੰਗ ਸਟੇਸ਼ਨ ਵੀ ਬਦਲ ਸਕਦੇ ਹਨ। ਇਸ ਦਾ ਮਤਲਬ ਹੈ ਕਿ ਜੇਕਰ ਤੁਸੀਂ ਟਿਕਟ ਬੁੱਕ ਕਰਦੇ ਸਮੇਂ ਜੋ ਸਟੇਸ਼ਨ ਚੁਣਿਆ ਸੀ, ਤਾਂ ਹੁਣ ਤੁਸੀਂ ਯਾਤਰਾ ਤੋਂ ਠੀਕ ਪਹਿਲਾਂ ਆਪਣੀ ਸਹੂਲਤ ਅਨੁਸਾਰ ਦੂਜਾ ਸਟੇਸ਼ਨ ਵੀ ਚੁਣ ਸਕਦੇ ਹੋ। ਇਹ ਸਹੂਲਤ ਖ਼ਾਸ ਕਰਕੇ ਵੱਡੇ ਸ਼ਹਿਰਾਂ ਦੇ ਯਾਤਰੀਆਂ ਲਈ ਕਾਫ਼ੀ ਫਾਇਦੇਮੰਦ ਸਾਈਟ ਹੋਵੇਗੀ। ਜਿਵੇਂ ਦਿੱਲੀ, ਮੁੰਬਈ ਜਾਂ ਕੋਲਕਾਤਾ ਵਰਗੇ ਸ਼ਹਿਰਾਂ ਵਿੱਚ ਇੱਕ ਤੋਂ ਜ਼ਿਆਦਾ ਰੇਲਵੇ ਸਟੇਸ਼ਨ ਹੁੰਦੇ ਹਨ। ਅਜਿਹੀ ਸਥਿਤੀ ਵਿੱਚ, ਯਾਤਰੀ ਹੁਣ ਆਪਣੀ ਲੋਕੇਸ਼ਨ ਅਤੇ ਸਹੂਲਤ ਦੇ ਹਿਸਾਬ ਨਾਲ ਕਿਸੇ ਵੀ ਨਜ਼ਦੀਕੀ ਸਟੇਸ਼ਨ ਤੋਂ ਟ੍ਰੇਨ ਫੜ ਸਕਦੇ ਹਨ।

