ਸੰਗਰੂਰ : ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੁਸੇਵਾਲਾ ਦੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਹਨ। ਦਰਅਸਲ ਗਾਇਕ ਸਿੱਧੂ ਮੁਸੇਵਾਲਾ ਤੇ ਉਨ੍ਹਾਂ ਸਾਥੀਆਂ ਸਮੇਤ ਪੰਜਾਬ ਪੁਲੀਸ ਦੇ 5 ਮੁਲਾਜ਼ਮਾਂ ਖਿਲਾਫ ਥਾਣਾ ਸਦਰ ਧੂਰੀ ਵਿਖੇ ਇੱਕ ਹੋਰ ਮਾਮਲਾ ਦਰਜ ਕਰ ਲਿਆ ਗਿਆ ਹੈ। ਇਹ ਮਾਮਲਾ 9 ਵਿਅਕਤੀਆਂ ਖਿਲਾਫ ਦਰਜ ਕੀਤਾ ਗਿਆ ਹੈ। ਥਾਣਾ ਸਦਰ ਧੂਰੀ ਪੁਲੀਸ ਅਨੁਸਾਰ ਗਾਇਕ ਸਿੱਧੂ ਮੁਸੇਵਾਲਾ, ਕਰਮ ਲਹਿਲ, ਇੰਦਰਬੀਰ ਗਰੇਵਾਲ, ਜੰਗਸ਼ੇਰ ਸਿੰਘ, ਸਹਾਇਕ ਥਾਣੇਦਾਰ ਬਲਕਾਰ ਸਿੰਘ, ਹੌਲਦਾਰ ਗੁਰਜਿੰਦਰ ਸਿੰਘ, ਹੌਲਦਾਰ ਗਗਨਦੀਪ ਸਿੰਘ, ਸਿਪਾਹੀ ਜਸਵੀਰ ਸਿੰਘ ਅਤੇ ਸਿਪਾਹੀ ਹਰਵਿੰਦਰ ਸਿੰਘ ਵਲੋਂ ਲੱਡਾ ਕੋਠੀ ਵਿਖੇ ਬਣੀ ਸ਼ੂਟਿੰਗ ਰੇਂਜ ਵਿਖੇ ਫਾਇਰਿੰਗ ਕੀਤੀ ਗਈ ਹੈ ਅਤੇ ਕਰਫਿਊ ਦੀ ਉਲੰਘਣਾ ਕੀਤੀ ਗਈ ਹੈ।
ਦੱਸ ਦਈਏ ਕਿ ਬੀਤੇ ਦਿਨੀਂ ਗਾਇਕ ਸਿੱਧੂ ਮੁਸੇਵਾਲਾ ਖਿਲਾਫ ਜ਼ਿਲ੍ਹਾ ਬਰਨਾਲਾ ਦੇ ਥਾਣਾ ਧਨੌਲਾ ‘ਚ ਮੁਕੱਦਮਾ ਦਰਜ ਕੀਤਾ ਗਿਆ ਸੀ। ਸਿੱਧੂ ਮੁਸੇਵਾਲਾ ਵੱਲੋਂ ਪੁਲੀਸ ਦੀ ਏ.ਕੇ. 47 ਨਾਲ ਕੀਤੀ ਗਈ ਫਾਇਰਿੰਗ ਦੀ ਵਾਇਰਲ ਵੀਡੀਓ ‘ਚ ਦਿਖਾਈ ਦੇਣ ਵਾਲਾ ਹੈੱਡ ਕਾਂਸਟੇਬਲ ਗਗਨਦੀਪ ਸਿੰਘ ਉੱਚ ਅਫਸਰਾਂ ਦੀ ਜਾਣਕਾਰੀ ਤੋਂ ਬਿਨ੍ਹਾਂ 3 ਮਹੀਨਿਆਂ ਤੋਂ ਡੀਐੱਸਪੀ (ਸੰਗਰੂਰ) ਦਲਜੀਤ ਸਿੰਘ ਵਿਰਕ ਨਾਲ ਗੰਨਮੈਨ ਵਜੋਂ ਥਾਣਾ ਜੁਲਕਾ ‘ਚ ਤਾਇਨਾਤ ਸੀ। ਐੱਸਐੱਸਪੀ (ਪਟਿਆਲਾ) ਮਨਦੀਪ ਸਿੰਘ ਸਿੱਧੂ ਵੱਲੋਂ ਬੀਤੇ ਦਿਨ ਥਾਣਾ ਜੁਲਕਾ ਦੇ ਮੁੱਖੀ ਗੁਰਪ੍ਰੀਤ ਸਿੰਘ ਭਿੰਡਰ ਅਤੇ ਹੈੱਡ ਕਾਂਸਟੇਬਲ ਗਗਨਦੀਪ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਨਾਲ ਹੀ ਐੱਸਐੱਸਪੀ ਸਿੱਧੂ ਨੇ ਦੋਵਾਂ ਖਿਲਾਫ ਵਿਭਾਗੀ ਜਾਂਚ ਕਰਨ ਦੇ ਹੁਕਮ ਵੀ ਜਾਰੀ ਕੀਤੇ ਹਨ।