ਰਾਹੁਲ ਗਾਂਧੀ ਦਾ ਚੋਣ ਕਮਿਸ਼ਨ ’ਤੇ ਵੱਡਾ ਹਮਲਾ ‘ਤੁਸੀਂ ਜੋ ਕਰ ਰਹੇ ਹੋ, ਗਲਤ ਕਰ ਰਹੇ ਹੋ’,

Global Team
3 Min Read

ਚੋਣ ਕਮਿਸ਼ਨ ਦੀ ਕਾਰਗੁਜ਼ਾਰੀ ਨੂੰ ਲੈ ਕੇ ਕਾਂਗਰਸ ਨੇਤਾ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਸਵਾਲ ਖੜ੍ਹੇ ਕੀਤੇ ਹਨ। ਬੁੱਧਵਾਰ ਨੂੰ ਸੋਸ਼ਲ ਮੀਡੀਆ ’ਤੇ ਜਾਰੀ ਕੀਤੇ ਵੀਡੀਓ ਵਿੱਚ ਰਾਹੁਲ ਗਾਂਧੀ ਨੇ ਚੋਣ ਕਮਿਸ਼ਨ ਅਤੇ ਚੋਣ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਉਹ ਜੋ ਕਰ ਰਹੇ ਹਨ, ਉਹ ਗਲਤ ਹੈ। ਉਨ੍ਹਾਂ ਨੇ ਕਿਹਾ, “ਟਾਈਮ ਆਏਗਾ… ਅਸੀਂ ਤੁਹਾਨੂੰ ਫੜਾਂਗੇ, ਬਚਣ ਵਾਲੇ ਨਹੀਂ ਹੋ।”

ਚੋਣ ਕਮਿਸ਼ਨ ’ਤੇ ਲਗਾਏ ਗੰਭੀਰ ਦੋਸ਼

ਰਾਹੁਲ ਗਾਂਧੀ ਦਾ ਇਹ ਬਿਆਨ ਅੰਗਰੇਜ਼ੀ ਅਖ਼ਬਾਰ ‘ਦ ਇੰਡੀਅਨ ਐਕਸਪ੍ਰੈਸ’ ਦੀ ਇੱਕ ਇਨਵੈਸਟਿਗੇਟਿਵ ਰਿਪੋਰਟ ਤੋਂ ਬਾਅਦ ਆਇਆ ਹੈ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਕਿ ਚੋਣ ਕਮਿਸ਼ਨ ਦੇ ਦੋ ਮੈਂਬਰਾਂ—ਚੋਣ ਕਮਿਸ਼ਨਰ ਸੁਖਬੀਰ ਸਿੰਘ ਸੰਧੂ ਅਤੇ ਵਿਵੇਕ ਜੋਸ਼ੀ—ਨੇ ਪਿਛਲੇ ਕੁਝ ਮਹੀਨਿਆਂ ਦੌਰਾਨ ਕਈ ਮਾਮਲਿਆਂ ’ਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨਾਲ ਇਤਰਾਜ਼ ਜਾਂ ਅਸਹਿਮਤੀ ਦਰਜ ਕਰਵਾਈ।

‘ਦ ਇੰਡੀਅਨ ਐਕਸਪ੍ਰੈਸ’ ਮੁਤਾਬਕ, ਇਨ੍ਹਾਂ ਇਤਰਾਜ਼ਾਂ ਵਿੱਚ ਨਵੇਂ ਵੋਟਰਾਂ ਨੂੰ ਜੋੜਨ, ਵੋਟਰਾਂ ਦੇ ਨਾਮ ਹਟਾਉਣ, ਵੋਟਰ ਡੇਟਾਬੇਸ ਤੱਕ ਪਹੁੰਚ ਅਤੇ ਚੋਣ ਕਮਿਸ਼ਨ ਦੇ IT ਸਿਸਟਮ ਦੇ ਪ੍ਰਬੰਧਨ ਵਰਗੇ ਮੁੱਦੇ ਸ਼ਾਮਲ ਸਨ। ਰਿਪੋਰਟ ਵਿੱਚ ਦੋਵਾਂ ਚੋਣ ਕਮਿਸ਼ਨਰਾਂ ਵੱਲੋਂ ਕੁਝ ਕਦਮਾਂ ਨੂੰ “ਅਣਅਧਿਕਾਰਤ” ਅਤੇ “ਗੈਰ-ਕਾਨੂੰਨੀ” ਦੱਸੇ ਜਾਣ ਦਾ ਵੀ ਜ਼ਿਕਰ ਹੈ।

ਰਾਹੁਲ ਗਾਂਧੀ ਨੇ ਕੀ ਕਿਹਾ?

