ਬਰੈਂਪਟਨ: ਕੈਨੇਡਾ ਦੇ ਬਰੈਂਪਟਨ ਵਿਖੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ‘ਚ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਤਿੰਨ ਹੋਰ ਵਿਅਕਤੀ ਜ਼ਖਮੀ ਹੋ ਗਏ। ਮ੍ਰਿਤਕ ਦੀ ਪਛਾਣ ਗੁਰਲਾਲ ਸਿੰਘ ਸੇਖੋਂ ਵਜੋਂ ਹੋਈ ਹੈ ਜੋ ਕਿ ਤਰਨ ਤਾਰਨ ਜ਼ਿਲ੍ਹੇ ਦੇ ਸ਼ਹਿਰ ਪੱਟੀ ਦਾ ਵਾਸੀ ਸੀ।
ਪੀਲ ਪੁਲਿਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬਰੈਂਪਟਨ ਦੇ ਬਾਰਟਲੇ ਬੁਲ ਪਾਰਕਵੇਅ ਤੇ ਮੇਨ ਸਟਰੀਟ ਖੇਤਰ ‘ਚ ਰਾਤ ਸਾਢੇ 9 ਵਜੇ ਦੋ ਵਾਹਨਾਂ ਦੀ ਆਪਸ ਵਿੱਚ ਟੱਕਰ ਹੋ ਗਈ। ਇਸ ਦੌਰਾਨ ਚਾਰ ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ‘ਚੋਂ ਗੁਰਲਾਲ ਸਿੰਘ ਸੇਖੋਂ ਦੀ ਹਾਲਤ ਗੰਭੀਰ ਸੀ। ਘਟਨਾ ਤੋਂ ਬਾਅਦ ਗੁਰਲਾਲ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਉਸ ਨੇ ਰਾਹ ਵਿੱਚ ਦਮ ਤੋੜ ਦਿੱਤਾ।
ਇਸ ਤੋਂ ਇਲਾਵਾ ਤਿੰਨ ਹੋਰ ਨੌਜਵਾਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ ਲਈ ਜਾਂਚ ਕੀਤੀ ਜਾ ਰਹੀ ਹੈ।