Home / ਓਪੀਨੀਅਨ / ਪੰਜਾਬ ਦੇ ਬੁਲੰਦ ਹੌਸਲੇ – ਚਲੋ ਦਿੱਲੀ ਨੂੰ ਚਲੀਏ …

ਪੰਜਾਬ ਦੇ ਬੁਲੰਦ ਹੌਸਲੇ – ਚਲੋ ਦਿੱਲੀ ਨੂੰ ਚਲੀਏ …

-ਜਗਤਾਰ ਸਿੰਘ ਸਿੱਧੂ (ਐਡੀਟਰ);

ਪੰਜਾਬ ਦੇ ਹੌਸਲੇ ਬੁਲੰਦ ਹਨ। ਮੀਲਾਂ ਤੱਕ ਨਜ਼ਰ ਮਾਰੋ ਤਾਂ ਝੋਨੇ ਦੀ ਫਸਲ ਨੇ ਖੇਤਾਂ ਵਿਚੋਂ ਸਿਰ ਉਚਾ ਚੁੱਕਣਾ ਸ਼ੁਰੂ ਕਰ ਦਿਤਾ ਹੈ। ਹੋਰ ਕੁਝ ਦਿਨਾਂ ਤੱਕ ਪੰਜਾਬ ਦੇ ਖੇਤਾਂ ਵਿਚ ਲੰਮੀ ਹਰੀ ਚਾਦਰ ਵਿਛੀ ਨਜ਼ਰ ਆਏਗੀ। ਜੇਕਰ ਪਿੰਡਾਂ ਦੀ ਗੱਲ ਕਰੀਏ ਤਾਂ ਜਦੋਂ ਬਿਜਲੀ ਮਹਿਕਮਾ ਮਿਥੇ ਪ੍ਰੋਗਰਾਮ ਅਨੁਸਾਰ ਕਿਸੇ ਲਾਈਨ ਲਈ ਬਿਜਲੀ ਸਪਲਾਈ ਕਰਦਾ ਹੈ ਤਾਂ ਖੇਤਾਂ ਵਿਚ ਲੱਗੀਆਂ ਮੋਟਰਾਂ ਵਿਚ ਜ਼ਿੰਦਗੀ ਧੜਕਦੀ ਹੈ।

