ਪੰਜਾਬ ਦੀ ਰਾਜਸੀ ਧਿਰ ਗੈਰ-ਯਕੀਨੀ ਸਥਿਤੀ ‘ਚ; ਕਿਸਾਨ ਅੰਦੋਲਨ ਨੇ ਸਾਹ ਸੂਤੇ

TeamGlobalPunjab
4 Min Read

 

-ਜਗਤਾਰ ਸਿੰਘ ਸਿੱਧੂ, (ਐਡੀਟਰ);

ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਾਕਮ ਧਿਰ ਸਮੇਤ ਵਿਰੋਧੀ ਧਿਰਾਂ ਅਜੇ ਗੈਰ-ਯਕੀਨੀ ਸਥਿਤੀ ਵਿਚੋਂ ਗੁਜ਼ਰ ਰਹੀਆਂ ਹਨ। ਬੇਸ਼ਕ ਪਾਰਟੀਆਂ ਦੀਆਂ ਧਿਰਾਂ 2022 ਦੀ ਵਿਧਾਨ ਸਭਾ ਚੋਣ ਜਿੱਤ ਕੇ ਆਪਣੀ ਸਰਕਾਰ ਬਨਾਉਣ ਦੇ ਦਾਅਵੇ ਕਰ ਰਹੀਆਂ ਹਨ ਪਰ ਅਸਲੀਅਤ ਇਹ ਹੈ ਕਿ ਇਹ ਦਾਅਵੇ ਅਸਲ ਹਕੀਕਤਾਂ ਤੋਂ ਬਹੁਤ ਦੂਰ ਹਨ। ਹਾਕਮ ਧਿਰ ਕਾਂਗਰਸ ਪਾਰਟੀ ਆਪਣੇ ਪੈਂਤੜੇ ਅਤੇ ਕਾਰਗੁਜ਼ਾਰੀ ਦੇ ਆਧਾਰ ‘ਤੇ ਦੂਜੀ ਵਾਰ ਸਰਕਾਰ ਆਉਣ ਲਈ ਆਪਣਾ ਹੱਕ ਪੇਸ਼ ਕਰ ਰਹੀ ਹੈ। ਦੂਜੇ ਪਾਸੇ ਵਿਰੋਧੀ ਧਿਰਾਂ ਹਾਕਮ ਧਿਰ ਕਾਂਗਰਸ ਸਰਕਾਰ ਦੀਆਂ ਨਲਾਇਕੀਆਂ ਸਿਰ ਆਪੋ ਆਪਣੀ ਸਰਕਾਰ ਬਨਾਉਣ ਦੇ ਦਾਅਵੇ ਕਰ ਰਹੀਆਂ ਹਨ। ਰਾਜਸੀ ਪੈਂਤੜਿਆਂ ‘ਤੇ ਨਜ਼ਰ ਮਾਰੀ ਜਾਵੇ ਤਾਂ ਅਕਾਲੀ ਦਲ ਨੇ ਭਾਜਪਾ ਵੱਲੋਂ ਤਿੰਨੇ ਖੇਤੀ ਕਾਨੂੰਨਾਂ ਕਾਰਨ ਆਪਣਾ ਗੱਠਜੋੜ ਤੋੜ ਲਿਆ ਹੈ ਅਤੇ ਬਸਪਾ ਨਾਲ ਸਾਂਝ ਪਾ ਲਈ ਹੈ। ਅਕਾਲੀ ਦਲ ਨੇ ਲੋਕਾਂ ਅੰਦਰ ਅਤੇ ਮੀਡੀਆ ਵਿਚ ਆਪਣੀਆਂ ਸਰਗਰਮੀਆਂ ਤੇਜ਼ ਕੀਤੀਆਂ ਹੋਈਆ ਹਨ। ਬਸਪਾ ਨਾਲ ਮਿਲ ਕੇ ਸਰਕਾਰ ਨੂੰ ਵੀ ਮੁੱਦਿਆਂ ‘ਤੇ ਘੇਰਿਆ ਜਾ ਰਿਹਾ ਹੈ। ਪਾਰਟੀ ਵੱਲੋਂ ਹੇਠਲੀ ਪੱਧਰ ‘ਤੇ ਆਪਣਾ ਆਧਾਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਬਾਵਜੂਦ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਅਤੇ ਇਸ ਨਾਲ ਜੁੜੀਆਂ ਮੰਦਭਾਗੀਆਂ ਘਟਨਾਵਾਂ ਅਜੇ ਵੀ ਅਕਾਲੀ ਦਲ ਨੂੰ ਕਟਿਹਰੇ ਵਿਚ ਖੜ੍ਹਾ ਕਰ ਰਹੀਆਂ ਹਨ। ਕਿਸਾਨੀ ਮੁੱਦੇ ‘ਤੇ ਅਕਾਲੀ ਦਲ ਨੇ ਮਾਨਸੂਨ ਸ਼ੈਸ਼ਨ ਵਿਚ ਲਗਾਤਾਰ ਮੋਦੀ ਸਰਕਾਰ ਵਿਰੁੱਧ ਨਾਅਰੇਬਾਜੀ ਕੀਤੀ ਹੈ ਪਰ ਵਿਰੋਧੀ ਅਜੇ ਵੀ ਉਨ੍ਹਾਂ ਨੂੰ ਖੇਤੀ ਕਾਨੂੰਨਾਂ ਦੀ ਸਹਿਮਤੀ ਦੇਣ ਲਈ ਘੇਰਿਆ ਜਾ ਰਿਹਾ ਹੈ। ਕੇਵਲ ਐਨਾ ਹੀ ਨਹੀਂ ਅਕਾਲੀ ਦਲ ਵੱਲੋਂ ਕੌਮੀ ਪੱਧਰ ‘ਤੇ ਵੀ ਗਠਜੋੜ ਬਣਾ ਕੇ ਹਮਾਇਤ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਵਿਧਾਨ ਸਭਾ ਵਿਚ ਮੁੱਖ ਵਿਰੋਧੀ ਧਿਰ ‘ਆਪ’ ਵੀ ਪੁਰੀ ਤਰ੍ਹਾਂ ਸਰਗਰਮ ਹੈ ਪਰ ਪਿਛਲੀ ਚੋਣ ਵਾਂਗ ਇਸ ਵਾਰ ਆਪ ਦੇ ਹੱਕ ਵਿਚ ਲਹਿਰ ਬਣਦੀ ਨਜ਼ਰ ਆ ਰਹੀ ਹੈ। ਪਾਰਟੀ ਅੰਦਰ ਨਵੇਂ ਚੇਹਰੇ ਵੀ ਆ ਰਹੇ ਹਨ ਅਤੇ ਸਾਫ ਸੁਥਰੀ ਰਾਜਨੀਤੀ ਦਾ ਦਾਅਵਾ ਕੀਤਾ ਜਾ ਰਿਹਾ ਹੈ। ਆਪ ਵੱਲੋਂ ਨਵਜੋਤ ਸਿੱਧੂ ਨੂੰ ਲਿਆਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਇਹ ਮੌਕਾ ਨਿਕਲ ਚੁੱਕਾ ਹੈ। ਕਿਸਾਨੀ ਮੁੱਦੇ ‘ਤੇ ਆਪ ਨੇ ਪੰਜਾਬ ਦੇ ਪਾਰਟੀ ਪ੍ਰਧਾਨ ਭਗਵੰਤ ਮਾਨ ਨੇ ਪਾਰਲੀਮੈਂਟ ਅੰਦਰ ਸੱਤਾ ਲਿਆਉਣ ਦੀ ਕਈ ਵਾਰ ਕੋਸ਼ਿਸ਼ਾ ਕੀਤੀ ਪਰ ਹਾਕਮ ਧਿਰ ਨੇ ਕੋਈ ਪੇਸ਼ ਨਾ ਜਾਣ ਦਿੱਤੀ। ਆਪ ਰਾਜਸੀ ਖੇਤਰ ਵਿਚ ਡੱਟ ਕੇ ਲੜਾਈ ਲੜ ਰਹੀ ਹੈ ਪਰ ਆਉਣ ਵਾਲੇ ਦਿਨਾਂ ਵਿਚ ਪਤਾ ਲੱਗੇਗਾ ਕਿ ਪਾਰਟੀ ਕਿੱਥੇ ਖੜੀ ਹੈ?

ਕਾਂਗਰਸ ਪਾਰਟੀ ਕੁਝ ਮਹੀਨੇ ਪਹਿਲਾਂ ਇਹ ਸਮਝਦੀ ਸੀ ਕਿ ਸਰਕਾਰ ਦੂਜੀ ਵਾਰ ਥਾਲੀ ਵਿਚ ਪਰੋਸ ਕੇ ਪੰਜਾਬੀ ਦੇਣਗੇ। ਅਜੇ ਵੀ ਹਾਕਮ ਧਿਰ ਮਜ਼ਬੂਤ ਹੈ ਪਰ ਇਹ ਨਿਰਭਰ ਕਰੇਗਾ ਕਿ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਆਪਸੀ ਤਾਲਮੇਲ ਕਿਵੇਂ ਬੈਠਦਾ ਹੈ। ਕੈਪਟਨ ਵਲੋਂ ਪੰਜਾਬੀਆਂ ਨਾਲ ਪਿਛਲੀ ਚੋਣ ਵੇਲੇ ਕੀਤੇ ਵਾਅਦਿਆਂ ਦੇ ਸਵਾਲ ਵੀ ਪੁੱਛੇ ਜਾਣਗੇ।ਕੈਪਟਨ ਅਮਰਿੰਦਰ ਸਿੰਘ ਦੀ ਚੋਣ ਵਿੱਚ ਅਹਿਮ ਭੂਮਿਕਾ ਨੂੰ ਪਾਰਟੀ ਹਾਈਕਮਾਂਡ ਵੀ ਚੰਗੀ ਤਰ੍ਹਾਂ ਸਮਝਦੀ ਹੈ। ਪਾਰਟੀ ਹਾਈਕਮਾਂਡ ਦੋਹਾਂ ਆਗੂਆਂ ਵਿਚਕਾਰ ਬੇਹਤਰ ਤਾਲਮੇਲ ਲਈ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੂੰ ਵੀ ਅਗਲੇ ਦਿਨਾਂ ਵਿੱਚ ਚੰਡੀਗੜ੍ਹ ਭੇਜ ਰਹੀ ਹੈ। ਇਸ ਗੱਲ ਦੀ ਵੀ ਚਰਚਾ ਹੈ।ਇਸ ਮਾਮਲੇ ਦੀ ਬਹੁਤ ਅਹਿਮੀਅਤ ਹੈ ਕਿ ਕਾਂਗਰਸ ਅਗਲੇ ਦਿਨਾਂ ਵਿਚ ਕਿਸ ਤਰ੍ਹਾਂ ਦਾ ਕਿਵੇਂ ਪ੍ਰਗਟਾਵਾ ਕਰਦੀ ਹੈ। ਪੰਜਾਬ ਦੀ ਰਾਜਸੀ ਸਥਿਤੀ ਦੀ ਗੱਲ ਮੁਕੰਮਲ ਨਹੀਂ ਹੋ ਸਕਦੀ ਜੇਕਰ ਕਿਸਾਨੀ ਅੰਦੋਲਨ ਦਾ ਜ਼ਿਕਰ ਨਾ ਕੀਤਾ ਜਾਵੇ। ਬੇਸ਼ਕ ਕਿਸਾਨ ਜੰਥੇਬੰਦੀਆਂ ਨੇ ਸਪਸ਼ਟ ਆਖ ਦਿੱਤਾ ਹੈ ਕਿ ਉਹ ਚੋਣਾਂ ਵਿਚ ਹਿੱਸਾ ਨਹੀਂ ਲੈਣਗੇ ਪਰ ਕਿਸਾਨੀ ਅੰਦੋਲਨ ਲਾਜ਼ਮੀ ਤੌਰ ‘ਤੇ ਪੰਜਾਬ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰੇਗਾ।

ਕਿਸਾਨ ਆਗੂਆਂ ਵਲੋਂ ਭਾਜਪਾ ਦਾ ਤਾਂ ਐਲਾਨੀਆ ਵਿਰੋਧ ਕੀਤਾ ਜਾ ਰਿਹਾ ਹੈ ਪਰ ਕਿਸੇ ਇਕ ਧਿਰ ਦੀ ਹਮਾਇਤ ਕਰਨ ਦਾ ਕੋਈ ਫੈਸਲਾ ਨਹੀਂ। ਪੰਜਾਬ ਦੀਆਂ ਰਾਜਸੀ ਧਿਰਾਂ ਨੂੰ ਵੀ ਚਿੰਤਾ ਹੈ ਕਿ ਕਿਸਾਨ ਅੰਦੋਲਨ ਦਾ ਪਤਾ ਨਹੀਂ ਉਨ੍ਹਾਂ ਦੀਆਂ ਰਾਜਸੀ ਗਤੀਵਿਧੀਆਂ ‘ਤੇ ਕੀ ਅਸਰ ਪਾਏਗਾ ?

ਸੰਪਰਕ: 9814002186

Share This Article
Leave a Comment