ਨੇਪਾਲ ‘ਚ ਭਾਰਤੀ ਨਿਊਜ਼ ਚੈਨਲਾਂ ਦੇ ਪ੍ਰਸਾਰਣ ‘ਤੇ ਰੋਕ, ਸੱਤਾਧਾਰੀ ਪਾਰਟੀ ਨੇ ਲਗਾਏ ਗੰਭੀਰ ਦੋਸ਼

TeamGlobalPunjab
2 Min Read

ਕਾਠਮੰਡੂ : ਭਾਰਤ ਅਤੇ ਨੇਪਾਲ ਦਰਮਿਆਨ ਸਰਹੱਦੀ ਵਿਵਾਦ ਦੇ ਚਲਦਿਆਂ ਨੇਪਾਲ ਨੇ ਭਾਰਤੀ ਨਿਊਜ਼ ਚੈਨਲਾਂ ਦੇ ਟੈਲੀਕਾਸਟ ‘ਤੇ ਪਾਬੰਦੀ ਲਗਾ ਦਿੱਤੀ ਹੈ। ਹਾਲਾਂਕਿ ਅਜੇ ਤੱਕ ਨੇਪਾਲ ਸਰਕਾਰ ਦੁਆਰਾ ਇਸ ਸਬੰਧੀ ਕੋਈ ਆਦੇਸ਼ ਜਾਰੀ ਨਹੀਂ ਕੀਤਾ ਹੈ ਪਰ ਨੇਪਾਲ ਦੇ ਟੀ.ਵੀ. ਆਪਰੇਟਰ ਭਾਰਤੀ ਨਿਊਜ਼ ਚੈਨਲਾਂ ਦਾ ਪ੍ਰਸਾਰਣ ਨਹੀਂ ਕਰ ਰਹੇ ਹਨ। ਨੇਪਾਲ ‘ਚ ਭਾਰਤੀ ਚੈਨਲਾਂ ‘ਚੋਂ ਸਿਰਫ ਦੂਰਦਰਸ਼ਨ (ਡੀਡੀ ਨਿਊਜ਼) ਹੀ ਪ੍ਰਸਾਰਿਤ ਹੋ ਰਿਹਾ ਹੈ। ਦੱਸ ਦਈਏ ਕਿ ਲੱਦਾਖ ‘ਚ ਜਾਰੀ ਤਣਾਅ ਵਿਚਾਲੇ ਚੀਨ ਨੇ ਵੀ ਭਾਰਤੀ ਚੈਨਲਾਂ ਦੇ ਪ੍ਰਸਾਰਣ ‘ਤੇ ਰੋਕ ਲਾ ਦਿੱਤੀ ਸੀ।

ਨੇਪਾਲ ‘ਚ ਰਾਜਨੀਤਿਕ ਸੰਕਟ ਗੰਭੀਰ ਹੁੰਦਾ ਜਾ ਰਿਹਾ ਹੈ। ਸੱਤਾਧਾਰੀ ਕਮਿਊਨਿਸਟ ਪਾਰਟੀ ਆਫ ਨੇਪਾਲ (ਐਨਸੀਪੀ) ਦੇ ਅੰਦਰ ਮਤਭੇਦ ਖ਼ਤਮ ਹੁੰਦੇ ਪ੍ਰਤੀਤ ਨਹੀਂ ਹੁੰਦੇ। ਨੇਪਾਲ ਦੇ ਸਾਬਕਾ ਉਪ ਪ੍ਰਧਾਨਮੰਤਰੀ ਅਤੇ ਐਨਸੀਪੀ ਦੇ ਬੁਲਾਰੇ ਨਾਰਾਇਣ ਕਾਜ਼ੀ ਸ੍ਰੇਸ਼ਠ ਨੇ ਕਿਹਾ ਹੈ ਕਿ ਨੇਪਾਲ ਸਰਕਾਰ ਅਤੇ ਸਾਡੇ ਪ੍ਰਧਾਨਮੰਤਰੀ ਖਿਲਾਫ ਭਾਰਤੀ ਮੀਡੀਆ ਦੁਆਰਾ ਕੀਤਾ ਬੇਬੁਨਿਆਦ ਪ੍ਰਚਾਰ ਸਾਰੀਆਂ ਹੱਦਾਂ ਪਾਰ ਕਰ ਗਿਆ ਹੈ। ਇਸ ਦੇ ਨਾਲ ਹੀ ਓਲੀ ਹਾਲ ਹੀ ‘ਚ ਆਪਣੀ ਸਰਕਾਰ ਡਿਗਾਉਣ ਨੂੰ ਲੈ ਕੇ ਭਾਰਤ ‘ਤੇ ਸਾਜਿਸ਼ ਰੱਚਣ ਦਾ ਦੋਸ਼ ਵੀ ਲਗਾ ਚੁੱਕੇ ਹਨ।

ਵੀਰਵਾਰ ਨੂੰ ਮੀਡੀਆ ਰਿਪੋਰਟਾਂ ਦੇ ਅਨੁਸਾਰ, ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਅਤੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਪੁਸ਼ਪ ਕਮਲ ਦਹਿਲ ‘ਪ੍ਰਚੰਡ’ ਵਿਚਾਲੇ ਕੋਈ ਸਮਝੌਤਾ ਨਹੀਂ ਹੋ ਸਕਿਆ ਹੈ। ਕਿਹਾ ਜਾ ਰਿਹਾ ਹੈ ਕਿ ਦੋਵਾਂ ਵਿਚਾਲੇ ਇਕ ਹਫ਼ਤੇ ਦੌਰਾਨ ਕਾਫੀ ਬੈਠਕਾਂ ਹੋ ਚੁੱਕੀਆਂ ਹਨ। ਦਹਲ ਵੱਖ-ਵੱਖ ਮੁੱਦਿਆਂ ‘ਤੇ ਅਸਫਲ ਰਹਿਣ ਦੇ ਦੋਸ਼ਾਂ ‘ਚ ਲਗਾਤਾਰ ਪ੍ਰਧਾਨ ਮੰਤਰੀ ਓਲੀ ਦੇ ਅਸਤੀਫੇ ਦੀ ਮੰਗ ਕਰਦਾ ਆ ਰਿਹਾ ਹੈ।

ਦੱਸ ਦਈਏ ਕਿ ਨੇਪਾਲ ‘ਚ ਇੰਨੀ ਦਿਨੀਂ ਸਿਆਸਤ ‘ਚ ਖੱਬੇ-ਪੱਖੀ ਦਾ ਦਬਦਬਾ ਹੈ। ਮੌਜੂਦਾ ਪ੍ਰਧਾਨ ਮੰਤਰੀ ਵੀ ਖੱਬੇ-ਪੱਖੀ ਦੇ ਹਨ। ਉਨ੍ਹਾਂ ਨੂੰ ਨੇਪਾਲ ਦੇ ਖੱਬੇ-ਪੱਖੀ ਦਲਾਂ ਦਾ ਸਮਰਥਨ ਹਾਸਲ ਹੈ। ਕੇ.ਪੀ. ਸ਼ਰਮਾ ਓਲੀ ਆਪਣੀ ਭਾਰਤ ਵਿਰੋਧੀ ਭਾਵਨਾਵਾਂ ਲਈ ਜਾਣੇ ਜਾਂਦੇ ਹਨ।

- Advertisement -

Share this Article
Leave a comment