ਟਿਊਬਵੈਲਾਂ ਵਿਚੋਂ ਇਕੋ ਸਮੇਂ ਪਾਣੀ ਦੀਆਂ ਧਾਰਾਂ ਇੰਝ ਨਿਕਲਦੀਆਂ ਹਨ ਜਿਵੇਂ ਰੈਫਰੀ ਦੀ ਸੀਟੀ ਵੱਜਣ ਨਾਲ ਲਾਈਨ ‘ਤੇ ਖੜ੍ਹੇਂ ਦੌੜਾਕ ਇੱਕੋ ਵੇਲੇ ਦੌੜ ਪੈਂਦੇ ਹਨ। ਕਾਫੀ ਦਿਨਾਂ ਤੋਂ ਘੋੜ ਦੌੜ ਲੱਗੀ ਹੋਈ ਹੈ। ਕਿਸਾਨ ਬਿਜਲੀ ਦੇ ਕੱਟ ਅਤੇ ਸੰਕਟ ਦਾ ਵੀ ਸਾਹਮਣਾ ਕਰ ਰਿਹਾ ਹੈ। ਕਈ ਥਾਂ ਬਾਰਸ਼ ਵੀ ਹੋ ਗਈ ਹੈ। ਮੌਸਮ 42-43 ਡਿਗਰੀ ‘ਤੇ ਘੁੰਮ ਰਿਹਾ ਹੁੰਦਾ ਹੈ।ਕਿਸਾਨਾ ਵਿਚੋਂ ਕਈਆਂ ਦੇ ਟਰੈਕਟਰ ਟਰਾਲੀਆਂ ਅੱਜ ਵੀ ਦਿੱਲੀ ਦੇ ਬਾਰਡਰਾਂ ‘ਤੇ ਖੜ੍ਹੇ ਹਨ। ਪਿੰਡਾਂ ਵਿਚੋਂ ਜਥੇ ਅਜੇ ਵੀ ਦਿੱਲੀ ਵੱਲ ਜਾ ਰਹੇ ਹਨ। ਕਿਸਾਨ ਅੰਦੋਲਨ ਦੇ ਚਲਦਿਆਂ ਅਤੇ ਸਰਕਾਰਾਂ ਦੀ ਮਾਰ ਸਹਿੰਦਿਆਂ ਕਿਸਾਨ ਆਪਣੀ ਧੁਨ ਵਿਚ ਲੱਗਾ ਹੋਇਆ ਹੈ। ਕਿਸਾਨ ਅੰਦੋਲਨ ਕਰਕੇ ਝੋਨੇ ਦੀ ਲੁਆਈ ਨਹੀਂ ਰੁਕੀ ਅਤੇ ਖੇਤਾਂ ਵਿਚ ਬਿਛੀ ਹਰਿਆਲੀ ਚਾਦਰ ਇਸ ਦੀ ਮੂੰਹ ਬੋਲਦੀ ਤਸਵੀਰ ਹੈ। ਝੋਨੇ ਦੀ ਲੁਆਈ ਕਰਕੇ ਪੰਜਾਬ ਦੇ ਟੋਲ ਪਲਾਜ਼ਿਆਂ, ਚੌਕਾਂ ਅਤੇ ਦਿੱਲੀ ਦੇ ਬਾਰਡਰਾਂ ਤੇ ਕਿਸਾਨੀ ਅੰਦੋਲਨ ਦੇ ਨਾਅਰੇ ਫਿੱਕੇ ਨਹੀਂ ਪਏ। ਉਝ ਵੀ ਕਿਸਾਨ ਦਾ ਸੁਭਾਅ ਹੀ ਹੈ ਕਿ ਉਹ ਛੇਤੀ ਨਤੀਜੇ ਦੀ ਆਸ ਵੀ ਨਹੀਂ ਕਰਦਾ। ਫਸਲ ਬੀਜਦਾ ਹੈ ਤਾਂ 4 ਜਾਂ 6 ਮਹੀਨਿਆਂ ਵਿਚ ਆਸ ਹੁੰਦੀ ਹੈ ਕਿ ਪੈਸੇ ਜੇਬ ਵਿਚ ਆਉਣਗੇ।ਇਹ ਮੰਨ ਕੇ ਚੱਲੋ ਕਿ ਕਿਸਾਨ ਅੰਦੋਲਨ ਰੂਪੀ ਫਸਲ ਦਾ ਬੀਜ ਤਾਂ ਉਸ ਨੇ ਬੀਜ ਦਿੱਤਾ ਹੈ ਅਤੇ ਉਸ ਨੂੰ ਪਤਾ ਹੈ ਕਿ ਇਸ ਫਸਲ ਨੂੰ ਸਿੱਟੇ ਲਾਜ਼ਮੀ ਪੈਣਗੇ। ਪਿੰਡਾਂ ਵਿਚ ਕਿਸੇ ਕਿਸਾਨ ਨਾਲ ਗੱਲ ਕਰ ਲਉ ਤਾਂ ਉਹ ਇਹ ਤਾਂ ਆਖੇਗਾ ਕਿ ਮੋਦੀ ਖੇਤੀ ਕਾਨੂੰਨ ਰੱਦ ਕਰਨ ਲਈ ਮੰਨ ਨਹੀਂ ਰਿਹਾ ਪਰ ਉਹ ਨਾਲ ਹੀ ਇਹ ਵੀ ਆਖੇਗਾ ਕਿ ਇਹ ਲੜਾਈ ਲੜੇ ਬਗੈਰ ਕੋਈ ਚਾਂਸ ਹੀ ਨਹੀਂ।

