ਰੂਸ-ਯੂਕਰੇਨ ਜੰਗ ਦੀ ਭੇਟ ਚੜ੍ਹਿਆ ਪੰਜਾਬੀ ਨੌਜਵਾਨ: ਮਾਪਿਆਂ ਨੇ ਭੇਜਿਆ ਸੀ ਜਰਮਨੀ ਤੇ ਕਿਵੇਂ ਹੋ ਗਿਆ ਰੂਸੀ ਫੌਜ ‘ਚ ਭਰਤੀ?

Global Team
2 Min Read

ਸ੍ਰੀ ਹਰਗੋਬਿੰਦਪੁਰ ਸਾਹਿਬ: ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਬੋਹਜਾ ਦੇ ਰਹਿਣ ਵਾਲੇ ਨੌਜਵਾਨ ਗੁਰਸੇਵਕ ਸਿੰਘ ਦੀ ਰੂਸੀ ਫੌਜ ਵਿੱਚ ਹੋਈ ਮੌਤ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਪਰਿਵਾਰ ਦੀ ਆਰਥਿਕ ਹਾਲਤ ਸੁਧਾਰਨ ਲਈ ਵਿਦੇਸ਼ ਗਏ ਗੁਰਸੇਵਕ ਦੀ ਮ੍ਰਿਤਕ ਦੇਹ ਸ਼ਨੀਵਾਰ ਨੂੰ ਪਿੰਡ ਪਹੁੰਚੀ, ਜਿੱਥੇ ਗਮਗੀਨ ਮਾਹੌਲ ਵਿੱਚ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

ਪਰਿਵਾਰਕ ਮੈਂਬਰਾਂ ਅਨੁਸਾਰ ਗੁਰਸੇਵਕ ਸਿੰਘ ਸਾਲ 2025 ਦੀ ਸ਼ੁਰੂਆਤ ਵਿੱਚ ਵਰਕ ਪਰਮਿਟ ‘ਤੇ ਜਰਮਨੀ ਗਿਆ ਸੀ। ਪਰਿਵਾਰ ਨੇ ਉਸ ਨੂੰ ਵਿਦੇਸ਼ ਭੇਜਣ ਲਈ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਤੋਂ ਕਰਜ਼ਾ ਲਿਆ ਸੀ। ਪਰਿਵਾਰ ਲਈ ਇਹ ਅਜੇ ਵੀ ਇੱਕ ਰਹੱਸ ਹੈ ਕਿ ਉਹ ਜਰਮਨੀ ਤੋਂ ਰੂਸੀ ਫੌਜ ਵਿੱਚ ਕਿਵੇਂ ਸ਼ਾਮਲ ਹੋ ਗਿਆ।

ਗੁਰਸੇਵਕ ਦੇ ਭਰਾ ਗੁਰਬਾਜ਼ ਸਿੰਘ ਨੇ ਦੱਸਿਆ ਕਿ ਉਸ ਨੂੰ ਇਹ ਕਹਿ ਕੇ ਭਰਤੀ ਕੀਤਾ ਗਿਆ ਸੀ ਕਿ ਉਸ ਦੀ ਡਿਊਟੀ ਫੌਜੀ ਕੈਂਪ ਵਿੱਚ ਹੋਵੇਗੀ, ਪਰ ਉਸ ਨੂੰ ਜੰਗ ਦੇ ਮੈਦਾਨ ਵਿੱਚ ਧੱਕ ਦਿੱਤਾ ਗਿਆ। ਸਤੰਬਰ 2025 ਤੋਂ ਬਾਅਦ ਪਰਿਵਾਰ ਦਾ ਗੁਰਸੇਵਕ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ ਸੀ।

ਦੇਹ ਦੀ ਪਛਾਣ ਲਈ ਵੇਚਣਾ ਪਿਆ ਘਰ

ਪਰਿਵਾਰ ਦੀ ਆਰਥਿਕ ਹਾਲਤ ਇੰਨੀ ਮਾੜੀ ਹੈ ਕਿ ਗੁਰਸੇਵਕ ਦੀ ਦੇਹ ਦੀ ਪਛਾਣ ਲਈ ਰੂਸੀ ਸਰਕਾਰ ਵੱਲੋਂ ਮੰਗੇ ਗਏ DNA ਟੈਸਟ ਦੀ ਫੀਸ ਭਰਨ ਲਈ ਉਨ੍ਹਾਂ ਨੂੰ ਆਪਣਾ ਘਰ ਤੱਕ ਵੇਚਣਾ ਪਿਆ। ਕਰੀਬ 25 ਦਿਨ ਪਹਿਲਾਂ ਭਾਰਤ ਸਰਕਾਰ ਨੇ ਪਰਿਵਾਰ ਨੂੰ ਗੁਰਸੇਵਕ ਦੀ ਮੌਤ ਦੀ ਸੂਚਨਾ ਦਿੱਤੀ ਸੀ, ਜਿਸ ਤੋਂ ਬਾਅਦ DNA ਟੈਸਟ ਰਾਹੀਂ ਪਛਾਣ ਹੋਣ ‘ਤੇ ਸ਼ੁੱਕਰਵਾਰ ਨੂੰ ਉਸ ਦੀ ਦੇਹ ਦਿੱਲੀ ਪਹੁੰਚੀ।

ਸਰਕਾਰੀ ਸਹਾਇਤਾ ਦੀ ਮੰਗ

ਰੂਸੀ ਸਰਕਾਰ ਵੱਲੋਂ ਜਾਰੀ ਡੈਥ ਸਰਟੀਫਿਕੇਟ ਦੇ ਨਾਲ ਮ੍ਰਿਤਕ ਨੂੰ ਫੌਜੀ ਸਨਮਾਨਾਂ ਨਾਲ ਵਿਦਾਇਗੀ ਦਿੱਤੀ ਗਈ। ਹੁਣ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਰਿਵਾਰ ਦਾ ਕਰਜ਼ਾ ਮਾਫ਼ ਕਰਕੇ ਆਰਥਿਕ ਸਹਾਇਤਾ ਦਿੱਤੀ ਜਾਵੇ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤਾਂ ਜੋ ਗੁਜ਼ਾਰਾ ਹੋ ਸਕੇ। ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੇ ਗੁਰਸੇਵਕ ਦੀ ਭਾਲ ਲਈ ਸਰਕਾਰਾਂ ਨੂੰ ਕਈ ਪੱਤਰ ਲਿਖੇ ਸਨ, ਪਰ ਸਮੇਂ ਸਿਰ ਕੋਈ ਮਦਦ ਨਹੀਂ ਮਿਲੀ, ਜਿਸ ਕਾਰਨ ਅੱਜ ਪਰਿਵਾਰ ਦਾ ਚਿਰਾਗ ਬੁਝ ਗਿਆ ਹੈ।

Share This Article
Leave a Comment