ਸਿੰਗਾਪੁਰ : ਸਿੰਗਾਪੁਰ ਦੇ ਵਿਅਕਤੀ ਵੱਲੋਂ ਭਾਰਤੀ ਮੂਲ ਦੇ ਵਿਅਕਤੀ ’ਤੇ ਕੀਤੀਆਂ ਗਈਆਂ ਨਸਲੀ ਟਿੱਪਣੀਆਂ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਉੱਥੋਂ ਦੇ ਗ੍ਰਹਿ ਮੰਤਰੀ ਨੇ ਕਿਹਾ ਕਿ ‘ਇਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ’ ਤੇ ‘ਚਿੰਤਾਜਨਕ ਹੈ।’ ਇਕ ਵਿਅਕਤੀ ਵੱਲੋਂ ਕਥਿਤ ਤੌਰ ‘ਤੇ ਚੀਨ ਦੀ ਇਕ ਔਰਤ ਨਾਲ ਡੇਟਿੰਗ ਲਈ ਭਾਰਤੀ ਮੂਲ ਦੇ ਵਿਅਕਤੀ ਖ਼ਿਲਾਫ਼ ਨਸਲੀ ਟਿੱਪਣੀ ਕੀਤੇ ਜਾਣ ਦਾ ਵੀਡੀਓ ਵਾਇਰਲ ਹੋਣ ‘ਤੇ ਵਿਵਾਦ ਖੜ੍ਹਾ ਹੋ ਗਿਆ ਹੈ।
ਪੰਜ ਮਿੰਟ ਦੀ ਵੀਡੀਓ ਫੇਸਬੁੱਕ ’ਤੇ 23 ਸਾਲਾ ਦੇਵ ਪ੍ਰਕਾਸ਼ ਨੇ ਸ਼ੇਅਰ ਕੀਤੀ ਹੈ। ਵੀਡੀਓ ਵਿਚ ਇਕ ਚੀਨੀ-ਸਿੰਗਾਪੁਰੀ ਵਿਅਕਤੀ ਪ੍ਰਕਾਸ਼ ’ਤੇ ‘ਚੀਨੀ ਕੁੜੀ ਦੇ ਮਗਰ ਪੈਣ ਦਾ’ ਇਲਜ਼ਾਮ ਲਾ ਰਿਹਾ ਹੈ ਤੇ ਨਾਲ ਹੀ ਕਹਿ ਰਿਹਾ ਹੈ ਕਿ ਚੀਨੀ ਔਰਤਾਂ ਨੂੰ ਭਾਰਤੀ ਪੁਰਸ਼ਾਂ ਨਾਲ ਨਹੀਂ ਹੋਣਾ ਚਾਹੀਦਾ।’ ਗ੍ਰਹਿ ਅਤੇ ਕਾਨੂੰਨ ਮੰਤਰੀ ਕੇ ਸ਼ਨਮੁਗਮ ਨੇ ਵੀਡੀਓ ਬਾਰੇ ਕਿਹਾ ਕਿ ਉਹ ਘਟਨਾ ਦੇ ਸਾਰੇ ਤੱਥਾਂ ਤੋਂ ਜਾਣੂ ਨਹੀਂ ਹਨ ਪਰ ਇਸ ਤਰ੍ਹਾਂ ਜਾਪਦਾ ਹੈ ਕਿ ਜ਼ਿਆਦਾ ਲੋਕ ਇਸ ਤਰ੍ਹਾਂ ਸ਼ਰੇਆਮ ਕਿਸੇ ਦੇ ਮੂੰਹ ‘ਤੇ ਨਸਲੀ ਟਿੱਪਣੀ ਕੀਤੇ ਜਾਣ ਨੂੰ ਸਵੀਕਾਰ ਕਰ ਰਹੇ ਹਨ।
ਦਸ ਦਈਏ ਭਾਰਤੀ ਮੂਲ ਦਾ ਪ੍ਰਕਾਸ਼ ਉਸ ਵੇਲੇ ਇਕ ਚੀਨੀ ਮਹਿਲਾ ਦੇ ਨਾਲ ਸੀ। ਪ੍ਰਕਾਸ਼ ਨੇ ਫੇਸਬੁੱਕ ਪੋਸਟ ਵਿਚ ਲਿਖਿਆ ਕਿ ਉਸ ਵਿਅਕਤੀ ਨੇ ਉਹਨਾਂ ਨਾਲ ਜਿਹੋ ਜਿਹਾ ਵਿਵਹਾਰ ਕੀਤਾ ਉਸ ਨਾਲ ਉਹਨਾਂ ਨੇ ਅਪਮਾਨਿਤ ਅਤੇ ਦੁਖੀ ਮਹਿਸੂਸ ਕੀਤਾ। ਪ੍ਰਕਾਸ਼ ਮੁਤਾਬਕ ਵਿਅਕਤੀ ਨੇ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਸਿਰਫ ਆਪਣੀ ਨਸਲ ਦੇ ਲੋਕਾਂ ਨਾਲ ਹੀ ਡੇਟਿੰਗ ਕਰਨੀ ਚਾਹੀਦੀ ਹੈ।