ਕੈਨੇਡਾ ਤੋਂ ਲੈ ਕੇ ਦੁਨੀਆ ਦੇ ਇਸ ਕੋਨੇ ਤੱਕ ਨਸ਼ਾ ਤਸਕਰੀ ਕਰਨ ਵਾਲੇ ਪੰਜਾਬੀਆਂ ਨੂੰ ਹੋਈ ਸਜ਼ਾ

Prabhjot Kaur
3 Min Read

ਲੰਦਨ: ਕੈਨੇਡਾ ਤੋਂ ਯੂ.ਕੇ. ਤੱਕ ਨਸ਼ਾ ਤਸਕਰੀ ਦਾ ਨੈਟਵਰਕ ਚਲਾਉਣ ਵਾਲੇ ਤਿੰਨ ਪੰਜਾਬੀ ਨੌਜਵਾਨਾਂ ਸਣੇ ਚਾਰ ਨੂੰ 17 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਮਾਮਲਾ 8 ਫ਼ਰਵਰੀ 2021 ਨੂੰ ਸਾਹਮਣੇ ਆਇਆ ਜਦੋਂ ਯੂ.ਕੇ. ਦੇ ਬਾਰਡਰ ਅਫਸਰਾਂ ਨੂੰ ਹੀਥਰੋ ਹਵਾਈ ਅੱਡੇ ‘ਤੇ ਪੁੱਜੇ ਪੈਕੇਜ ਵਿਚ 10 ਲੱਖ ਪਾਊਂਡ ਮੁੱਲ ਦੇ ਨਸ਼ੇ ਬਰਾਮਦ ਕੀਤੇ ਅਤੇ ਪੁਲਿਸ ਨੇ ਡੂੰਘਾਈ ਨਾਲ ਪੜਤਾਲ ਕਰਦਿਆਂ ਕੁਰਾਨ ਗਿੱਲ, ਜੰਗ ਸਿੰਘ, ਗੋਵਿੰਦ ਬਾਹੀਆ ਅਤੇ ਗਰੇਗਰੀ ਬਲੈਕਲੋਕ ਨੂੰ ਗ੍ਰਿਫ਼ਤਾਰ ਕਰ ਲਿਆ।

ਕੈਂਟ ਅਤੇ ਅਸੈਕਸ ਦੇ ਸੀਰੀਅਸ ਕ੍ਰਾਈਮ ਡਾਇਰੈਕਟੋਰੇਟ (Kent and Essex Serious Crime Directorate) ਦੇ ਅਫ਼ਸਰ ਪੈਕੇਜ ‘ਤੇ ਲਿਖੇ ਪਤੇ ‘ਤੇ ਪੁੱਜੇ ਜੋ ਡਾਰਟਫੋਰਡ (Dartford) ਦੇ ਕਿਸੇ ਕਾਰੋਬਾਰੀ ਅਦਾਰੇ ਦਾ ਸੀ। ਪੜਤਾਲ ਦੌਰਾਨ ਪਰਤਾਂ ਖੁੱਲ੍ਹਣ ਲੱਗੀਆਂ ਅਤੇ ਇੱਕ ਕ੍ਰਿਮੀਨਲ ਨੈਟਵਰਕ ਦੇ ਕਈ ਮੈਂਬਰਾਂ ਦਾ ਪਰਦਾਫਾਸ਼ ਹੋ ਗਿਆ। ਜਾਂਚਕਰਤਾਵਾਂ ਮੁਤਾਬਕ ਨਸ਼ਾ ਤਸਕਰ ਗਿਰੋਹ ਵੱਲੋਂ ਇੱਕ ਗੈਰਕਾਨੂੰਨੀ ਮੋਬਾਈਲ ਪਲੈਟਫੋਰਮ ਦੀ ਵਰਤੋਂ ਕਰਦਿਆਂ ਕੈਨੇਡਾ ਤੋਂ ਗਾਂਜਾ ਅਤੇ ਹੋਰ ਨਸ਼ੀਲੇ ਪਦਾਰਥ ਮੰਗਵਾਏ ਗਏ। ਵਲਵਿਚ ਕਰਾਉਨ ਕੋਰਟ ਵਿੱਚ ਮੁਕੱਦਮੇ ਦੀ ਸੁਣਵਾਈ ਦੌਰਾਨ ਸਰਕਾਰੀ ਵਕੀਲਾਂ ਨੇ ਦੱਸਿਆ ਗਰੇਵਸੈਂਡ ਰਹਿੰਦੇ 32 ਸਾਲ ਦੇ ਕੁਰਾਨ ਗਿੱਲ ਵੱਲੋਂ ਗਾਂਜਾ ਅਤੇ ਇੱਕ ਕਿੱਲੋ ਕੋਕੀਨ ਦਰਾਮਦ ਕਰਨ ਅਤੇ ਵੇਚਣ ਦੀ ਸਾਜ਼ਿਸ਼ ਘੜੀ ਗਈ ਜਾਂਚਕਰਤਾਵਾਂ ਵੱਲੋਂ 21 ਅਪ੍ਰੈਲ 2021 ਨੂੰ ਕੁਰਾਨ ਗਿੱਲ ਦੀ ਗ੍ਰਿਫ਼ਤਾਰੀ ਮਗਰੋਂ ਉਸ ਦੇ ਘਰੋਂ ਇਕ ਲੱਖ ਪੰਜ ਹਜਾਰ ਪਾਊਂਡ ਨਕਦ ਬਰਾਮਦ ਕੀਤੇ।

ਕੁਰਾਨ ਗਿੱਲ ਨੇ ਅਦਾਲਤ ‘ਚ ‘ਬੀ ਸ਼੍ਰੇਣੀ ਦੀ ਡਰੱਗ ਇਪੋਰਟ ਕਰਨ ਦੀ ਸਾਜ਼ਿਸ਼ ਬਾਰੇ ਗੁਨਾਹ ਕਬੂਲ ਕਰ ਲਿਆ। ਇਸ ਤੋਂ ਇਲਾਵਾ ਉਸ ਨੇ ਕੋਕੀਨ ਦੀ ਸਪਲਾਈ ਅਤੇ ਅਪਰਾਧ ਰਾਹੀਂ ਹਾਸਲ ਪ੍ਰਾਪਰਟੀ ਰੱਖਣ ਦੇ ਦੋਸ਼ ਵੀ ਮੰਨੇ। ਗਿੱਲ ਨੂੰ 7 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦੂਜੇ ਪਾਸੇ ਸਾਊਥ-ਵੈਸਟ ਲੰਦਨ ਦਾ 32 ਸਾਲਾ ਜੰਗ ਸਿੰਘ ਵੀ ਕੈਨੇਡਾ ਤੋਂ ਨਸ਼ੇ ਮੰਗਵਾਉਣ ‘ਚ ਸ਼ਾਮਲ ਸੀ ਜਿਸ ਨੇ ਚੈਟ ਹੈਂਡਲ ‘ਰੀਅਲ ਕਰੋਕੋਡਾਈਲ’ ਰਾਹੀਂ ਕਰਨ ਗਿੱਲ ਨਾਲ ਕਈ ਸੁਨੇਹੇ ਸਾਂਝੇ ਕੀਤੇ। ਇਨ੍ਹਾਂ ਸੁਨੇਹਿਆਂ ਰਾਹੀਂ ਨਸ਼ੀਲੇ ਪਦਾਰਥਾਂ ਨੂੰ ਲੁਕਾਉਣ ਦੇ ਤੌਰ ਤਰੀਕਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਨਸ਼ਿਆਂ ਦੀ ਕੀਮਤ ਦਾ ਜ਼ਿਕਰ ਵੀ ਸਾਹਮਣੇ ਆਇਆ। ਜੰਗ ਸਿੰਘ ਨੇ ‘ਬੀ’ ਸ਼੍ਰੇਣੀ ਦੇ ਨਸ਼ੇ ਦਰਾਮਦ ਕਰਨ ਦਾ ਗੁਨਾਹ ਕਬੂਲ ਕਰ ਲਿਆ ਅਤੇ ਉਸ ਨੂੰ 4 ਸਾਲ 9 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ। ਗਰੇਵਸੈਂਡ ਦੇ 30 ਸਾਲਾਂ ਗੋਵਿੰਦ ਬਾਹੀਆ ਨੇ ਮਾਮਲੇ ‘ਚ ਕੁਰਾਨ ਗਿੱਲ ਦਾ ਸਾਥ ਦਿੱਤਾ ਜਿਸ ਦੇ ਆਧਾਰ `ਤੇ ਉਸ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ। ਮਾਮਲੇ ਦੀ ਜਾਂਚ ਕਰਨ ਵਾਲੇ ਡਿਟੈਕਟਿਵ ਕਾਂਸਟੇਬਲ ਸਟੀਵ ਬ੍ਰਾਊਨ ਨੇ ਦੱਸਿਆ ਕਿ ਐਨਕਰੋਚੈਟ ਮੋਬਾਈਲ ਫੋਨ ਪਲੇਟਫ਼ਾਰਮ ਦਾ ਪਰਦਾ ਫ਼ਾਸ਼ ਹੋਣ ਤੋਂ ਬਾਅਦ ਵੱਡੀ ਗਿਣਤੀ ਵਿਚ ਅਪਰਾਧੀ ਰੰਗੇ ਹੱਥੀਂ ਫੜੇ ਗਏ ਅਤੇ ਉਨ੍ਹਾਂ ਨੂੰ ਨਿਆਂ ਦੇ ਕਟਹਿਰ ‘ਚ ਲਿਆਂਦਾ ਜਾ ਸਕਿਆ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment