‘ਪੰਜਾਬੀਆਂ ਨੂੰ ਪੰਜਾਬੀ ਭਾਸ਼ਾ ਦਾ ਇੱਕ ਵੱਖਰਾ ਪੰਜਾਬੀ ਸਭਿਆਚਾਰ ਸਿਰਜਣਾ ਚਾਹੀਦਾ’

TeamGlobalPunjab
6 Min Read

ਚੰਡੀਗੜ੍ਹ, (ਅਵਤਾਰ ਸਿੰਘ): ਪੰਜਾਬੀ ਵਿਰਸਾ ਟਰੱਸਟ ਫਗਵਾੜਾ ਵਲੋਂ ਉੱਘੇ ਪੱਤਰਕਾਰਾਂ ਨੂੰ ਸਨਮਾਨ ਕਰਨ ਲਈ ਰੱਖਿਆ ਗਿਆ ਸਲਾਨਾ ਸਮਾਗਮ, ਦਿੱਲੀ ਦੇ ਬਾਰਡਰਾਂ ‘ਤੇ ਤਿੰਨ ਕਾਲੇ ਕਾਨੂੰਨ ਦੇ ਵਿਰੁੱਧ ਪਿਛਲੇ ਤਿੰਨ ਮਹੀਨੇ ਤੋਂ ਸੰਘਰਸ਼ ਕਰ ਰਹੇ ਕਿਸਾਨਾਂ-ਮਜ਼ਦੂਰਾਂ ਦੇ ਅੰਦੋਲਨ ਦੌਰਾਨ ਲਗਭਗ 200 ਦੇ ਕਰੀਬ ਸ਼ਹੀਦ ਹੋਏ ਕਿਸਾਨਾਂ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਮੌਜੂਦ ਉੱਘੇ ਲੇਖਕਾਂ, ਪੱਤਰਕਾਰਾਂ, ਸਮਾਜਕ ਕਾਰਕੁੰਨਾਂ ਅਤੇ ਪੰਜਾਬੀ ਪਿਆਰਿਆਂ ਨੇ ਦੋ ਮਿੰਟ ਦਾ ਮੋਨ ਧਾਰਕੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਸਮੇਂ ਸਰਬ ਸੰਮਤੀ ਨਾਲ ਪਾਸ ਕੀਤੇ ਗਏ ਮਤਿਆਂ ਰਾਹੀਂ ਜਿਥੇ ਕਿਸਾਨ-ਮਜ਼ਦੂਰ ਸੰਘਰਸ਼ ਦੀ ਹਮਾਇਤ ਕੀਤੀ ਗਈ, ਉੱਥੇ ਕਿਰਤੀ ਕਾਰਕੁੰਨ ਨੌਦੀਪ ਕੌਰ, ਵਾਤਾਵਰਨ ਕਾਰਕੁੰਨ ਦਿਸ਼ਾਂ ਰਵੀ ਦੀ ਗੈਰ-ਕਾਨੂੰਨੀ ਗ੍ਰਿਫ਼ਤਾਰੀ ਦੀ ਨਿੰਦਿਆਂ ਕਰਦਿਆਂ ਉਹਨਾ ਦੀ ਫੌਰਨ ਰਿਹਾਈ ਦੀ ਮੰਗ ਕੀਤੀ ਗਈ। ਇੱਕ ਹੋਰ ਮਤੇ ਰਾਹੀਂ ਜੰਮੂ ਵਿੱਚ ਪੰਜਾਬੀ ਨੂੰ ਬੋਲੀ ਦੇ ਅਧਿਕਾਰਤ ਪੀਹੜੇ ਤੋਂ ਉਤਾਰਕੇ ਮਾਂ ਦੀ ਥਾਂ ਉਪ-ਬੋਲੀ ਭਾਵ ਇੱਕ ਧੀ ਡੋਗਰੀ ਨੂੰ ਬਿਠਾਉਣ ਦੀ ਨਿੰਦਿਆ ਕਰਦਿਆਂ ਮੰਗ ਕੀਤੀ ਗਈ ਕਿ ਹੋਰ ਭਾਸ਼ਾਵਾਂ ਦੇ ਨਾਲ ਹੀ ਪੰਜਾਬੀ ਨੂੰ ਵੀ ਪਹਿਲੇ ਵਾਂਗਰ ਸ਼ਾਮਲ ਕੀਤਾ ਜਾਵੇ।

