ਐਡਮੰਟਨ: ਕੈਨੇਡਾ ਦੇ ਐਡਮੰਟਨ ਵਿੱਚ ਇੱਕ ਪੰਜਾਬੀ ਨੌਜਵਾਨ ਲੜਕੀ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਪਰਿਵਾਰ ਨੇ ਮ੍ਰਿਤਕ ਦੀ ਪਛਾਣ ਜੈਜ਼ਮਿਨ ਢੇਸੀ ਵਜੋਂ ਕੀਤੀ ਹੈ। ਜਾਣਕਾਰੀ ਮੁਤਾਬਕ ਉਹ ਆਪਣੀ ਇੱਕ ਸਹੇਲੀ ਨੂੰ ਮਿਲਣ ਟਾਊਨਹਾਊਸ ਕੰਪਲੈਕਸ ਗਈ ਸੀ, ਜਿੱਥੇ ਅਗਲੀ ਸਵੇਰ ਗੋਲੀਬਾਰੀ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਪਹੁੰਚੀ।
ਇਹ ਘਟਨਾ 139 ਐਵਨਿਊ ਅਤੇ 32 ਸਟਰੀਟ ਦੇ ਨੇੜੇ ਵਾਪਰੀ। 16 ਅਗਸਤ ਦੀ ਸਵੇਰ ਕਰੀਬ 6:50 ਵਜੇ ਪੁਲਿਸ ਨੂੰ ਗੋਲੀਬਾਰੀ ਦੀ ਜਾਣਕਾਰੀ ਮਿਲੀ। ਮੌਕੇ ’ਤੇ ਪਹੁੰਚੀ ਪੁਲਿਸ ਨੂੰ ਜੈਜ਼ਮਿਨ ਗੰਭੀਰ ਹਾਲਤ ਵਿੱਚ ਮਿਲੀ, ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਐਡਮੰਟਨ ਪੁਲਿਸ ਸਰਵਿਸ ਦੇ ਹੋਮੀਸਾਈਡ ਵਿਭਾਗ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਹੇਲੀ ਨੂੰ ਮਿਲਣ ਗਈ ਸੀ ਜੈਜ਼ਮਿਨ
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜੈਜ਼ਮਿਨ ਉਸ ਘਰ ਵਿੱਚ ਨਹੀਂ ਰਹਿੰਦੀ ਸੀ ਜਿੱਥੇ ਘਟਨਾ ਵਾਪਰੀ। ਮੀਡੀਆ ਰਿਪੋਰਟਾਂ ਮੁਤਾਬਕ ਉਹ ਉੱਥੇ ਆਪਣੀ ਇੱਕ ਸਹੇਲੀ ਨੂੰ ਮਿਲਣ ਗਈ ਸੀ। ਦੱਸਿਆ ਗਿਆ ਹੈ ਕਿ ਸਹੇਲੀ ਦਾ ਪਰਿਵਾਰ ਕਰੀਬ ਦੋ ਮਹੀਨੇ ਪਹਿਲਾਂ ਹੀ ਇਸ ਥਾਂ ’ਤੇ ਰਹਿਣ ਆਇਆ ਸੀ।
ਘਟਨਾ ਸਮੇਂ ਨੇੜੇ ਰਹਿੰਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਦੋ ਤੇਜ਼ ਆਵਾਜ਼ਾਂ ਸੁਣੀਆਂ। ਇਸ ਤੋਂ ਬਾਅਦ ਇੱਕ ਕੁੜੀ ਦੇ ਚੀਕਣ ਅਤੇ ਰੋਣ ਦੀਆਂ ਆਵਾਜ਼ਾਂ ਵੀ ਸੁਣਾਈ ਦੇਣ ਦਾ ਦਾਅਵਾ ਕੀਤਾ ਗਿਆ। ਘਟਨਾ ਤੋਂ ਬਾਅਦ ਵੱਡੀ ਗਿਣਤੀ ਵਿੱਚ ਪੁਲਿਸ ਮੌਕੇ ’ਤੇ ਪਹੁੰਚੀ, ਜਿਸ ਕਾਰਨ ਇਲਾਕੇ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਬਣ ਗਿਆ।
ਘਰ ਬਾਰੇ ਗੁਆਂਢੀਆਂ ਨੇ ਵੀ ਜਤਾਈ ਚਿੰਤਾ
ਕੁਝ ਗੁਆਂਢੀਆਂ ਨੇ ਦਾਅਵਾ ਕੀਤਾ ਕਿ ਇਸ ਘਰ ਵਿੱਚ ਪਹਿਲਾਂ ਵੀ ਲੋਕਾਂ ਦੀ ਆਵਾਜਾਈ ਰਹਿੰਦੀ ਸੀ ਅਤੇ ਪੁਲਿਸ ਉੱਥੇ ਆ ਚੁੱਕੀ ਹੈ। ਕੁਝ ਲੋਕਾਂ ਨੇ ਦੇਰ ਰਾਤ ਹੋਣ ਵਾਲੀਆਂ ਪਾਰਟੀਆਂ ਅਤੇ ਬਾਹਰਲੇ ਲੋਕਾਂ ਦੀ ਆਵਾਜਾਈ ਬਾਰੇ ਵੀ ਸ਼ਿਕਾਇਤਾਂ ਕੀਤੀਆਂ ਹਨ। ਹਾਲਾਂਕਿ ਇਹ ਗੁਆਂਢੀਆਂ ਦੇ ਦਾਅਵੇ ਹਨ ਅਤੇ ਪੁਲਿਸ ਨੇ ਇਨ੍ਹਾਂ ਗੱਲਾਂ ਨੂੰ ਜੈਜ਼ਮਿਨ ਦੀ ਮੌਤ ਨਾਲ ਜੋੜ ਕੇ ਕੋਈ ਪੁਸ਼ਟੀ ਨਹੀਂ ਕੀਤੀ।
20 ਸਾਲ ਪਹਿਲਾਂ ਵੀ ਹੋਇਆ ਸੀ ਕਤਲ
ਸਥਾਨਕ ਲੋਕਾਂ ਨੇ ਇਸ ਟਾਊਨਹਾਊਸ ਕੰਪਲੈਕਸ ਨਾਲ ਜੁੜੀ ਪੁਰਾਣੀ ਘਟਨਾ ਦਾ ਵੀ ਜ਼ਿਕਰ ਕੀਤਾ। ਇੱਕ ਗੁਆਂਢੀ ਮੁਤਾਬਕ ਕਰੀਬ 20 ਸਾਲ ਪਹਿਲਾਂ ਇਸੇ ਕੰਪਲੈਕਸ ਵਿੱਚ ਨਾਦਿਨ ਰੌਬਿਨਸਨ ਨਾਮ ਦੀ ਮਹਿਲਾ ਦੀ ਹੱਤਿਆ ਹੋਈ ਸੀ। ਹਾਲਾਂਕਿ ਉਸ ਮਾਮਲੇ ਵਿੱਚ ਕਿਸੇ ਵਿਅਕਤੀ ’ਤੇ ਦੋਸ਼ ਤੈਅ ਨਹੀਂ ਹੋਏ ਸਨ।
ਪੁਲਿਸ ਮੁਤਾਬਕ ਮ੍ਰਿਤਕ ਦੀ ਪੋਸਟਮਾਰਟਮ ਰਿਪੋਰਟ ਤੋਂ ਮੌਤ ਦੀਆਂ ਸਹੀ ਹਾਲਾਤਾਂ ਬਾਰੇ ਹੋਰ ਜਾਣਕਾਰੀ ਮਿਲੇਗੀ। ਫਿਲਹਾਲ ਪੁਲਿਸ ਮਾਮਲੇ ਨੂੰ ਸ਼ੱਕੀ ਮੌਤ ਵਜੋਂ ਦੇਖ ਰਹੀ ਹੈ। ਅਜੇ ਤੱਕ ਕਿਸੇ ਸ਼ੱਕੀ ਦੀ ਪਛਾਣ ਜਾਂ ਗ੍ਰਿਫ਼ਤਾਰੀ ਨਹੀਂ ਹੋਈ। ਪੁਲਿਸ ਨੇ ਘਟਨਾ ਬਾਰੇ ਜਾਣਕਾਰੀ ਰੱਖਣ ਵਾਲੇ ਲੋਕਾਂ ਨੂੰ ਜਾਂਚ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।

