ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਝੂਠੇ ਇਲਜ਼ਾਮ ਲਗਾਉਣ ਵਾਲੇ ਰਾਘਵ ਚੱਢਾ ਨੂੰ ਮੂੰਹ ਦੀ ਖਾਣੀ ਪਈ: ਰਵਨੀਤ ਸਿੰਘ ਬਿੱਟੂ

TeamGlobalPunjab
2 Min Read

ਚੰਡੀਗੜ੍ਹ: ਕਾਂਗਰਸ ਪਾਰਟੀ ਦੇ ਲੁਧਿਆਣਾ ਤੋਂ ਸਾਂਸਦ ਰਵਨੀਤ ਸਿੰਘ ਬਿੱਟੂ ਨੇ ਆਮ ਆਦਮੀ ਪਾਰਟੀ ‘ਤੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਅਤੇ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਚਿਹਰੇ ਚਰਨਜੀਤ ਸਿੰਘ ਚੰਨੀ ‘ਤੇ ਭਾਰਤੀ ਜਨਤਾ ਪਾਰਟੀ ਨਾਲ ਮਿਲ ਕੇ ਝੂਠੇ ਦੋਸ਼ ਲਗਾਉਣ ਤੇ ਬਾਅਦ ਵਿੱਚ ਮੂੰਹ ਦੇ ਭਾਰ ਡਿੱਗਣ ਦਾ ਦੋਸ਼ ਲਾਇਆ ਹੈ ।

ਕਾਂਗਰਸ ਦੇ ਬੁਲਾਰੇ ਅਤੇ ਸੰਚਾਰ ਇੰਚਾਰਜ ਪਵਨ ਖੇੜਾ ਸਮੇਤ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੇ ਵਧਦੇ ਕੱਦ ਅਤੇ ਲੋਕਾਂ ਵੱਲੋਂ ਉਨ੍ਹਾਂ ਨੂੰ ਮਿਲ ਰਹੇ ਅਥਾਹ ਪਿਆਰ ਨੇ ਵਿਰੋਧੀਆਂ ਨੂੰ ਡਰਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਕਰੀਬੀ, ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਰਾਘਵ ਚੱਢਾ ਰਸਤਾ ਭੁੱਲ ਕੇ ਸ੍ਰੀ ਆਨੰਦਪੁਰ ਸਾਹਿਬ ਪੁੱਜੇ ਅਤੇ ਉਥੇ ਵੀਡੀਓ ਬਣਾ ਕੇ ਪੰਜਾਬ ਦੇ ਰਾਜਪਾਲ ਸਾਹਮਣੇ ਪੇਸ਼ ਹੋਏ। ਹੈਰਾਨੀ ਦੀ ਗੱਲ ਹੈ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਲੈਫਟੀਨੈਂਟ ਗਵਰਨਰ ਇੱਕ ਗੱਲ ਨਹੀਂ ਸੁਣਦੇ, ਇੱਥੇ ਉਨ੍ਹਾਂ ਨੂੰ ਪੰਜਾਬ ਦੇ ਰਾਜਪਾਲ ਨੂੰ ਆਸਾਨੀ ਨਾਲ ਮਿਲਣ ਦਾ ਮੌਕਾ ਮਿਲ ਗਿਆ ਅਤੇ ਗਵਰਨਰ ਨੇ ਜਾਂਚ ਤਾਂ ਬਿਠਾਈ, ਪਰ ਚੰਨੀ ਖ਼ਿਲਾਫ਼ ਕੋਈ ਸਬੂਤ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਭਾਜਪਾ ਤੋਂ ਵੱਖ ਹੋ ਕੇ ਹੀ ਚੋਣਾਂ ਲੜ ਰਹੀ ਹੈ, ਪਰ ਕੋਈ ਫਰਕ ਨਹੀਂ ਪਿਆ।

ਸਾਂਸਦ ਬਿੱਟੂ ਨੇ ਰਾਘਵ ਚੱਢਾ ਦੀ ਪੋਲ ਖੋਲ੍ਹਦਿਆਂ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਬਾਰੇ ਕੁਝ ਨਹੀਂ ਪਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਅੱਤਵਾਦ ਦੇ ਦੌਰ ਅਤੇ ਅੱਜ ਸ਼ਾਂਤਮਈ ਮਾਹੌਲ ਬਣਾਉਣ ਲਈ ਦਿੱਤੀਆਂ ਕੁਰਬਾਨੀਆਂ ਬਾਰੇ ਨਹੀਂ ਪਤਾ ਕਿਉਂਕਿ ਇਹ ਲੋਕ ਬਾਹਰੀ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸੱਤਾ ਦੇ ਲਾਲਚੀ ਕੁਝ ਰਿਸ਼ਤੇਦਾਰ ਅਤੇ ਕੁਝ ਬਾਹਰੀ ਲੋਕ ਸੂਬੇ ਨੂੰ ਲੁੱਟਣਾ ਚਾਹੁੰਦੇ ਹਨ।ਇਸ ਤੋਂ ਪਹਿਲਾਂ ਮਾਝੇ ਦੇ ਦਿੱਗਜ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਵਿਧਾਇਕ ਅਜੇਪਾਲ ਸਿੰਘ, ਮੀਰਾਂਕੋਟ ਤੋਂ ਸੀਨੀਅਰ ਯੂਥ ਅਕਾਲੀ ਆਗੂ ਸਰਬਜੀਤ ਸਿੰਘ ਸੋਨੂੰ ਜੰਡਿਆਲਾ, ਪਰਮਜੀਤ ਸਿੰਘ ਆਪਣੀ ਪੂਰੀ ਟੀਮ ਸਮੇਤ ਅੱਜ ਕਾਂਗਰਸ ਵਿੱਚ ਸ਼ਾਮਲ ਹੋ ਗਏ। ਜਿਸ ਦਾ ਸਾਂਸਦ ਬਿੱਟੂ ਤੇ ਹੋਰ ਆਗੂਆਂ ਨੇ ਸਵਾਗਤ ਕੀਤਾ।

Share this Article
Leave a comment