ਸਾਊਦੀ ਅਰਬ ’ਚ ਪੰਜਾਬੀ ਸਿੱਖ ਟਰੱਕ ਡਰਾਈਵਰ ਨੂੰ ਫਾਂਸੀ ਦੀ ਸਜ਼ਾ, ਪਰਿਵਾਰ ਨੇ ਮਦਦ ਲਈ ਕੇਂਦਰ ਤੇ ਪੰਜਾਬ ਸਰਕਾਰ ਨੂੰ ਲਗਾਈ ਗੁਹਾਰ

Global Team
4 Min Read

ਨਿਊਜ਼ ਡੈਸਕ: ਸਾਊਦੀ ਅਰਬ ਵਿੱਚ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਨਾਲ ਜੁੜੇ ਮਾਮਲੇ ਵਿੱਚ ਪਠਾਨਕੋਟ ਦੇ ਰਹਿਣ ਵਾਲੇ ਸਿੱਖ ਟਰੱਕ ਡਰਾਈਵਰ ਬਲਜਿੰਦਰ ਨੂੰ ਫਾਂਸੀ ਦੀ ਸਜ਼ਾ ਸੁਣਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।ਬਲਜਿੰਦਰ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਉਸ ਦੇ ਪਰਿਵਾਰ ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਤੁਰੰਤ ਦਖ਼ਲ ਦੀ ਮੰਗ ਕੀਤੀ ਹੈ। ਪਰਿਵਾਰ ਦਾ ਦੋਸ਼ ਹੈ ਕਿ ਬਲਜਿੰਦਰ ਸਿੰਘ ਨੂੰ ਸਾਜ਼ਿਸ਼ ਤਹਿਤ ਇਸ ਮਾਮਲੇ ਵਿੱਚ ਫਸਾਇਆ ਗਿਆ ਅਤੇ ਉਸ ਨੂੰ ਇਹ ਜਾਣਕਾਰੀ ਨਹੀਂ ਸੀ ਕਿ ਜਿਸ ਪੈਕੇਟ ਨੂੰ ਉਹ ਦਵਾਈ ਸਮਝ ਕੇ ਲੈ ਕੇ ਜਾ ਰਿਹਾ ਸੀ, ਉਸ ਵਿੱਚ ਨਸ਼ੀਲਾ ਪਦਾਰਥ ਸੀ।

ਪਰਿਵਾਰ ਅਨੁਸਾਰ ਬਲਜਿੰਦਰ ਸਿੰਘ ਪਿਛਲੇ ਕਰੀਬ 10 ਸਾਲਾਂ ਤੋਂ ਦੁਬਈ ਵਿੱਚ ਟਰੱਕ ਚਾਲਕ ਵਜੋਂ ਕੰਮ ਕਰ ਰਿਹਾ ਸੀ ਅਤੇ ਨਿਯਮਿਤ ਤੌਰ ‘ਤੇ ਮਾਲ ਲੈ ਕੇ ਸਾਊਦੀ ਅਰਬ ਜਾਂਦਾ ਸੀ। ਕਰੀਬ ਤਿੰਨ ਸਾਲ ਪਹਿਲਾਂ ਦੁਬਈ ਵਿੱਚ ਕੰਮ ਕਰਨ ਵਾਲੇ ਇੱਕ ਜਾਣਕਾਰ ਨੇ ਉਸ ਨਾਲ ਸੰਪਰਕ ਕਰਕੇ ਆਪਣੇ ਬਿਮਾਰ ਬਜ਼ੁਰਗ ਪਿਤਾ ਲਈ ਦਵਾਈਆਂ ਦਾ ਪੈਕੇਟ ਸਾਊਦੀ ਅਰਬ ਪਹੁੰਚਾਉਣ ਦੀ ਮਦਦ ਮੰਗੀ।

