ਕੈਨੇਡਾ ‘ਚ ਪੰਜਾਬੀ ਪਰਿਵਾਰ ਨਾਲ ਵਾਪਰੀ ਘਟਨਾ, ਦੋ ਬੱਚਿਆਂ ਦੀ ਮੌਤ, ਮਾਂ ਨੇ ਭੱਜ ਕੇ ਬਚਾਈ ਜਾਨ

Prabhjot Kaur
3 Min Read

ਲਵਾਲ: ਕੈਨੇਡਾ ਦੇ ਸੂਬੇ ਕਿਊਬਕ ਕੇ ਲਵਾਲ ਸ਼ਹਿਰ ‘ਚ ਮੰਦਭਾਗੀ ਘਟਨਾ ਵਾਪਰੀ ਹੈ। ਇੱਥੇ ਇੱਕ ਕਲਯੁਗੀ ਪਿਤਾ ਨੇ ਆਪਣੇ 2 ਮਾਸੂਮ ਬੱਚਿਆਂ ਦਾ ਕਤਲ ਕਰ ਦਿੱਤਾ, ਜਿਸ ਦੀ ਪਛਾਣ ਕਮਲਜੀਤ ਅਰੋੜਾ ਵਜੋਂ ਕੀਤੀ ਗਈ ਹੈ। ਇਸ ਤੋਂ ਇਲਾਵਾ ਕਮਲਜੀਤ ਅਰੋੜਾ ਨੇ ਆਪਣੀ ਪਤਨੀ ਰਮਾ ਰਾਣੀ ਅਰੋੜਾ ਨੂੰ ਵੀ ਗਲ ਘੁੱਟ ਕੇ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਗਵਾਂਢੀਆਂ ਦੇ ਘਰ ਲੁਕ ਕੇ ਆਪਣੀ ਜਾਨ ਬਚਾਈ।

ਪੁਲਿਸ ਨੇ ਕਮਲਜੀਤ ਅਰੋੜਾ ਵਿਰੁੱਧ ਪਹਿਲੇ ਦਰਜੇ ਦੇ ਕਤਲ ਦੇ 2 ਦੇ ਅਤੇ ਪਤਨੀ ਦਾ ਗਲ ਘੁੱਟ ਕੇ ਕਤਲ ਕਰਨ ਦੀ ਕੋਸ਼ਿਸ਼ ਕਰਨ ਦਾ ਇੱਕ ਦੋਸ਼ ਆਇਦ ਕੀਤਾ ਹੈ। ਕਮਲਜੀਤ ਅਰੋੜਾ ਨੂੰ ਵੀਡੀਓ ਕਾਨਫ਼ਰਸਿੰਗ ਰਾਹੀਂ ਬੁੱਧਵਾਰ ਨੂੰ ਪੇਸ਼ ਕੀਤਾ ਜਾਣਾ ਸੀ, ਪਰ ਹਸਪਤਾਲ ‘ਚ ਦਾਖਲ ਹੋਣ ਕਾਰਨ ਉਸ ਨੂੰ ਪੇਸ਼ ਨਹੀਂ ਕੀਤਾ ਜਾ ਸਕਿਆ।

ਦੱਸਣਯੋਗ ਹੈ ਕਿ ਲਵਾਲ ਸ਼ਹਿਰ ਦੀ ਲਾਊਜਨ ਸਟ੍ਰੀਟ ਦੇ ਘਰ ‘ਚ ਹੋਏ ਕਤਲਕਾਂਡ ਬਾਰੇ ਗੁਆਂਢੀਆਂ ਨੇ ਪੁਲਿਸ ਨੂੰ ਇਤਲਾਹ ਦਿੱਤੀ ਅਤੇ ਮੌਕੇ ‘ਤੇ ਪੁੱਜੇ ਅਫ਼ਸਰਾਂ ਨੂੰ 13 ਸਾਲ ਦੀ ਐਨਜ਼ਲ ਅਰੋੜਾ ਤੇ 11 ਸਾਲ ਦੇ ਐਰਨ ਅਰੋੜਾ ਦੀਆਂ ਮ੍ਰਿਤਕ ਦੇਹਾਂ ਮਿਲੀਆਂ। ਜਾਂਚਕਰਤਾਵਾਂ ਨੇ ਇਸ ਘਟਨਾ ਨੂੰ ਇਕ ਵੱਡੀ ਪਰਿਵਾਰਕ ਤਰਾਸਦੀ ਕਰਾਰ ਦਿੱਤਾ। ਜਾਣਕਾਰੀ ਮੁਤਾਬਕ ਬੱਚਿਆਂ ਨੂੰ ਬਾਥ ਟੱਬ ਵਿਚ ਡੁਬੋ ਕੇ ਮਾਰਿਆ ਗਿਆ। ਦੂਜੇ ਪਾਸੇ ਬੱਚਿਆਂ ਦੀ ਮਾਂ ਰਮਾ ਰਾਣੀ ਵੀ ਸ਼ਾਇਦ ਹੀ ਜ਼ਿੰਦਾ ਬਚ ਪਾਉਂਦੀ ਜਿਸ ਨੇ ਗੁਆਂਢੀ ਦੇ ਘਰ ਪਨਾਹ ਲੈ ਕੇ ਆਪਣੀ ਜਾਨ ਬਚਾਈ। ਉੱਥੇ ਹੀ ਕਮਲਜੀਤ ਅਰੋੜਾ ਨੂੰ ਜ਼ਖ਼ਮੀ ਹਾਲਤ ‘ਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਪਰ ਪੁਲਿਸ ਨੇ ਇਹ ਸਾਫ ਨਹੀਂ ਕੀਤਾ ਕਿ ਉਹ ਜ਼ਖ਼ਮੀ ਕਿਵੇਂ ਹੋਇਆ।

ਸੋਮਵਾਰ ਸ਼ਾਮ ਲਗਭਗ 6 ਵਜੇ ਮੌਕਾ ਏ ਵਾਰਦਾਤ ‘ਤੇ ਪੁੱਜੇ ਅਫ਼ਸਰ ਨੇ ਮੰਗਲਵਾਰ ਸਵੇਰ ਤੱਕ ਉੱਥੇ ਹੀ ਰਹੇ ਅਤੇ ਜਾਂਚ ਦਾ ਸਿਲਸਿਲਾ ਜਾਰੀ ਰੱਖਿਆ। ਲਵਾਲ ਸਕੂਲ ਕਮਿਸ਼ਨ ਦੀ ਤਰਜਮਾਨ ਐਨੀ ਗੋਇਟ ਨੇ ਦੱਸਿਆ ਕਿ ਐਰਨ ਅਰੋੜਾ ਆਪਣੇ ਘਰ ਤੋਂ 200-300 ਮੀਟਰ ਦੂਰ ਸਥਿਤ ਐਲੀਮੈਂਟਰੀ ਸਕੂਲ ‘ਚ ਪੜ੍ਹਦਾ ਸੀ। ਬੱਚਿਆਂ ਦੇ ਕਤਲ ਦੀ ਖਬਰ ਸਕੂਲ ਪੁੱਜੀ ਤਾਂ ਵਿਦਿਆਰਥੀਆਂ ਤੇ ਅਧਿਆਪਕਾਂ ਅੰਦਰ ਸਹਿਮ ਫੈਲ ਗਿਆ ਜਿਨ੍ਹਾਂ ਦੀ ਮਦਦ ਲਈ ਪੇਸ਼ੇਵਰਾਂ ਦੀ ਟੀਮ ਬੁਲਾਈ ਗਈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment