ਹਾਥਰਸ: ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਦਲਿਤ ਧੀ ਨਾਲ ਗੈਂਗਰੇਪ ਤੋਂ ਬਾਅਦ ਹੈਵਾਨਿਅਤ ਦੇ ਮਾਮਲੇ ‘ਚ ਸੋਸ਼ਲ ਮੀਡੀਆ ਤੋਂ ਲੈ ਕੇ ਸੜਕਾਂ ਤੱਕ ਲੋਕਾਂ ਦਾ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਵੀਰਵਾਰ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਪੀੜਤ ਪਰਿਵਾਰ ਨੂੰ ਮਿਲਣ ਜਾ ਰਹੇ ਸਨ ਪਰ ਗਰੇਟਰ ਨੋਏਡਾ ਵਿੱਚ ਹੀ ਯੂਪੀ ਪੁਲਿਸ ਨੇ ਉਨ੍ਹਾਂ ਦੇ ਕਾਫਲੇ ਨੂੰ ਰੋਕ ਦਿੱਤਾ। ਜਿਸਦੇ ਬਾਅਦ ਦੋਵੇਂ ਪੈਦਲ ਹੀ ਹਾਥਰਸ ਲਈ ਨਿਕਲ ਗਏ।
ਹਾਥਰਸ ਜਾਣ ਤੋਂ ਰੋਕੇ ਜਾਣ ‘ਤੇ ਰਾਹੁਲ ਗਾਂਧੀ ਨੇ ਪੁਲਿਸ ‘ਤੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ‘ਤੇ ਲਾਠੀਚਾਰਜ ਕੀਤਾ ਗਿਆ। ਇਸ ਦੌਰਾਨ ਪੁਲਿਸ ਅਤੇ ਕਾਂਗਰਸ ਕਰਮਚਾਰੀਆਂ ਦੀ ਝੜਪ ਵੀ ਹੋਈ ਹੈ। ਪ੍ਰਿਅੰਕਾ ਗਾਂਧੀ ਅਤੇ ਰਾਹੁਲ ਗਾਂਧੀ ਦੇ ਹਾਥਰਸ ਜਾਣ ਨੂੰ ਲੈ ਕੇ ਯੂਪੀ ਪੁਲਿਸ ਨੇ ਸਾਰੇ ਬਾਰਡਰ ਸੀਲ ਕਰ ਦਿੱਤੇ ਹਨ। ਜਿਲ੍ਹੇ ਵਿੱਚ ਧਾਰਾ 144 ਲਾਗੂ ਹੈ, ਕਿਤੇ ਵੀ 5 ਤੋਂ ਜ਼ਿਆਦਾ ਲੋਕ ਇਕੱਠੇ ਨਹੀਂ ਹੋ ਸਕਦੇ।
ਕਾਂਗਰਸੀਆਂ ਦੀ ਯੂਪੀ ਪੁਲਿਸ ਦੇ ਨਾਲ ਝੜਪ
ਐਕਸਪ੍ਰੈੱਸ ਵੇਅ ‘ਤੇ ਪੈਦਲ ਜਾਂਦੇ ਸਮੇਂ ਕਾਂਗਰਸੀ ਆਗੂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੂੰ ਰੋਕਿਆ ਗਿਆ। ਇਸ ਦੌਰਾਨ ਕਾਂਗਰਸੀ ਸਮਰਥਕਾਂ ਤੇ ਕਰਮਚਾਰੀਆਂ ਦੀ ਯੂਪੀ ਪੁਲਿਸ ਦੇ ਨਾਲ ਝੜਪ ਹੋਈ।