ਐਨਾ ਲੰਮਾ ਅੰਦੋਲਨ ਹੋ ਗਿਆ। 500 ਤੋਂ ਉਪਰ ਕਿਸਾਨ ਅੰਦੋਲਨ ਵਿਚ ਸ਼ਹਾਦਤ ਪਾ ਗਏ। ਹੋਰ ਕਈ ਤਰ੍ਹਾਂ ਦੀਆਂ ਆਏ ਦਿਨ ਮੁਸੀਬਤਾਂ। ਇਸ ਦੇ ਬਾਵਜੂਦ ਪੂਰੇ ਪੰਜਾਬ ਵਿਚ ਇਸ ਗੱਲ ‘ਤੇ ਸਹਿਮਤੀ ਹੈ ਕਿ ਤਿੰਨੇ ਖੇਤੀ ਕਾਨੂੰਨ ਰੱਦ ਕਰਵਾਉਣ ਅਤੇ ਸਰਕਾਰੀ ਧੱਕਿਆਂ ਵਿਰੁੱਧ ਲੜਾਈ ਤਾਂ ਲੜਨੀ ਪੈਣੀ ਹੈ। ਪਤਾ ਨਹੀਂ ਕਦੋਂ ਇਹ ਕਹਾਉਤ ਬਣੀ ਹੋਏਗੀ ਕਿ-ਪਿੰਡਾਂ ਵਿਚ ਰੱਬ ਵਸਦਾ। ਪੰਜਾਬ ਜ਼ਰੂਰ ਇਸ ਕਹਾਉਤ ਨੂੰ ਸੱਚ ਕਰ ਰਿਹਾ ਹੈ ਕਿ-ਮੋਦੀ ਦੇ ਖੇਤੀ ਕਾਨੂੰਨਾਂ ਬਾਰੇ ਅੜੀਅਲ ਵਤੀਰੇ ਅਤੇ ਕਈ ਤਰ੍ਹਾਂ ਦੇ ਭੰਡੀ ਪ੍ਰਚਾਰ ਦੇ ਬਾਵਜੂਦ ਕਿਸਾਨ ਅਡੋਲ ਹੈ। ਭਾਜਪਾ ਦੇ ਵਤੀਰੇ ਕਾਰਨ ਇਸ ਪਾਰਟੀ ਵਿਰੁਧ ਲੋਕਾਂ ਵਿਚ ਨਫਰਤ ਹੈ ਪਰ ਫਿਰਕਾਪ੍ਰਸਤੀ ਵਾਲੀ ਨਫਰਤ ਪੰਜਾਬ ਦੇ ਨੇੜੇ ਦੀ ਵੀ ਨਹੀਂ ਲੰਘਦੀ। ਪਿੰਡਾਂ ਅਤੇ ਕਸਬਿਆਂ ਵਿਚ ਸਵੇਰੇ-ਸ਼ਾਮ ਗੁਰੂਆਂ ਅਤੇ ਸੰਤਾਂ ਦੀ ਬਾਣੀ ਦਾ ਮਾਨਵਤਾ ਲਈ ਸੁਨੇਹਾ ਪੰਜਾਬ ਨੂੰ ਹਰ ਬੁਰੀ ਬਲਾ ਦੇ ਸੇਕ ਤੋਂ ਬਚਾਉਦਾ ਹੈ। ਇਸੇ ਗੱਲ ਦੀ ਭਾਜਪਾ ਨੂੰ ਸਮਝ ਨਹੀਂ ਪੈ ਰਹੀ। ਹੁਣ ਜਦੋਂ ਇਹ ਸੁਨੇਹਾ ਪੰਜਾਬ ਦੀਆਂ ਹੱਦਾਂ ਟੱਪ ਕੇ ਦੂਜੇ ਰਾਜਾਂ ਵਿਚ ਵੀ ਜਾ ਰਿਹਾ ਹੋ ਤਾਂ ਭਾਜਪਾ ਦੀਆਂ ਮੁਸ਼ਕਲਾਂ ਵਿਚ ਹੋਰ ਵਾਧਾ ਹੋ ਗਿਆ ਹੈ। ਇਸ ਤਰ੍ਹਾਂ ਅਡੋਲ ਅਤੇ ਠਰੰਮੇ ਨਾਲ ਲੜੀ ਜਾ ਰਹੀ ਲੜਾਈ ਨੇ ਹੀ ਕਿਸਾਨ ਜਥੇਬੰਦੀਆਂ ਨੂੰ ਇਕੋ ਸੇਧ ਵਿਚ ਤੁਰਨ ਦਾ ਰਾਹ ਵਿਖਾਇਆ ਹੈ।

