ਨਿਊਜ਼ ਡੈਸਕ : ਵਿਦੇਸ਼ ਦੀ ਧਰਤੀ ‘ਤੇ ਇਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਜਿਸ ਕਾਰਨ ਇਲਾਕੇ ‘ਚ ਸੋਗ ਦੀ ਲਹਿਰ ਫੈਲ ਗਈ। ਜਾਣਕਾਰੀ ਅਨੁਸਾਰ ਆਸਟ੍ਰੇਲੀਆ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਬਟਾਲਾ ਦੇ ਪਿੰਡ ਵੈਰੋਨੰਗਲ ਦੇ 29 ਸਾਲਾ ਨੌਜਵਾਨ ਸੁਖਜਿੰਦਰ ਸਿੰਘ ਸੰਧੂ ਦੀ ਮੌਤ ਹੋ ਗਈ।
ਉਹ ਸਾਲ 2018 ਵਿੱਚ ਰੁਜ਼ਗਾਰ ਲਈ ਆਸਟ੍ਰੇਲੀਆ ਗਿਆ ਸੀ ਅਤੇ ਉੱਥੇ ਟ੍ਰੇਲਰ ਚਾਲਕ (ਡਰਾਈਵਰ) ਵਜੋਂ ਕੰਮ ਕਰ ਰਿਹਾ ਸੀ। ਹਾਦਸਾ ਸਵੇਰੇ ਮੈਲਬੋਰਨ ਤੋਂ ਸਿਡਨੀ ਜਾਣ ਵਾਲੇ ਹਾਈਵੇਅ ‘ਤੇ ਵਾਪਰਿਆ। ਸੁਖਜਿੰਦਰ ਦਾ ਟ੍ਰੇਲਰ ਸੜਕ ਕਿਨਾਰੇ ਖੜ੍ਹੇ ਇੱਕ ਤੇਲ ਟੈਂਕਰ ਨਾਲ ਟਕਰਾ ਗਿਆ। ਟ੍ਰੇਲਰ ਵਿੱਚ ਜਲਣਸ਼ੀਲ ਸਮੱਗਰੀ ਦੇ ਡਰੱਮ ਭਰੇ ਹੋਣ ਕਾਰਨ ਟੱਕਰ ਤੋਂ ਤੁਰੰਤ ਬਾਅਦ ਇੱਕ ਜ਼ੋਰਦਾਰ ਧਮਾਕਾ ਹੋਇਆ ਅਤੇ ਉਸ ਨੂੰ ਅੱਗ ਲੱਗ ਗਈ।
ਅੱਗ ਦੀ ਲਪੇਟ ਵਿੱਚ ਆਉਣ ਕਾਰਨ ਸੁਖਜਿੰਦਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਹਾਦਸੇ ਦੀ ਸੂਚਨਾ ਸੁਖਜਿੰਦਰ ਸਿੰਘ ਦੇ ਆਸਟ੍ਰੇਲੀਆ ਰਹਿੰਦੇ ਦੋਸਤਾਂ ਨੇ ਉਨ੍ਹਾਂ ਦੇ ਪਰਿਵਾਰ ਨੂੰ ਦਿੱਤੀ। ਇਸ ਦੁਖਦ ਖ਼ਬਰ ਨਾਲ ਪਿੰਡ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।
ਪਰਿਵਾਰਕ ਮੈਂਬਰਾਂ ਅਨੁਸਾਰ ਸੁਖਜਿੰਦਰ ਸਿੰਘ ਦਾ ਵਿਆਹ ਕਰੀਬ ਇੱਕ ਸਾਲ ਪਹਿਲਾਂ ਹੋਇਆ ਸੀ।ਵਿਆਹ ਤੋਂ ਬਾਅਦ ਉਹ ਆਸਟ੍ਰੇਲੀਆ ਚਲਾ ਗਿਆ ਸੀ। ਹਾਦਸੇ ਤੋਂ ਕੁਝ ਦੇਰ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਪਿਤਾ ਨਾਲ ਫ਼ੋਨ ‘ਤੇ ਗੱਲ ਕੀਤੀ ਸੀ। ਜਵਾਨ ਪੁੱਤਰ ਦੀ ਬੇਵਕਤੀ ਮੌਤ ਨਾਲ ਪਰਿਵਾਰ ਡੂੰਘੇ ਸਦਮੇ ਵਿੱਚ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