ਡਾ: ਲਖਵਿੰਦਰ ਜੌਹਲ ਨੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਪੰਜਾਬੀ ਮਾਂ-ਬੋਲੀ ਨੂੰ ਵਧੇਰੇ ਖਤਰਾ ਹੈ ਅਤੇ ਵਿਡੰਬਨਾ ਇਹ ਹੈ ਕਿ 22 ਰਾਸ਼ਟਰੀ ਭਾਸ਼ਾਵਾਂ ਵਿੱਚ ਅੰਗਰੇਜ਼ੀ ਦਾ ਜ਼ਿਕਰ ਕਿਧਰੇ ਨਹੀਂ ਪਰ ਫਿਰ ਵੀ ਨਾਗਾਲੈਂਡ, ਚੰਡੀਗੜ੍ਹ ਕੇਂਦਰੀ ਸ਼ਾਸ਼ਤ ਪ੍ਰਦੇਸ਼ ਦੀ ਸਰਕਾਰੀ -ਦਰਬਾਰੀ ਭਾਸ਼ਾ ਅੰਗਰੇਜ਼ੀ ਹੈ। ਭਾਸ਼ਾਵਾਂ ਨੂੰ ਖਤਮ ਕਰਨ ਲਈ ਇਹ ਸਾਮਰਾਜੀ ਸਾਜ਼ਿਸ਼ ਹੈ। ਅੱਗੋਂ ਬੋਲਦਿਆਂ ਡਾ: ਜੌਹਲ ਨੇ ਕਿਹਾ ਕਿ ਜੇ ਜੁਬਾਨ ਹੈ ਤਾਂ ਪਹਿਚਾਣ ਹੈ ਕਿ ਸਾਨੂੰ ਸਾਰਿਆਂ ਨੂੰ ਪੰਜਾਬੀ ਭਾਸ਼ਾ ਦਾ ਇੱਕ ਵੱਖਰਾ ਪੰਜਾਬੀ ਸਭਿਆਚਾਰ ਸਿਰਜਣਾ ਚਾਹੀਦਾ ਹੈ।

ਹਾਜ਼ਰ ਪੰਜਾਬੀ ਪਿਆਰਿਆਂ ਨੂੰ ਜੀ ਆਇਆਂ ਕਹਿੰਦਿਆਂ ਪ੍ਰੋ: ਜਸਵੰਤ ਸਿੰਘ ਗੰਡਮ ਪ੍ਰਧਾਨ ਟਰੱਸਟ ਅਤੇ ਸੀਨੀਅਰ ਪੱਤਰਕਾਰ ਨੇ ਕਿਹਾ ਕਿ ਸਾਰੇ ਨਿਆਂ ਪ੍ਰੇਮੀ ਅਤੇ ਹੱਕ-ਸੱਚ ਲਈ ਖੜਨ ਵਾਲੀਆਂ ਧਿਰਾਂ ਨੂੰ ਇਕੱਠੇ ਹੋਕੇ ਮੌਜੂਦਾ ਏਕਾਤੰਤਰ ਅਤੇ ਤਾਨਾਸ਼ਾਹੀ ਸਰਕਾਰ ਦਾ ਮੁਕਾਬਲਾ ਕਰਨਾ ਚਾਹੀਦਾ ਹੈ। ਉਹਨਾ ਕਿਹਾ ਕਿ ਹੁਣ ਵੀ ਜੇ ਚੁੱਪ ਰਹੇ ਤਾਂ ਸਾਡੇ ਲਈ ਬੋਲਣ ਵਾਲਾ ਕੋਈ ਨਹੀਂ ਰਹੇਗਾ। ਸੱਚੀ ਤੇ ਨਿਡਰ ਪੱਤਰਕਾਰੀ ਤੇ ਪਹਿਰਾ ਦੇਣਾ ਚਾਹੀਦਾ ਹੈ। ਜਦੋਂ ਕਿ ਅੱਜ ਕੱਲ ਸੱਚ ਬੋਲਣਾ ਔਖਾ ਹੋ ਰਿਹਾ ਹੈ ਤੇ ਸੱਚ ਬੋਲਣ ਵਾਲਿਆਂ ਨੂੰ ਅਤੇ ਉਹਨਾ ਉਥੇ ਦੇਸ਼ ਧ੍ਰੋਹ ਦੇ ਕੇਸ ਕੀਤੇ ਜਾ ਰਹੇ ਹਨ।

ਪੰਜਾਬੀ ਵਿਰਸਾ ਟਰੱਸਟ (ਰਜਿ:) ਫਗਵਾੜਾ ਵਲੋਂ ਪੰਜਾਬੀ ਦੇ ਪ੍ਰਸਿੱਧ ਕਾਲਮਨਵੀਸ ਡਾ: ਐਸ.ਐਸ.ਛੀਨਾ ਅਤੇ ਡਾ: ਗੁਰਚਰਨ ਸਿੰਘ ਨੂਰਪੁਰ ਨੂੰ ਕੌਮਾਂਤਰੀ ਮਾਂ-ਬੋਲੀ ਦਿਵਸ ਮੌਕੇ, ਮਾਣ ਮੱਤਾ ਪੱਤਰਕਾਰ ਪੁਰਸਕਾਰ-2020 ਦੇ ਕੇ ਨਿਵਾਜਿਆ ਗਿਆ। ਇਸ ਸਮੇਂ ਬੋਲਦਿਆਂ ਸਭਾ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਪਲਾਹੀ ਨੇ ਕਿਹਾ ਕਿ ਮਾਣ ਮੱਤਾ ਪੱਤਰਕਾਰ ਪੁਰਸਕਾਰ ਪੰਜਾਬੀ ਵਿਰਸਾ ਟਰੱਸਟ ਵਲੋਂ ਹਰ ਸਾਲ ਪੱਤਰਕਾਰੀ ਖੇਤਰ ਦਾ ਬਿਹਤਰੀਨ ਸੇਵਾਵਾਂ ਨਿਭਾਉਣ ਵਾਲੇ ਪੱਤਰਕਾਰਾਂ ਨੂੰ ਪ੍ਰਦਾਨ ਕੀਤਾ ਜਾਂਦਾ ਹੈ।

- Advertisement -

ਦੋਵਾਂ ਪੱਤਰਕਾਰਾਂ ਨੂੰ ਸਨਮਾਨ ਚਿੰਨ, ਮਾਣ ਪੱਤਰ, ਦੁਸ਼ਾਲਾ ਅਤੇ ਨਕਦ ਰਾਸ਼ੀ ਪੰਜਾਬੀ ਵਿਰਸਾ ਟਰੱਸਟ ਵਲੋਂ ਦਿੱਤੀ ਗਈ। ਸਤਿਕਾਰਤ ਪੱਤਰਕਾਰ ਡਾ:ਐਸ.ਐਸ. ਛੀਨਾ ਨੇ ਕਿਹਾ ਕਿ ਦੁਆਬਾ ਪੰਜਾਬ ਦਾ ਦਿਲ ਹੈ ਅਤੇ ਪੂਰੇ ਭਾਰਤ ਦਾ ਕੇਂਦਰ ਹੈ। ਸਤਿਕਾਰਤ ਪੱਤਰਕਾਰ ਡਾ: ਨੂਰਪੁਰ ਨੇ ਕਿਹਾ ਕਿ ਲੇਖਕ ਨੂੰ ਸਾਰੋਕਾਰਾਂ ਨਾਲ ਜੁੜੇ ਹੋਣਾ ਚਾਹੀਦਾ ਹੈ। ਲੇਖਕ ਮਾਨ-ਸਨਮਾਨ ਲਈ ਨਹੀਂ ਸਗੋਂ ਸਮਾਜ ਪ੍ਰਤੀ ਫ਼ਰਜ਼ ਲਈ ਲਿਖਦਾ ਹੈ।

ਡਾ: ਗੁਰਚਰਨ ਸਿੰਘ ਨੂਰਪੁਰ ਦਾ ਮਾਣ ਪੱਤਰ ਪ੍ਰਸਿੱਧ ਲੇਖਕ ਭਜਨ ਸਿੰਘ ਵਿਰਕ ਨੇ ਅਤੇ ਡਾ: ਐਸ.ਐਸ.ਛੀਨਾ ਦਾ ਮਾਣ ਪੱਤਰ ਪ੍ਰਸਿੱਧ ਗ਼ਜ਼ਲਗੋ ਬਲਦੇਵ ਰਾਜ ਕੋਮਲ ਨੇ ਪੜ੍ਹਿਆ। ਡਾ: ਲਖਵਿੰਦਰ ਸਿੰਘ ਜੌਹਲ ਨੂੰ ਪੰਜਾਬੀ ਵਿਰਸਾ ਟਰੱਸਟ ਵਲੋਂ ਸਨਮਾਨਿਤ ਕੀਤਾ ਗਿਆ ਅਤੇ ਉਹਨਾ ਨੇ ਇਸ ਸਮੇਂ ਪੰਜਾਬੀ ਬੋਲੀ ਨਾਲ ਸਬੰਧਤ ਇੱਕ ਕਵਿਤਾ ਵੀ ਪੜ੍ਹ ਕੇ ਸੁਣਾਈ ਜਿਸਨੂੰ ਸਰੋਤਿਆਂ ਨੇ ਬਹੁਤ ਸਰਾਹਿਆ। ਸਮਾਗਮ ਵਿੱਚ ਹੋਰਨਾਂ ਤੋਂ ਬਿਨ੍ਹਾਂ ਡਾ: ਜਗੀਰ ਸਿੰਘ ਨੂਰ, ਐਡਵੋਕੇਟ ਸੰਤੋਖ ਲਾਲ ਵਿਰਦੀ ਨੇ ਆਪਣੇ ਵਿਚਾਰ ਪੇਸ਼ ਕੀਤੇ।

ਸਮਾਗਮ ਵਿੱਚ ਤਿੰਨ ਪੁਸਤਕਾਂ ਵਲਾਇਤੋਂ ਨਿਕ ਸੁਕ (ਪ੍ਰੋ: ਰਣਜੀਤ ਧੀਰ), ਦਿਲ ਦਾ ਦੇਵਤਾ (ਇੰਜ: ਰਣਧੀਰ ਸੁੰਮਨ), ਹਸਪਤਾਲ ਦੀ ਡਾਇਰੀ (ਚਰਨਜੀਤ ਸਿੰਘ ਪੰਨੂ) ਨੂੰ ਲੋਕ ਅਰਪਨ ਕੀਤਾ ਗਿਆ। ਹੋਰਨਾਂ ਤੋਂ ਬਿਨ੍ਹਾਂ ਇਸ ਸਮਾਗਮ ਵਿੱਚ ਐਡਵੋਕੇਟ ਵਿਜੈ ਸ਼ਰਮਾ, ਮਨੋਜ ਫਗਵਾੜਵੀ, ਐਡਵੋਕੇਟ ਐਸ.ਐਲ. ਵਿਰਦੀ, ਸੁਖਵਿੰਦਰ ਸਿੰਘ, ਰਵਿੰਦਰ ਚੋਟ, ਪਰਵਿੰਦਰਜੀਤ ਸਿੰਘ, ਗੁਰਪਾਲ ਸਿੰਘ ਸਰਪੰਚ, ਅਸ਼ੋਕ ਮਹਿਰਾ, ਲਸ਼ਕਰ ਢੰਡਵਾੜਵੀ, ਬਲਦੇਵ ਰਾਜ ਕੋਮਲ, ਸੀਤਲ ਰਾਮ ਬੰਗਾ, ਰਘਬੀਰ ਸਿੰਘ ਮਨਾਂਵਾਲੀ, ਪ੍ਰਭਾਤ ਕੁਮਾਰ, ਕਾਮਰੇਡ ਜੈਪਾਲ ਸਿੰਘ, ਕਵਿਤਰੀ ਜਸਵਿੰਦਰ ਫਗਵਾੜਾ, ਢਾਡੀ ਸਵਰਨ ਸਿੰਘ ਮਹੇੜੂ, ਭਜਨ ਸਿੰਘ ਵਿਰਕ,ਡਾ: ਇੰਦਰਜੀਤ ਸਿੰਘ ਬਾਸੂ, ਪੰਜਾਬੀ ਗਾਇਕ ਮਨਮੀਤ ਮੇਵੀ, ਉਂਕਾਰ ਜਗਦੇਵ, ਜਗਜੀਤ ਸੇਠ, ਕਾਰੋਬਾਰੀ ਅਸ਼ਵਨੀ ਕੋਹਲੀ, ਪ੍ਰਿਤ ਪਾਲ ਕੌਰ ਤੁਲੀ, ਗੁਰਦੀਪ ਸਿੰਘ ਤੁਲੀ, ਵੇਟਲਿਫਟਰ ਗੋਬਿੰਦ ਸਿੰਘ, ਸ਼ਿਵ ਕੁਮਾਰ, ਸੁਖਵਿੰਦਰ ਸਿੰਘ ਪਲਾਹੀ, ਜੱਸੀ ਸੱਲ, ਭਜਨ ਵਿਰਕ, ਅਸ਼ੋਕ ਸ਼ਰਮਾ, ਬਲਬੀਰ ਕੁਮਾਰ, ਟੀ.ਡੀ. ਚਾਵਲਾ, ਨੀਤੂ ਗੁਡਿੰਗ, ਸੁਖਜੀਤ ਕੌਰ, ਚੇਤਨਾ, ਸਰਬਜੀਤ ਸਿੰਘ ਚਾਨਾ, ਚਰਨਜੀਤ ਸਿੰਘ ਚਾਨਾ, ਬੰਸੋ ਦੇਵੀ, ਤਰਨਜੀਤ ਸਿੰਘ ਕਿੰਨੜਾ, ਡਾ: ਵਿਜੈ ਕੁਮਾਰ, ਮੋਨਿਕਾ ਸਾਕਸ਼ੀ, ਹਰਵਿੰਦਰ ਸਿੰਘ ਆਦਿ ਹਾਜ਼ਰ ਸਨ।

ਅੰਤ ਵਿੱਚ ਐਡਵੋਕੇਟ ਐਸ.ਐਲ. ਵਿਰਦੀ ਨੇ ਸਭ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਮੌਜੂਦਾ ਸਰਕਾਰ ਨੇ ਦੇਸ਼ ਵਿੱਚ ਜਿੰਨੀਆਂ ਵੀ ਸਮਾਜਿਕ ਸੰਸਥਾਵਾਂ ਹਨ। ਉਨ੍ਹਾਂ ਦਾ ਕਚੂੰਬਰ ਕੱਢ ਦਿੱਤਾ ਹੈ। ਉਹਨਾ ਨੇ ਪੰਜਾਬੀ ਬੋਲੀ ਅਤੇ ਸਭਿਆਚਾਰ ਦੀ ਰਾਖੀ ਲਈ ਸਮੂਹ ਪੰਜਾਬੀਆਂ ਨੂੰ ਇੱਕ-ਮੁੱਠ ਹੋਣ ਦਾ ਸੱਦਾ ਦਿੱਤਾ।

Share this Article
Leave a comment