ਇਸ ਬਾਰੇ ਵੀ ਕੋਈ ਦੋ ਰਾਇ ਨਹੀਂ ਹੈ ਕਿ ਕਿਸਾਨੀ ਅੰਦੋਲਨ ਦਾ ਦਬਕਾ ਹੀ ਹੈ ਕਿ-ਸਾਕਾਰਾਂ ਦੀਆਂ ਬੇਈਮਾਨੀਆਂ ਦੇ ਬਾਵਜੂਦ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਕਿਸਾਨ ਅੰਦੋਲਨ ਨੂੰ ਭਰਵਾਂ ਹੁੰਗਾਰਾ ਮਿਲਿਆ। ਤਿੰਨੇ ਖੇਤੀ ਕਾਨੂੰਨਾਂ ਦੀ ਹਮਾਇਤ ਵਿਚ ਸਰਕਾਰ ਵਲੋਂ ਪੱਚੀ ਕਿਸਾਨ ਜਥੇਬੰਦੀਆਂ ਨੂੰ ਖੜ੍ਹਾ ਕੀਤਾ ਗਿਆ। ਕਦੇ ਕਿਹਾ ਗਿਆ ਕਿ ਕਿਸਾਨ ਅੰਦੋਲਨ ਕਿਸਾਨਾਂ ਦੇ ਹੱਥਾਂ ਵਿਚੋਂ ਨਿਕਲ ਚੁੱਕਾ ਹੈ। ਕਦੇ ਖਾਲਿਸਤਾਨੀ ਅਤੇ ਕਦੇ ਲਾਲ ਝੰਡੇ ਵਾਲਿਆਂ ਨਾਲ ਜੋੜਿਆ ਗਿਆ। ਪ੍ਰਧਾਨ ਮੰਤਰੀ ਵੱਲੋਂ ਕੌਮੀ ਪੱਧਰ ‘ਤੇ ਕੌਮ ਨੂੰ ਸੰਬੋਧਨ ਕਰਦਿਆਂ ਤਿੰਨ ਖੇਤੀ ਕਾਨੂੰਨਾਂ ਦੇ ਫਾਇਦੇ ਗਿਣਾਏ ਗਏ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਅਫਸਰਾਂ ਦੀ ਫੌਜ ਨੇ ਦਿੱਲੀ ਵਿਚ ਡੇਰੇ ਲਾ ਰੱਖੇ ਹਨ, ਤਾਂ ਜੋ ਕਿਸਾਨਾ ਨਾਲ ਸੰਪਰਕ ਰੱਖਿਆ ਜਾ ਸਕੇ। ਸਰਕਾਰੀ ਤੰਤਰ ਨਾਲ ਜੁੜੇ ਇਲੈਕਟ੍ਰੋਨਿਕਸ ਅਤੇ ਪ੍ਰਿੰਟ ਮੀਡੀਆ ਨੇ ਨਵੇਂ ਖੇਤੀ ਕਾਨੂੰਨਾਂ ਦੇ ਹੱਕ ਵਿਚ ਧੂੰਆਂਧਾਰ ਪ੍ਰਚਾਰ ਕੀਤਾ। ਕਦੇ ਕਿਸਾਨ ਰੋਕਣ ਲਈ ਸੜਕਾਂ ਪੁੱਟੀਆਂ, ਕਦੇ ਲੋਹੇ ਦੇ ਕਿਲ ਗੱਡੇ। ਇਸ ਸਭ ਦੇ ਬਾਵਜੂਦ ਕਿਸਾਨਾ ਦੇ ਹੌਸਲੇ ਬੁਲੰਦ ਹਨ। ਉਨ੍ਹਾਂ ਦੇ ਵੱਡੇ ਵਡੇਰਿਆਂ ਨੇ ਆਪਣੀ ਅਗਲੀ ਪੀੜੀ ਨੂੰ ਇਕੋ ਗੱਲ ਸਿਖਾਈ ਹੈ ਕਿ ਨੇਕ ਨੀਯਤ ਨਾਲ ਬੀਜੀ ਫਸਲ ਦੇ ਸਿੱਟੇ ਜ਼ਰੂਰ ਨਿਕਲਣਗੇ। ਹਨੇਰੀਆਂ ਅਤੇ ਗੜੇ ਜੇਕਰ ਕਿਸਾਨ ਦੀ ਫਸਲ ਤਬਾਹ ਕਰ ਸਕਦੇ ਤਾਂ ਹੁਣ ਤੱਕ ਤਾਂ ਕਿਸਾਨ ਦੀ ਨਸਲ ਹੀ ਖਤਮ ਹੋ ਜਾਂਦੀ। ਕਿਸਾਨ ਝੋਨੇ ਦੇ ਖੇਤਾਂ ਦੀ ਲੁਆਈ ਵਿਚੋਂ ਬਾਹਰ ਨਿਕਲ ਕੇ ਫਸਲ ਨੂੰ ਹਸਰਤ ਭਰੀ ਨਜ਼ਰ ਨਾਲ ਵੇਖਦਾ ਹੈ। ਚੱਲੋ ਦਿੱਲੀ ਨੂੰ ਚਲੀਏ ਜਿਤਾਂਗੇ ਜ਼ਰੂਰ !

ਸੰਪਰਕ: 9814002186

Check Also

ਪੰਜਾਬ ਚੋਣਾਂ – ਸਿੱਖਿਆ ਤੇ ਚਰਚਾ, ਕੀ ਕਰਨਾ ਲੋੜੀਏ ? ਉਮੀਦਵਾਰਾਂ ਤੇ ਵੋਟਰਾਂ ਦੋਹਾਂ ਦੇ ਲਈ…

ਡਾ. ਪਿਆਰਾ ਲਾਲ ਗਰਗ   ਸਾਨੂੰ ਸੱਭ ਨੂੰ ਪਤਾ ਹੈ ਕਿ ਸਿੱਖਿਆ ਦੀ ਹਾਲਤ ਮੰਦੀ …

Leave a Reply

Your email address will not be published. Required fields are marked *