ਪੰਜਾਬੀ ਟਰੱਕ ਡਰਾਈਵਰ ਅਮੀਰੀਕੀ ਜੇਲ੍ਹ ‘ਚ ਦਹਾਕਿਆਂ ਤੱਕ ਕੱਟੇਗਾ ਜ਼ਿੰਦਗੀ, 5400 ਡਾਲਰ ਪਿੱਛੇ ਜ਼ਿੰਦਗੀ ਕੀਤੀ ਖਰਾਬ

Global Team
3 Min Read

ਨਿਊਜ਼ ਡੈਸਕ: ਅਮਰੀਕਾ ਵਿੱਚ ਇੱਕ ਪੰਜਾਬੀ ਟਰੱਕ ਡਰਾਈਵਰ ਨੂੰ ਵੱਡੇ ਕੋਕੀਨ ਤਸਕਰੀ ਮਾਮਲੇ ਵਿੱਚ 75 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ 30 ਸਾਲਾ ਜੋਬਨਪ੍ਰੀਤ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ ਇਹ ਫੈਸਲਾ ਸੁਣਾਇਆ। ਉਸ ਨੂੰ ਪਹਿਲਾਂ ਜੇਲ੍ਹ ਵਿੱਚ ਕੱਟੇ 407 ਦਿਨਾਂ ਦਾ ਕਰੈਡਿਟ ਵੀ ਦਿੱਤਾ ਗਿਆ ਹੈ। ਸਖ਼ਤ ਕਾਨੂੰਨਾਂ ਅਨੁਸਾਰ ਉਸ ਨੂੰ ਆਪਣੀ ਸਜ਼ਾ ਦਾ ਘੱਟੋ-ਘੱਟ 75 ਫੀਸਦੀ ਹਿੱਸਾ ਜੇਲ੍ਹ ਵਿੱਚ ਹੀ ਬਿਤਾਉਣਾ ਹੋਵੇਗਾ, ਜਿਸ ਦਾ ਮਤਲਬ ਹੈ ਕਿ ਉਹ ਲਗਭਗ 55 ਸਾਲਾਂ ਤੋਂ ਪਹਿਲਾਂ ਰਿਹਾਈ ਲਈ ਯੋਗ ਨਹੀਂ ਹੋਵੇਗਾ।

ਟਰੱਕ ਦੇ ਟ੍ਰੇਲਰ ਵਿੱਚੋਂ 106 ਕਿੱਲੋ ਕੋਕੀਨ ਬਰਾਮਦ

ਇਹ ਮਾਮਲਾ ਅਪ੍ਰੈਲ 2025 ਦਾ ਹੈ, ਜਦੋਂ ਇਲਿਨੋਇਸ ਸਟੇਟ ਪੁਲਿਸ ਨੇ ਇੰਟਰਸਟੇਟ-74 ’ਤੇ ਲੇਰੌਏ ਨੇੜੇ ਇੱਕ ਟਰੱਕ ਨੂੰ ਸੁਰੱਖਿਆ ਜਾਂਚ ਲਈ ਰੋਕਿਆ। ਜੋਬਨਪ੍ਰੀਤ ਸਿੰਘ ਰੈਫ੍ਰਿਜਰੇਟਡ ਟ੍ਰੇਲਰ ਵਾਲਾ ਟਰੱਕ ਚਲਾ ਰਿਹਾ ਸੀ, ਜਿਸ ਵਿੱਚ ਪੋਲਟਰੀ ਸਮਾਨ ਲਿਜਾਣਾ ਦਰਸਾਇਆ ਗਿਆ ਸੀ। ਜਾਂਚ ਦੌਰਾਨ ਖੋਜੀ ਕੁੱਤੇ ਦੀ ਮਦਦ ਨਾਲ ਟ੍ਰੇਲਰ ਅੰਦਰ ਲੁਕਾਏ ਗਏ ਚਾਰ ਵੱਡੇ ਕਾਲੇ ਕੂੜੇ ਵਾਲੇ ਬੈਗ ਮਿਲੇ। ਇਨ੍ਹਾਂ ਵਿੱਚੋਂ ਲਗਭਗ 106 ਕਿਲੋਗ੍ਰਾਮ ਕੋਕੀਨ ਬਰਾਮਦ ਹੋਈ, ਜਿਸ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਲਗਭਗ 10.6 ਮਿਲੀਅਨ ਡਾਲਰ, ਯਾਨੀ ਲਗਭਗ 90 ਕਰੋੜ ਰੁਪਏ ਦੱਸੀ ਗਈ ਹੈ।

ਵਟਸਐਪ ਚੈਟ ਬਣੀ ਅਹਿਮ ਸਬੂਤ

ਪੁਲਿਸ ਅਨੁਸਾਰ, ਸਿਗਨਲ ਮਿਲਣ ਤੋਂ ਬਾਅਦ ਵੀ ਜੋਬਨਪ੍ਰੀਤ ਨੇ ਟਰੱਕ ਰੋਕਣ ਵਿੱਚ ਕਾਫ਼ੀ ਦੇਰੀ ਕੀਤੀ ਸੀ ਅਤੇ ਪੁੱਛਗਿੱਛ ਦੌਰਾਨ ਉਹ ਬਹੁਤ ਘਬਰਾਇਆ ਹੋਇਆ ਨਜ਼ਰ ਆਇਆ। ਅਦਾਲਤ ਵਿੱਚ ਉਸ ਨੇ ਦਾਅਵਾ ਕੀਤਾ ਕਿ ਉਸ ਨੂੰ ਟਰੱਕ ਵਿੱਚ ਮੌਜੂਦ ਡਰੱਗ ਬਾਰੇ ਕੋਈ ਜਾਣਕਾਰੀ ਨਹੀਂ ਸੀ ਅਤੇ ਉਹ ਸਿਰਫ਼ ਕਾਨੂੰਨੀ ਸਮਾਨ ਲੈ ਕੇ ਜਾ ਰਿਹਾ ਸੀ।

ਹਾਲਾਂਕਿ, ਸਰਕਾਰੀ ਪੱਖ ਨੇ ਉਸ ਦੇ ਮੋਬਾਈਲ ਫੋਨ ਵਿੱਚੋਂ ਮਿਲੇ ਮੈਸੇਜ ਸਬੂਤ ਵਜੋਂ ਪੇਸ਼ ਕੀਤੇ। ਇਨ੍ਹਾਂ ਸੁਨੇਹਿਆਂ ਵਿੱਚ ਦੇਸ਼ ਭਰ ਵਿੱਚ ਲੋਡ ਲੈ ਕੇ ਜਾਣ ਦੇ ਬਦਲੇ 5,400 ਡਾਲਰ ਦੇ ਭੁਗਤਾਨ ਦਾ ਜ਼ਿਕਰ ਸੀ। ਪ੍ਰੋਸੀਕਿਊਸ਼ਨ ਨੇ ਦਲੀਲ ਦਿੱਤੀ ਕਿ ਇਹ ਸੁਨੇਹੇ ਸਾਬਤ ਕਰਦੇ ਹਨ ਕਿ ਜੋਬਨਪ੍ਰੀਤ ਸਿੰਘ ਡਰੱਗ ਤਸਕਰੀ ਲਈ ਵਰਤੇ ਜਾ ਰਹੇ ਵਿਅਕਤੀ ਵਜੋਂ ਕੰਮ ਕਰ ਰਿਹਾ ਸੀ।

ਮਾਰਚ 2026 ਵਿੱਚ ਜਿਊਰੀ ਨੇ ਉਸ ਨੂੰ ਕੰਟਰੋਲਡ ਸਬਸਟੈਂਸ ਟ੍ਰੈਫਿਕਿੰਗ ਅਤੇ ਡਿਲਿਵਰੀ ਦੇ ਇਰਾਦੇ ਨਾਲ ਨਸ਼ੀਲੇ ਪਦਾਰਥ ਰੱਖਣ ਦੇ ਦੋਸ਼ਾਂ ਵਿੱਚ ਦੋਸ਼ੀ ਕਰਾਰ ਦਿੱਤਾ ਸੀ। ਇਸ ਤੋਂ ਬਾਅਦ 29 ਮਈ 2026 ਨੂੰ ਅਦਾਲਤ ਨੇ ਉਸ ਨੂੰ 75 ਸਾਲ ਦੀ ਸਖ਼ਤ ਸਜ਼ਾ ਸੁਣਾਈ। ਇਹ ਮਾਮਲਾ ਅਮਰੀਕੀ-ਭਾਰਤੀ ਭਾਈਚਾਰੇ ਅਤੇ ਪੰਜਾਬੀ ਮੀਡੀਆ ਵਿੱਚ ਵਿਆਪਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

Share This Article
Leave a Comment