ਵੀਡੀਓ ਵਿੱਚ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਚੋਣ ਕਮਿਸ਼ਨ ਅਤੇ ਚੋਣ ਅਧਿਕਾਰੀਆਂ ਨੂੰ ਸਪੱਸ਼ਟ ਤੌਰ ’ਤੇ ਕਹਿ ਰਹੇ ਹਨ ਕਿ ਉਹ ਗਲਤ ਕਰ ਰਹੇ ਹਨ। ਉਨ੍ਹਾਂ ਨੇ ਇਸਨੂੰ “ਰਾਜਦ੍ਰੋਹ” ਦੱਸਿਆ ਅਤੇ ਕਿਹਾ ਕਿ ਇੱਕ ਸਮਾਂ ਆਵੇਗਾ ਜਦੋਂ ਉਨ੍ਹਾਂ ਨੂੰ ਫੜਿਆ ਜਾਵੇਗਾ।

ਆਪਣੀ ਸੋਸ਼ਲ ਮੀਡੀਆ ਪੋਸਟ ਦੇ ਕੈਪਸ਼ਨ ਵਿੱਚ ਰਾਹੁਲ ਗਾਂਧੀ ਨੇ “ਵੋਟ ਚੋਰੀ” ਨੂੰ ਭਾਰਤੀ ਲੋਕਾਂ ਖ਼ਿਲਾਫ਼ ਅਪਰਾਧ ਅਤੇ ਸੰਵਿਧਾਨ ’ਤੇ ਸਿੱਧਾ ਹਮਲਾ ਦੱਸਿਆ। ਉਨ੍ਹਾਂ ਨੇ BJP, RSS ਅਤੇ ਚੋਣ ਕਮਿਸ਼ਨ ’ਤੇ ਵੀ ਗੰਭੀਰ ਦੋਸ਼ ਲਗਾਏ ਅਤੇ ਕਿਹਾ ਕਿ “ਨਿਆਂ ਹੋਵੇਗਾ।”

ECI ਵੱਲੋਂ ਰਿਪੋਰਟ ’ਤੇ ਵੱਖਰਾ ਪੱਖ

ਇਸ ਮਾਮਲੇ ਵਿੱਚ ਚੋਣ ਕਮਿਸ਼ਨ ਨਾਲ ਜੁੜੇ ਸੂਤਰਾਂ ਨੇ ‘ਦ ਇੰਡੀਅਨ ਐਕਸਪ੍ਰੈਸ’ ਦੀ ਰਿਪੋਰਟ ਵਿੱਚ ਦਰਸਾਈ ਗਈ ਅਸਹਿਮਤੀ ਦੀ ਵਿਆਖਿਆ ਨੂੰ ਰੱਦ ਕੀਤਾ ਹੈ। ECI ਦੇ ਪੱਖ ਮੁਤਾਬਕ, ਕੁਝ ਮਾਮਲਿਆਂ ’ਤੇ ਚਿੰਤਾਵਾਂ ਜਾਂ ਟਿੱਪਣੀਆਂ ਜ਼ਰੂਰ ਉਠਾਈਆਂ ਗਈਆਂ ਸਨ, ਪਰ ਅੰਤਿਮ ਫੈਸਲੇ ਸਰਬਸੰਮਤੀ ਨਾਲ ਲਏ ਗਏ ਸਨ।

ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਕਈ ਵਿਰੋਧੀ ਪਾਰਟੀਆਂ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਵੀ ਕੀਤੀ ਹੈ।

Share This Article
Leave a Comment