ਕੈਨੇਡਾ ‘ਚ ਪੰਜਾਬੀ ਕੁੜੀ ਦਾ ਗੋਲੀਆਂ ਮਾਰ ਕੇ ਕਤਲ; ਪੁਲਿਸ ਵੱਲੋਂ ਜਾਂਚ ਜਾਰੀ

Global Team
3 Min Read

ਟੋਰਾਂਟੋ : ਵਿਦੇਸ਼ ਦੀ ਧਰਤੀ ਤੋਂ ਇਕ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ। ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿੱਚ ਪੰਜਾਬੀ ਕੁੜੀ ਨਵਨੀਤ ਕੌਰ (26) ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਿਸ ਅਨੁਸਾਰ ਟੋਰਾਂਟੋ ਦੇ ਹੰਬਰਵੁੱਡ ਬੁਲੇਵਾਰਡ ਅਤੇ ਰੈਕਸਡੇਲ ਬੁਲੇਵਾਰਡ (ਆਰਬਰਵੁੱਡ ਡਰਾਈਵ) ਇਲਾਕੇ ਵਿੱਚ ਇਹ ਵਾਰਦਾਤ 24 ਜੁਲਾਈ ਦੀ ਸਵੇਰ ਲਗਭਗ 7:23 ਵਜੇ ਵਾਪਰੀ।

ਮੁਲਜ਼ਮ ਦਾ ਨਾਂ ਸ਼ਰਨਦੀਪ ਸਿੰਘ (37) ਹੈ। ਪੁਲਿਸ ਮੁਤਾਬਕ ਵਾਰਦਾਤ ਤੋਂ ਪਹਿਲਾਂ ਮੁਲਜ਼ਮ ਅਤੇ ਨਵਨੀਤ ਕੌਰ ਵਿਚਕਾਰ ਕੁਝ ਦੇਰ ਗੱਲਬਾਤ ਹੋਈ, ਜਿਸ ਤੋਂ ਬਾਅਦ ਉਸ ਨੇ ਕੁੜੀ ‘ਤੇ ਗੋਲੀ ਚਲਾ ਦਿੱਤੀ। ਸੂਚਨਾ ਮਿਲਦਿਆਂ ਹੀ ਐਮਰਜੈਂਸੀ ਟੀਮ ਮੌਕੇ ‘ਤੇ ਪਹੁੰਚੀ ਅਤੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਵਾਰਦਾਤ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਸੀ। ਬਾਅਦ ਵਿੱਚ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ (OPP) ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਬ੍ਰੈਮਪਟਨ ਦਾ ਰਹਿਣ ਵਾਲਾ ਹੈ। ਉਸ ਨੂੰ 25 ਜੁਲਾਈ 2026 ਨੂੰ ਓਨਟਾਰੀਓ ਕੋਰਟ ਆਫ਼ ਜਸਟਿਸ ਵਿੱਚ ਪੇਸ਼ ਕੀਤਾ ਗਿਆ।

ਪੁਲਿਸ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ਵਿੱਚ ਇਹ ਟਾਰਗੇਟਿਡ ਸ਼ੂਟਿੰਗ ਜਾਪਦੀ ਹੈ। ਹਾਲਾਂਕਿ, ਪੁਲਿਸ ਨੇ ਅਜੇ ਤੱਕ ਕਤਲ ਦੇ ਕਾਰਨ ਜਾਂ ਮੁਲਜ਼ਮ ਅਤੇ ਮ੍ਰਿਤਕਾ ਦੇ ਰਿਸ਼ਤੇ ਨੂੰ ਲੈ ਕੇ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਮਾਮਲੇ ਦੀ ਜਾਂਚ ਜਾਰੀ ਹੈ।

ਦੂਜੇ ਪਾਸੇ, ਮ੍ਰਿਤਕਾ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਨਵਨੀਤ ਅਤੇ ਮੁਲਜ਼ਮ ਪਹਿਲਾਂ ਇੱਕ ਹੀ ਜਗ੍ਹਾ ਕੰਮ ਕਰਦੇ ਸਨ ਅਤੇ ਇੱਕ-ਦੂਜੇ ਨੂੰ ਜਾਣਦੇ ਸਨ। ਹਾਲਾਂਕਿ, ਦੋਵਾਂ ਵਿਚਕਾਰ ਕਿਸੇ ਤਰ੍ਹਾਂ ਦਾ ਪ੍ਰੇਮ ਸਬੰਧ ਨਹੀਂ ਸੀ। ਪਰਿਵਾਰ ਦੇ ਮੁਤਾਬਕ, ਮੁਲਜ਼ਮ ਪਹਿਲਾਂ ਤੋਂ ਹੀ ਵਿਆਹਿਆ ਹੈ ਅਤੇ ਉਸ ਦੇ ਬੱਚੇ ਵੀ ਹਨ। ਇਸ ਦੇ ਬਾਵਜੂਦ ਉਹ ਲਗਾਤਾਰ ਆਪਣੀ ਪਤਨੀ ਨੂੰ ਤਲਾਕ ਦੇ ਕੇ ਨਵਨੀਤ ਨਾਲ ਵਿਆਹ ਕਰਵਾਉਣ ਦਾ ਦਬਾਅ ਬਣਾ ਰਿਹਾ ਸੀ।

ਪਰਿਵਾਰਕ ਮੈਂਬਰਾਂ ਅਨੁਸਾਰ, ਮੁਲਜ਼ਮ ਦੀਆਂ ਲਗਾਤਾਰ ਕਰਤੂਤਾਂ ਤੋਂ ਪਰੇਸ਼ਾਨ ਹੋ ਕੇ ਨਵਨੀਤ ਲਗਭਗ ਦੋ-ਤਿੰਨ ਮਹੀਨੇ ਪਹਿਲਾਂ ਭਾਰਤ ਆਈ ਸੀ। ਉਸ ਨੇ ਕੁਝ ਸਮਾਂ ਪੰਜਾਬ ਵਿੱਚ ਆਪਣੇ ਪਰਿਵਾਰ ਨਾਲ ਡਰ ਦੇ ਮਾਹੌਲ ਵਿੱਚ ਬਿਤਾਇਆ ਅਤੇ ਬਾਅਦ ਵਿੱਚ ਵਾਪਸ ਕੈਨੇਡਾ ਚਲੀ ਗਈ ਸੀ। ਪਰਿਵਾਰ ਦਾ ਕਹਿਣਾ ਹੈ ਕਿ ਉਹ ਚੰਗੀ ਨੌਕਰੀ ਕਰ ਰਹੀ ਸੀ ਅਤੇ ਆਪਣੇ ਕਰੀਅਰ ‘ਤੇ ਧਿਆਨ ਦੇ ਰਹੀ ਸੀ।

ਟੋਰਾਂਟੋ ਪੁਲਿਸ ਨੇ ਘਟਨਾ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ। ਪੁਲਿਸ ਨੇ ਆਸ-ਪਾਸ ਦੇ ