ਨਿਊਜ਼ ਡੈਸਕ: ਸੰਸਦ ਪੈਨਲ ਵਿੱਚ ਫੇਰਬਦਲ ਕਰਦਿਆਂ, ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਨੂੰ ਵਿੱਤੀ ਮਾਮਲਿਆਂ ਦੀ ਸਥਾਈ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਰਾਜ ਸਭਾ ਵਿੱਚ ਸਭ ਤੋਂ ਘੱਟ ਉਮਰ ਦੇ ਸੰਸਦ ਮੈਂਬਰ, ਪੇਸ਼ੇ ਤੋਂ ਇੱਕ ਚਾਰਟਰਡ ਅਕਾਊਂਟੈਂਟ, ਚੱਢਾ ਇਸ ਸਾਲ ਦੇ ਸ਼ੁਰੂ ਵਿੱਚ ਪੰਜਾਬ ਤੋਂ ਉਪਰਲੇ ਸਦਨ ਲਈ ਨਾਮਜ਼ਦ ਕੀਤੇ ਗਏ ਸੱਤ ਮੈਂਬਰਾਂ ਵਿੱਚੋਂ ਇੱਕ ਹਨ। ਦੱਸ ਦੇਈਏ ਕਿ ਆਮ ਆਦਮੀ ਪਾਰਟੀ ਦੇ 10 ਸੰਸਦ ਮੈਂਬਰ ਹਨ, ਸਾਰੇ ਰਾਜ ਸਭਾ ਵਿੱਚ ਹਨ।
ਰਾਘਵ ਚੱਢਾ ਲੰਦਨ ਸਕੂਲ ਆਫ ਇਕਨਾਮਿਕਸ ਦੇ ਸਾਬਕਾ ਵਿਦਿਆਰਥੀ ਹਨ ਤੇ ਅਗਸਤ ਵਿਚ ਸੰਸਦ ਵਿਚ ਆਪਣੇ ਪਹਿਲੇ ਸੈਸ਼ਨ ਵਿਚ ਮਹਿੰਗਾਈ ਤੇ ਜੀਐੱਸਟੀ ਵਰਗੇ ਆਰਥਿਕ ਮੁੱਦੇ ਚੁੱਕੇ ਸਨ। ਉਨ੍ਹਾਂ ਦੇ ਸੰਸਦ ਦੀ ਵਿੱਤੀ ਮਾਮਲਿਆਂ ਦੀ ਸਥਾਈ ਕਮੇਟੀ ਵਿਚ ਸ਼ਾਮਲ ਹੋਣ ਨਾਲ ਪੰਜਾਬ ਦੇ ਆਰਥਿਕ ਮਾਮਲਿਆਂ ਨਾਲ ਸਬੰਧਤ ਪੱਖ ਨੂੰ ਮਜ਼ਬੂਤੀ ਮਿਲੇਗੀ। ਸਿਆਸੀ ਤੇ ਆਰਥਿਕ ਮਾਮਲਿਆਂ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਰਾਘਵ ਚੱਢਾ ਦਾ ਸੰਸਦ ਦੀ ਇਸ ਤਰ੍ਹਾਂ ਦੀ ਮਹੱਤਵਪੂਰਨ ਕਮੇਟੀ ਵਿਚ ਸ਼ਾਮਲ ਹੋਣਾ ਉਨ੍ਹਾਂ ਦੀ ਵਿੱਤੀ ਮੁਹਾਰਤ ਨੂੰ ਦਰਸਾਉਂਦਾ ਹੈ।
ਚੱਢਾ ਦੀ ਨਾਮਜ਼ਦਗੀ 2022-23 ਲਈ 24 ਕਮੇਟੀਆਂ ਦੇ ਪੁਨਰਗਠਨ ਤੋਂ ਬਾਅਦ ਹੋਈ ਹੈ।ਵਿੱਤ ਪੈਨਲ ਦੀ ਕਮੇਟੀ ਜਿਸ ਵਿਚ ਚੱਢਾ ਨੂੰ ਨਿਯੁਕਤ ਕੀਤਾ ਗਿਆ ਹੈ, ਉਹ ਤਿੰਨ ਕੇਂਦਰੀ ਮੰਤਰਾਲਿਆਂ ਅਤੇ ਨੀਤੀ ਆਯੋਗ ਦੁਆਰਾ ਬਣਾਏ ਗਏ ਕਾਨੂੰਨਾਂ ਅਤੇ ਨੀਤੀਆਂ ਦੀ ਨਿਗਰਾਨੀ ਕਰਦੀ ਹੈ।