‘ਪੰਜਾਬੀ ਯੂਨੀਵਰਸਿਟੀ’ ਨੇ ਵਧਾਇਆ ਪੰਜਾਬ ਦਾ ਮਾਣ, ‘ਨਿਰਫ’ ਰੈਂਕਿੰਗ ‘ਚ ਪ੍ਰਾਪਤ ਕੀਤਾ 64ਵਾਂ ਸਥਾਨ

TeamGlobalPunjab
2 Min Read

ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਵਾਈਸ ਚਾਂਸਲਰ ਡਾ. ਬੀ.ਐੱਸ. ਘੁੰਮਣ ਦੀ ਅਗਵਾਈ ‘ਚ ਅਕਾਦਮਿਕ ਖੇਤਰ ‘ਚ ਵੱਡੀ ਇਤਿਹਾਸਕ ਕਾਮਯਾਬੀ ਹਾਸਲ ਕਰਦਿਆਂ ਭਾਰਤ ਸਰਕਾਰ ਦੇ ਮਨੁੱਖੀ ਸਰੋਤ ਮੰਤਰਾਲੇ ਦੀ ‘ਨਿਰਫ’ ਰੈਂਕਿੰਗ (ਨੈਸ਼ਨਲ ਇੰਸਟੀਚਿਊਟ ਰੈਂਕਿੰਗ ਫਰੇਮਵਰਕ) ‘ਚ 64ਵਾਂ ਸਥਾਨ ਹਾਸਲ ਕੀਤਾ ਹੈ। ਯੂਨੀਅਨ ਕੈਬਨਿਟ ਮੰਤਰੀ ਰਾਮੇਸ਼ ਪੋਖਰਿਆਲ ਨਿਸ਼ਾਕ ਵੱਲੋਂ ਜਾਰੀ ਰਾਸ਼ਟਰ ਪੱਧਰ ਦੀਆਂ ਯੂਨੀਵਰਸਿਟੀਆਂ ਦੀ ਅਕਾਦਮਿਕ ਦਰਜਾਬੰਦੀ ਨਿਰਫ-2020 ‘ਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ‘ਚੋਂ 64ਵਾਂ ਸਥਾਨ ਹਾਸਲ ਕੀਤਾ ਹੈ। ਦੱਸ ਦਈਏ ਕਿ ਪੰਜਾਬੀ ਯੂਨੀਵਰਸਿਟੀ ਪਿਛਲੇ ਸਾਲ ‘ਨਿਰਫ’ ਰੈਂਕਿੰਗ ‘ਚ 150 ਤੋਂ 200 ਵਾਲੀ ਸੂਚੀ ‘ਚ ਸ਼ਾਮਲ ਸੀ। ਡਾ. ਘੁੰਮਣ ਨੇ ਕਿਹਾ ਕਿ ਯੂਨੀਵਰਸਿਟੀ ਵੱਲੋਂ ‘ਨਿਰਫ’ ਰੈਂਕਿੰਗ ‘ਚ ਇਹ ਸਥਾਨ ਹਾਸਲ ਕਰਨਾ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਲਈ ਮਾਣ ਵਾਲੀ ਗੱਲ ਹੈ।

ਡਾ. ਘੁੰਮਣ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਦਾ ਮੂਲ ਮੰਤਵ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਪ੍ਰਸਾਰ ਅਤੇ ਪ੍ਰਸਾਰ ਲਈ ਉਚਿਤ ਕਾਰਜ ਕਰਨਾ ਹੈ। ਯੂਨੀਵਰਸਿਟੀ ਨੇ ਆਪਣੀਆਂ ਪ੍ਰਾਪਤੀਆਂ ਅਤੇ ਕਾਰਜਾਂ ਕਰਕੇ ਪੂਰੇ ਸੰਸਾਰ ਭਰ ‘ਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਵਾਈਸ ਚਾਂਸਲਰ ਡਾ. ਘੁੰਮਣ ਨੇ ਕਿਹਾ ਕਿ ਇਸ ਸਭ ਦਾ ਸਿਹਰਾ ਯੂਨੀਵਰਸਿਟੀ ਦੇ ਸਮੂਹ ਸਟਾਫ, ਵਿਦਿਆਰਥੀਆਂ, ਖੋਜਾਰਥੀਆਂ, ਅਧਿਕਾਰੀਆਂ, ਗੈਰ-ਅਧਿਆਪਨ ਵਰਗ ਅਤੇ ਗਵਰਨਿੰਗ ਢਾਂਚੇ ਨੂੰ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਰੈਂਕਿੰਗ ਨਾਲ ਯੂਨੀਵਰਸਿਟੀ ਹੋਰ ਅਜਿਹੀ ਅਕਾਦਮਿਕ ਫੰਡਿੰੰਗ ਲਈ ਵੀ ਯੋਗ ਹੋ ਜਾਵੇਗੀ, ਜੋ ਸਰਵੋਤਮ 100 ਯੂਨੀਵਰਸਿਟੀਆਂ ਨੂੰ ਹਾਸਲ ਹੁੰਦੀ ਹੈ। ਇਸ ਦੇ ਨਾਲ ਹੀ ਡਾ. ਘੁੰਮਣ ਨੇ ਖੋਜ ਕਾਰਜਾਂ ਲਈ ਪੰਜਾਬੀ ਯੂਨੀਵਰਸਿਟੀ ਨੂੰ ਮੁਹੱਈਆ ਕਰਵਾਈ ਜਾਂਦੀ ਫੰਡਿੰਗ ਲਈ ਭਾਰਤ ਸਰਕਾਰ ਅਤੇ ਸੂਬਾ ਸਰਕਾਰ ਦਾ ਵੀ ਧੰਨਵਾਦ ਕੀਤਾ।

ਪੰਜਾਬੀ ਯੂਨੀਵਰਸਿਟੀ, ਪਟਿਆਲਾ, ਉੱਤਰੀ ਭਾਰਤ ਦੀਆਂ ਉੱਚ-ਸਿੱਖਿਆ ਸੰਸਥਾਵਾਂ ਵਿੱਚੋਂ ਪ੍ਰਮੁੱਖ ਹੈ। ਇਸ ਦੀ ਸਥਾਪਨਾ 30 ਅਪਰੈਲ, 1962 ਈ ਨੂੰ ਪੰਜਾਬੀ ਯੂਨੀਵਰਸਿਟੀ ਐਕਟ, 1961 ਅਧੀਨ ਕੀਤੀ ਗਈ। ਕਿਸੇ ਖਿੱਤੇ ਦੀ ਜ਼ੁਬਾਨ ਦੇ ਨਾਮ ਉੱਤੇ ਸਥਾਪਿਤ ਕੀਤੀ ਜਾਣ ਵਾਲੀ ਇਹ ਭਾਰਤ ਦੀ ਪਹਿਲੀ ਅਤੇ ਇਜ਼ਰਾਈਲ ਦੀ ਹੀਬਰਿਊ ਯੂਨੀਵਰਸਿਟੀ ਤੋਂ ਬਾਅਦ ਦੁਨੀਆਂ ਦੀ ਦੂਜੀ ਯੂਨੀਵਰਸਿਟੀ ਹੈ। ਯੂਨੀਵਰਸਿਟੀ ਕੈਂਪਸ ਵਿੱਚ ਇਸ ਸਮੇਂ ਵੱਖੋ-ਵੱਖ ਫੈਕਲਟੀਆਂ ਦੇ ਤਹਿਤ ਉਚੇਰੀ ਸਿੱਖਆ ਪ੍ਰਦਾਨ ਕਰਨ ਹਿਤ 65 ਅਧਿਆਪਨ ਅਤੇ ਖੋਜ ਵਿਭਾਗ ਹਨ। ਯੂਨੀਵਰਸਿਟੀ ਨਾਲ ਪੰਜ ਰੀਜਨਲ ਸੈਂਟਰ, ਛੇ ਨੇਬਰਹੁਡ ਕੈਂਪਸ ਸਮੇਤ 230 ਕਾਲਜ ਸੰਪੂਰਨ ਰੂਪ ਵਿੱਚ ਗਤੀਸ਼ੀਲ ਹਨ।

Share this Article
Leave a comment