ਬਲਜਿੰਦਰ ਸਿੰਘ ਦੇ ਪਿਤਾ ਜਸਵਿੰਦਰ ਸਿੰਘ ਦੇ ਅਨੁਸਾਰ ਉਨ੍ਹਾਂ ਦੇ ਪੁੱਤਰ ਨੇ ਪਹਿਲਾਂ ਦੋ ਵਾਰ ਅਣਜਾਣ ਸਮਾਨ ਲਿਜਾਣ ਤੋਂ ਇਨਕਾਰ ਕੀਤਾ ਸੀ। ਪਰ ਉਕਤ ਵਿਅਕਤੀ ਵੱਲੋਂ ਆਪਣੇ ਬਿਮਾਰ ਪਿਤਾ ਦੀ ਵੀਡੀਓ ਦਿਖਾ ਕੇ ਮਦਦ ਦੀ ਅਪੀਲ ਕਰਨ ‘ਤੇ ਬਲਜਿੰਦਰ ਸਿੰਘ ਭਾਵੁਕ ਹੋ ਗਿਆ ਅਤੇ ਮਨੁੱਖਤਾ ਦੇ ਨਾਤੇ ਦਵਾਈਆਂ ਦਾ ਪੈਕੇਟ ਆਪਣੇ ਟਰੱਕ ਵਿੱਚ ਰੱਖਣ ਲਈ ਤਿਆਰ ਹੋ ਗਿਆ। ਪਰਿਵਾਰ ਅਨੁਸਾਰ, ਦੁਬਈ ਤੋਂ ਸਾਊਦੀ ਅਰਬ ਜਾਂਦੇ ਸਮੇਂ ਸਰਹੱਦ ’ਤੇ ਟਰੱਕ ਦੀ ਸਕੈਨਿੰਗ ਕੀਤੀ ਗਈ। ਇਸ ਦੌਰਾਨ ਦਵਾਈਆਂ ਵਾਲਾ ਪੈਕੇਟ ਸ਼ੱਕੀ ਪਾਇਆ ਗਿਆ। ਤਲਾਸ਼ੀ ਲੈਣ ’ਤੇ ਦਵਾਈਆਂ ਦੇ ਡੱਬੇ ਵਿੱਚੋਂ ਕਥਿਤ ਤੌਰ ’ਤੇ ਨਸ਼ੀਲਾ ਪਦਾਰਥ ਬਰਾਮਦ ਹੋਇਆ। ਇਸ ਤੋਂ ਬਾਅਦ ਸਾਊਦੀ ਪੁਲਿਸ ਨੇ ਬਲਜਿੰਦਰ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਹ ਕਰੀਬ ਤਿੰਨ ਸਾਲ ਤੋਂ ਜੇਲ੍ਹ ਵਿੱਚ ਹੈ। ਹੁਣ ਸਾਊਦੀ ਅਦਾਲਤ ਵੱਲੋਂ ਉਸਨੂੰ ਫਾਂਸੀ ਦੀ ਸਜ਼ਾ ਸੁਣਾਏ ਜਾਣ ਦੀ ਜਾਣਕਾਰੀ ਪਰਿਵਾਰ ਨੂੰ ਮਿਲੀ ਹੈ।

ਬਲਜਿੰਦਰ ਸਿੰਘ ਦੇ ਪਰਿਵਾਰ ਨੇ ਉਸ ‘ਤੇ ਲੱਗੇ ਨਸ਼ੀਲੇ ਪਦਾਰਥ ਦੀ ਤਸਕਰੀ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਉਹ ਅੰਮ੍ਰਿਤਧਾਰੀ ਸਿੱਖ ਹੈ ਅਤੇ ਨਿਤਨੇਮ ਕਰਦਾ ਹੈ। ਪਰਿਵਾਰ ਅਨੁਸਾਰ ਉਸ ਦਾ ਨਸ਼ਿਆਂ ਦੇ ਕਾਰੋਬਾਰ ਜਾਂ ਕਿਸੇ ਅਪਰਾਧਿਕ ਗਤੀਵਿਧੀ ਨਾਲ ਕੋਈ ਸਬੰਧ ਨਹੀਂ ਰਿਹਾ। ਉਨ੍ਹਾਂ ਦਾ ਦਾਅਵਾ ਹੈ ਕਿ ਬਲਜਿੰਦਰ ਨੂੰ ਪੈਕੇਟ ਵਿੱਚ ਮੌਜੂਦ ਸਮਾਨ ਬਾਰੇ ਕੋਈ ਜਾਣਕਾਰੀ ਨਹੀਂ ਸੀ।

ਬਲਜਿੰਦਰ ਸਿੰਘ ਦੀ ਮਾਤਾ ਗੁਰਮੀਤ ਕੌਰ ਅਤੇ ਪਿਤਾ ਜਸਵਿੰਦਰ ਸਿੰਘ ਬਜ਼ੁਰਗ ਹਨ। ਪਰਿਵਾਰ ਅਨੁਸਾਰ ਬਲਜਿੰਦਰ ਹੀ ਘਰ ਦਾ ਮੁੱਖ ਕਮਾਉਣ ਵਾਲਾ ਮੈਂਬਰ ਸੀ। ਉਸ ਦੀ ਪਤਨੀ ਅਤੇ ਦੋ ਬੱਚੇ ਉਸ ਦੀ ਵਾਪਸੀ ਦੀ ਉਡੀਕ ਕਰ ਰਹੇ ਹਨ। ਫਾਂਸੀ ਦੀ ਸਜ਼ਾ ਦੀ ਖ਼ਬਰ ਮਿਲਣ ਤੋਂ ਬਾਅਦ ਪਰਿਵਾਰ ਵਿੱਚ ਗਮ ਦਾ ਮਾਹੌਲ ਹੈ।ਪਰਿਵਾਰ ਨੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਾਊਦੀ ਅਰਬ ਸਰਕਾਰ ਨਾਲ ਕੂਟਨੀਤਕ ਅਤੇ ਕਾਨੂੰਨੀ ਪੱਧਰ ‘ਤੇ ਗੱਲਬਾਤ ਕੀਤੀ ਜਾਵੇ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment