ਵਰਕ ਪਰਮਿਟ ਤੇ ਪੰਜਾਬ ਤੋਂ ਕੈਨੇਡਾ ਗਈ ਨੌਜਵਾਨ ਕੁੜੀ ਦੀ ਭੇਦਭਰੇ ਹਾਲਾਤਾਂ ‘ਚ ਮੌਤ

Global Team
3 Min Read

ਬਰੈਂਪਟਨ: ਕੈਨੇਡਾ ਦੇ ਸੂਬੇ ਬਰੈਂਪਟਨ ਵਿੱਚ ਇੱਕ ਪੰਜਾਬੀ ਨੌਜਵਾਨ ਕੁੜੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਉਸ ਦੀ ਮ੍ਰਿਤਕ ਦੇਹ ਉਸਦੇ ਘਰ ਦੀਆਂ ਪੌੜੀਆਂ ਕੋਲੋਂ ਮਿਲੀ। ਮ੍ਰਿਤਕਾ ਦੀ ਪਛਾਣ 29 ਸਾਲਾ ਪ੍ਰਤਿਭਾ ਗੁਪਤਾ ਵਜੋਂ ਹੋਈ ਹੈ, ਜੋ ਮਲੇਰਕੋਟਲਾ ਦੇ ਅਹਿਮਦਗੜ੍ਹ ਦੀ ਰਹਿਣ ਵਾਲੀ ਸੀ। ਪ੍ਰਤਿਭਾ ਲਗਭਗ ਸਾਢੇ ਤਿੰਨ ਸਾਲ ਪਹਿਲਾਂ ਵਰਕ ਪਰਮਿਟ ‘ਤੇ ਕੈਨੇਡਾ ਗਈ ਸੀ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪੁਲਿਸ ਮੁਤਾਬਕ ਉਸ ਦੇ ਸਰੀਰ ‘ਤੇ ਕਿਸੇ ਵੀ ਤਰ੍ਹਾਂ ਦੀ ਸੱਟ ਜਾਂ ਕੋਈ ਸ਼ੱਕੀ ਨਿਸ਼ਾਨ ਨਹੀਂ ਮਿਲੇ ਹਨ। ਪੀਲ ਰੀਜਨਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਉਸ ਦੇ ਮਕਾਨ ਮਾਲਕ ਨਾਲ ਵੀ ਪੁੱਛਗਿੱਛ ਕੀਤੀ ਗਈ ਹੈ। ਘਟਨਾ ਵਾਲੀ ਥਾਂ ਦੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ, ਹਾਲਾਂਕਿ ਅਜੇ ਤੱਕ ਮੌਤ ਦੇ ਅਸਲ ਕਾਰਨਾਂ ਬਾਰੇ ਕੋਈ ਸਪਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ।

ਪਰਿਵਾਰ ਮੁਤਾਬਕ ਸ਼ਨੀਵਾਰ ਨੂੰ ਉਹਨਾਂ ਦੀ ਆਪਣੀ ਧੀ ਨਾਲ ਲੰਬੀ ਫੋਨ ‘ਤੇ ਗੱਲਬਾਤ ਹੋਈ ਸੀ ਅਤੇ ਉਹ ਆਪਣੇ ਕੰਮ ਅਤੇ ਜ਼ਿੰਦਗੀ ਨੂੰ ਲੈ ਕੇ ਕਾਫੀ ਖੁਸ਼ ਅਤੇ ਉਤਸ਼ਾਹਿਤ ਲੱਗ ਰਹੀ ਸੀ। ਪਰ ਸ਼ਾਮ ਦੇ ਸਮੇਂ ਉਸਦਾ ਫੋਨ ਬੰਦ ਆਉਣ ਲੱਗ ਪਿਆ। ਪਰਿਵਾਰ ਨੇ ਕਈ ਵਾਰ ਕਾਲਾਂ ਕੀਤੀਆਂ, ਪਰ ਕੋਈ ਜਵਾਬ ਨਹੀਂ ਮਿਲਿਆ।

ਫਿਰ ਪਰਿਵਾਰ ਨੇ ਉਸ ਦੀ ਕੰਪਨੀ ਨਾਲ ਸੰਪਰਕ ਕੀਤਾ, ਜਿੱਥੇ ਉਹ ਨਿੱਜੀ ਟ੍ਰਾਂਸਪੋਰਟ ਕੰਪਨੀ ਵਿੱਚ ਕੰਮ ਕਰਦੀ ਸੀ। ਕੰਪਨੀ ਵੱਲੋਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਇਹ ਖਬਰ ਸਾਹਮਣੇ ਆਈ।

ਉਸਦਾ ਪਰਿਵਾਰ ਹੁਣ ਉਸ ਦੀ ਮ੍ਰਿਤਕ ਦੇਹ ਵਾਪਸ ਲਿਆਉਣ ਲਈ ਸਰਕਾਰ ਤੋਂ ਮਦਦ ਮੰਗ ਰਿਹਾ ਹੈ ਅਤੇ ਇਸ ਸਬੰਧੀ ਸੰਸਦ ਮੈਂਬਰ ਅਮਰ ਸਿੰਘ ਨਾਲ ਸੰਪਰਕ ਕੀਤਾ ਗਿਆ ਹੈ।

ਪ੍ਰਤਿਭਾ ਪੜ੍ਹਾਈ ਵਿੱਚ ਬਹੁਤ ਹੋਸ਼ਿਆਰ ਸੀ। ਉਸ ਨੇ ਐਮ.ਐਸ.ਸੀ. ਗਣਿਤ ਵਿੱਚ ਗੋਲਡ ਮੈਡਲ ਹਾਸਲ ਕੀਤਾ ਸੀ ਅਤੇ ਕੈਨੇਡਾ ਜਾਣ ਤੋਂ ਪਹਿਲਾਂ ਪੰਜਾਬ ਵਿੱਚ ਅਧਿਆਪਕਾ ਵਜੋਂ ਕੰਮ ਕਰਦੀ ਸੀ। ਉਹ ਇਸ ਸਮੇਂ ਕੈਨੇਡਾ ਵਿੱਚ ਇੱਕ ਨਿੱਜੀ ਕੰਪਨੀ ਵਿੱਚ ਨੌਕਰੀ ਕਰ ਰਹੀ ਸੀ, ਪਰ ਅਜੇ ਤੱਕ ਉਸਨੂੰ ਪੀਆਰ ਨਹੀਂ ਮਿਲੀ ਸੀ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment