ਪੰਜਾਬੀ ਨਵੀਂ ਇਬਾਰਤ ਲਿਖਣ, ਬਿਨਾਂ ਡਰ, ਲਾਲਚ ਅਤੇ ਸਿਫ਼ਾਰਸ਼ ਤੋਂ ਕਰਨ ਆਪਣੇ ਵੋਟ ਦੇ ਹੱਕ ਦੀ ਵਰਤੋਂ – ਮਾਨ  

TeamGlobalPunjab
4 Min Read

ਚੰਡੀਗੜ੍ਹ – ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ  ਗਿਆ ਹੈ  ਕਿ ਕੋਰੋਨਾ ਦੀਆਂ ਹਦਾਇਤਾਂ ਦੇ ਮੱਦੇਨਜ਼ਰ  ਚੋਣ ਕਮਿਸ਼ਨ ਵੱਲੋਂ ਲਿਆ ਗਿਆ ਫ਼ੈਸਲਾ  ਆਮ ਆਦਮੀ ਪਾਰਟੀ ਨੂੰ ਮਾਫ਼ਕ ਆ ਰਿਹਾ ਹੈ । ਪੰਜ ਰਾਜਾਂ ਚ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋਣ ਤੋਂ ਬਾਅਦ ਮਾਨ ਅੱਜ ਐਤਵਾਰ ਨੂੰ ਪੀਪਲਜ਼ ਕਨਵੈਨਸ਼ਨ ਸੈਂਟਰ ਚ ਮੀਡੀਆ ਦੇ ਰੂਬਰੂ ਹੋਏ ।

 

ਸੱਤਾਧਾਰੀ ਕਾਂਗਰਸ ਪਾਰਟੀ ਦੀ ਐਲਾਨਵਾਦੀ ਨੀਤੀ ‘ਤੇ ਹਮਲੇ ਕਰਦਿਆਂ ਭਗਵੰਤ ਮਾਨ ਨੇ ਦਾਅਵਾ ਕੀਤਾ, ”ਚੋਣਾ ਦਾ ਐਲਾਨ ਹੋਣ ‘ਤੇ ਪੰਜਾਬ ਦੇ ਲੋਕਾਂ ਨੇ ਪ੍ਰਮਾਤਮਾ ਦਾ ਸ਼ੁਕਰ ਮਨਾਇਆ ਕਿਉਂਕਿ ਹੁਣ ਉਨ੍ਹਾਂ ਨੂੰ ਨਵੇਂ ਐਲਾਨ, ਗੱਪਾਂ ਅਤੇ ਝੂਠੇ ਬੋਰਡ ਦੇਖਣ ਨੂੰ ਨਹੀਂ ਮਿਲਣਗੇ।” ਮਾਨ ਨੇ ਕਿਹਾ ਕਿ ‘ਆਪ’ ਦੀਆਂ ਚੋਣ ਰੈਲੀਆਂ ‘ਚ ਲੋਕ ਆਪ ਮੁਹਾਰੇ ਆ ਰਹੇ ਹਨ, ਜਦੋਂ ਕਿ ਦੂਜੀਆਂ ਪਾਰਟੀਆਂ ਨੂੰ ਇਕੱਠ ਕਰਨ ਲਈ ਬਹੁਤ ਕੁੱਝ ਹੋਰ ਕਰਨਾ ਪੈਂਦਾ ਹੈ, ਕਿਉਂਕਿ ਪੰਜਾਬ ਦੀ ਸੱਤਾ ਵਿੱਚ ਰਹਿੰਦਿਆਂ ਇਨ੍ਹਾਂ ਪਾਰਟੀਆਂ ਦੇ ਆਗੂਆਂ ਨੇ ਪੰਜਾਬ ਦੇ ਲੋਕਾਂ ਲਈ ਕੁੱਝ ਨਹੀਂ ਕੀਤਾ।
ਦੇਸ਼ ਦੇ ਚੋਣ ਕਮਿਸ਼ਨ ਵੱਲੋਂ ਪੰਜਾਬ ਚੋਣਾ ਦੇ ਐਲਾਨ ਦਾ ਜ਼ੋਰਦਾਰ ਸਵਾਗਤ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਚੋਣ ਪ੍ਰਚਾਰ ਦੌਰਾਨ ਚੋਣ ਕਮਿਸ਼ਨ ਦੀਆਂ ਹਿਦਾਇਤਾਂ ਅਤੇ ਫ਼ੈਸਲਿਆਂ ਦੀ ਪੂਰੀ ਇਮਾਨਦਾਰੀ ਨਾਲ ਪਾਲਣਾ ਕਰੇਗੀ ।

 

- Advertisement -

ਮਾਨ ਨੇ ਦਾਅਵਾ ਕੀਤਾ ਕਿ 10 ਮਾਰਚ ਨੂੰ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਅਤੇ ਇਸ ਤੋਂ ਬਾਅਦ ਕਿਸੇ ਵੀ ਵਿਅਕਤੀ ਨੂੰ ਧਰਨਾ ਲਾਉਣ ਦੀ ਲੋੜ ਨਹੀਂ ਪਵੇਗੀ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਖ਼ਜ਼ਾਨੇ ਦੀ ਲੁੱਟ ਨੂੰ ਬੰਦ ਕੀਤਾ ਜਾਵੇਗਾ ਅਤੇ ਖ਼ਜ਼ਾਨੇ ਦਾ ਮੂੰਹ ਆਮ ਲੋਕਾਂ ਵੱਲ ਖੋਲ੍ਹਿਆ ਜਾਵੇਗਾ। ਉਨ੍ਹਾਂ  ਨੇ ਪੰਜਾਬ ਵਾਸੀਆਂ ਨੂੰ ਨਵੀਂ ਇਬਾਰਤ ਲਿਖਣ ਲਈ ਬਿਨਾਂ ਕਿਸੇ ਡਰ, ਲਾਲਚ ਅਤੇ ਸਿਫ਼ਾਰਸ਼ ਤੋਂ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਵਾਸੀ ਨਫ਼ਰਤ ਦੀ ਰਾਜਨੀਤੀ ਕਰਨ ਵਾਲਿਆਂ ਤੋਂ ਜ਼ਰੂਰ ਸੁਚੇਤ ਰਹਿਣ।

 

ਮਾਨ ਨੇ ਕਿਹਾ, ”ਆਮ ਆਦਮੀ ਪਾਰਟੀ ਪੂਰੀ ਤਨਦੇਹੀ ਨਾਲ ਚੋਣਾ ਲੜੇਗੀ। ਅਸੀਂ ਗਰੰਟੀ ਲੈਂਦੇ ਹਾਂ ਕਿ ਆਮ ਆਦਮੀ ਪਾਰਟੀ ਕੋਲ ਪੰਜਾਬ ਦੇ ਵਿਕਾਸ ਲਈ ਰੋਡਮੈਪ ਤਿਆਰ ਹੈ। ਇਕੱਲੇ- ਇਕੱਲੇ ਵਰਗ ਦੇ ਵਿਕਾਸ ਲਈ ਰੋਡਮੈਪ ਤਿਆਰ ਹੈ। ਉਨ੍ਹਾਂ ਕਿਹਾ ਕਿ ਜੇ ਨੀਅਤ ਸਾਫ਼ ਹੋਵੇ ਤਾਂ ਖ਼ਜ਼ਾਨਾ ਭਰਿਆ ਜਾਂਦਾ ਹੈ। ਸਰਕਾਰੀ ਖ਼ਜ਼ਾਨੇ ਦੀ ਲੁੱਟ- ਘਸੁੱਟ ਬੰਦ ਕਰਕੇ ਖ਼ਜ਼ਾਨੇ ਨੂੰ ਭਰਿਆ ਜਾਵੇਗਾ ਅਤੇ ਖ਼ਜ਼ਾਨੇ ਦਾ ਮੂੰਹ ਲੋਕਾਂ ਦੀਆਂ ਸਹੂਲਤਾਂ ਲਈ ਖੋਲ੍ਹਿਆ ਜਾਵੇਗਾ। ਫਿਰ ਪੰਜਾਬ ਦਾ ਕੋਈ ਸਕੂਲ ਅਜਿਹਾ ਨਹੀਂ ਹੋਵੇਗਾ, ਜਿੱਥੇ ਅਧਿਆਪਕ ਨਾ ਹੋਵੇ। ਹਸਪਤਾਲ ਅਜਿਹਾ ਨਹੀਂ ਹੋਵੇਗਾ, ਜਿੱਥੇ ਡਾਕਟਰ, ਇਲਾਜ ਅਤੇ ਦਵਾਈ ਤੋਂ ਬਿਨਾਂ ਕਿਸੇ ਨੂੰ ਜਾਨ ਗੁਆਉਣੀ ਪਵੇ।

 

ਮਾਨ ਨੇ ਕਿਹਾ ਵਿਧਾਨ ਸਭਾ ਚੋਣਾ ਪੂਰੀ ਪਾਰਦਰਸ਼ਤਾ ਨਾਲ ਕਰਵਾਈਆਂ ਜਾਣਗੀਆਂ ਅਤੇ ਚੋਣ ਪ੍ਰਚਾਰ ਮੁੱਦਿਆਂ ਦੇ ਆਧਾਰਤ ਹੋਵੇਗਾ। ਪੰਜਾਬ ਵਾਸੀ ਨਫ਼ਰਤ ਅਤੇ ਧਰੁਵੀਕਰਨ ਦੀ ਰਾਜਨੀਤੀ ਕਰਨ ਵਾਲੀਆਂ ਪਾਰਟੀਆਂ ਤੋਂ ਸੁਚੇਤ ਰਹਿਣਗੇ ਅਤੇ ਭਾਈਚਾਰਕ ਸਾਂਝ ਨਹੀਂ ਤੋੜਨਗੇ।
ਭਗਵੰਤ ਮਾਨ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ, ”ਲੱਖਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਮਿਲੇ ਵੋਟ ਦੇ ਹੱਕ ਦੀ 14 ਫਰਵਰੀ ਨੂੰ ਸਮੂਹ ਵੋਟਰ ਬਿਨਾਂ ਕਿਸੇ ਡਰ, ਲਾਲਚ ਅਤੇ ਮਾਮੇ, ਫੁੱਫੜ ਤੇ ਮਾਸੜ ਦੀ ਸਿਫ਼ਾਰਸ਼ ਤੋਂ ਬਿਨਾਂ ਆਪਣੇ ਵੋਟ ਦੇ ਹੱਕ ਦੀ ਜ਼ਰੂਰ ਵਰਤੋਂ ਕਰਨ। ਇਸ ਮੌਕੇ ਭਗਵੰਤ ਮਾਨ ਨਾਲ ‘ਆਪ’ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਅਤੇ ਬੁਲਾਰਾ ਜਗਤਾਰ ਸਿੰਘ ਸੰਘੇੜਾ ਵੀ ਹਾਜ਼ਰ ਸਨ।

- Advertisement -
Share this Article
Leave a comment