ਕੈਨੇਡਾ ’ਚ ਫਿਰੌਤੀ ਮਾਮਲੇ ’ਚ ਪੰਜਾਬੀ ਮੂਲ ਦੀ ਔਰਤ ਗ੍ਰਿਫ਼ਤਾਰ, ਪੁਲਿਸ ਜਾਂਚ ’ਚ ਵੱਡਾ ਖੁਲਾਸਾ

Global Team
3 Min Read

ਕੈਲਗਰੀ: ਕੈਨੇਡਾ ਦੇ ਕੈਲਗਰੀ ਵਿੱਚ ਫਿਰੌਤੀ ਅਤੇ ਗੋਲੀਬਾਰੀ ਨਾਲ ਜੁੜੇ ਇੱਕ ਹਾਈ-ਪ੍ਰੋਫਾਈਲ ਮਾਮਲੇ ਵਿੱਚ ਪੰਜਾਬੀ ਮੂਲ ਦੀ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ। ਹਾਲਾਂਕਿ ਪੁਲਿਸ ਨੇ ਹੁਣ ਉਸ ਨੂੰ ਰਿਹਾਅ ਕਰ ਦਿੱਤਾ ਹੈ ਅਤੇ ਉਸ ਨੂੰ 6 ਅਕਤੂਬਰ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ।

ਕੈਲਗਰੀ ਪੁਲਿਸ ਮੁਤਾਬਕ ਚੈਸਟਰਮੀਅਰ ਦੀ ਰਹਿਣ ਵਾਲੀ ਕਨੁਪ੍ਰੀਤ ਕੌਰ ’ਤੇ ਦੋਸ਼ ਹੈ ਕਿ ਉਸ ਨੇ ਗੋਲੀ ਚਲਾਉਣ ਵਾਲੇ ਮੁਲਜ਼ਮ ਨੂੰ ਪੀੜਤ ਔਰਤ ਦੀ ਪਛਾਣ ਅਤੇ ਘਰ ਦਾ ਪਤਾ ਮੁਹੱਈਆ ਕਰਵਾਇਆ ਸੀ।

ਵਟਸਐਪ ’ਤੇ ਆਇਆ ਧਮਕੀ ਭਰਿਆ ਮੈਸੇਜ

ਪੁਲਿਸ ਅਨੁਸਾਰ ਇਸ ਮਾਮਲੇ ਦੀ ਜਾਂਚ 25 ਮਾਰਚ ਨੂੰ ਸ਼ੁਰੂ ਹੋਈ ਸੀ। ਉਸ ਦਿਨ ਪੀੜਤ ਔਰਤ ਨੂੰ ਇੱਕ ਅਣਜਾਣ ਨੰਬਰ ਤੋਂ ਵਟਸਐਪ ’ਤੇ ਧਮਕੀ ਭਰੇ ਟੈਕਸਟ ਅਤੇ ਵੌਇਸ ਮੈਸੇਜ ਮਿਲੇ ਸਨ।

ਔਰਤ ਤੋਂ ਵੱਡੀ ਰਕਮ ਦੀ ਮੰਗ ਕੀਤੀ ਗਈ ਸੀ, ਹਾਲਾਂਕਿ ਪੁਲਿਸ ਨੇ ਇਹ ਨਹੀਂ ਦੱਸਿਆ ਕਿ ਕਿੰਨੀ ਰਕਮ ਮੰਗੀ ਗਈ ਸੀ। ਜਾਂਚ ਮੁਤਾਬਕ ਧਮਕੀ ਦੇਣ ਵਾਲਿਆਂ ਕੋਲ ਔਰਤ ਦਾ ਨਾਮ, ਘਰ ਦਾ ਪਤਾ, ਕਾਰੋਬਾਰ ਅਤੇ ਪਰਿਵਾਰ ਨਾਲ ਸਬੰਧਤ ਨਿੱਜੀ ਜਾਣਕਾਰੀ ਪਹਿਲਾਂ ਤੋਂ ਮੌਜੂਦ ਸੀ।

ਧਮਕੀਆਂ ਮਿਲਣ ਤੋਂ ਕਰੀਬ 12 ਘੰਟਿਆਂ ਬਾਅਦ ਬਦਮਾਸ਼ਾਂ ਨੇ ਔਰਤ ਦੇ ਘਰ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਹਾਲਾਂਕਿ ਗੋਲੀਬਾਰੀ ਵਿੱਚ ਕੋਈ ਜ਼ਖ਼ਮੀ ਨਹੀਂ ਹੋਇਆ।

ਕੈਲਗਰੀ ਪੁਲਿਸ ਮੁਤਾਬਕ ਇਸ ਮਾਮਲੇ ਵਿੱਚ ਦੋ ਬਾਲਗਾਂ ਅਤੇ ਇੱਕ ਨਾਬਾਲਗ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ।

29 ਜੁਲਾਈ ਨੂੰ ਪੁਲਿਸ ਨੇ 17 ਸਾਲਾ ਨਾਬਾਲਗ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ’ਤੇ ਪੀੜਤ ਔਰਤ ਅਤੇ ਧਮਕੀ ਦੇਣ ਵਾਲਿਆਂ ਵਿਚਾਲੇ ਸੰਪਰਕ ਕਰਵਾਉਣ ਦਾ ਦੋਸ਼ ਹੈ। ਬਾਅਦ ਵਿੱਚ ਉਸ ਨੂੰ ਰਿਹਾਅ ਕਰ ਦਿੱਤਾ ਗਿਆ। ਯੂਥ ਕ੍ਰਿਮਿਨਲ ਜਸਟਿਸ ਐਕਟ ਤਹਿਤ ਉਸ ਦੀ ਪਛਾਣ ਜਨਤਕ ਨਹੀਂ ਕੀਤੀ ਗਈ।

ਕਨੁਪ੍ਰੀਤ ਕੌਰ ਨੂੰ 8 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਦਾ ਦੋਸ਼ ਹੈ ਕਿ ਉਸ ਨੇ ਪੀੜਤ ਦੀ ਨਿੱਜੀ ਜਾਣਕਾਰੀ ਮੁਹੱਈਆ ਕਰਵਾਈ, ਜਿਸ ਦੀ ਮਦਦ ਨਾਲ ਸ਼ੱਕੀਆਂ ਨੇ ਪੀੜਤ ਔਰਤ ਅਤੇ ਉਸ ਦੇ ਪਰਿਵਾਰ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ।

ਇੱਕ ਹੋਰ ਮੁਲਜ਼ਮ ਦੀ ਪੁਲਿਸ ਨੂੰ ਭਾਲ

ਪੁਲਿਸ ਨੂੰ ਕੈਲਗਰੀ ਵਾਸੀ ਤਨਵੀਰ ਸਿੰਘ ਦੀ ਭਾਲ ਹੈ। ਉਸ ਖ਼ਿਲਾਫ਼ 5,000 ਕੈਨੇਡੀਅਨ ਡਾਲਰ ਤੋਂ ਵੱਧ ਕੀਮਤ ਦੀ ਚੋਰੀ ਕੀਤੀ ਗੱਡੀ ਰੱਖਣ ਦੇ ਮਾਮਲੇ ਵਿੱਚ ਵਾਰੰਟ ਜਾਰੀ ਕੀਤਾ ਗਿਆ ਹੈ। ਪੁਲਿਸ ਮੁਤਾਬਕ ਇਸੇ ਗੱਡੀ ਦੀ ਵਰਤੋਂ ਗੋਲੀਬਾਰੀ ਦੌਰਾਨ ਕੀਤੀ ਗਈ ਸੀ।

Share This Article
Leave a Comment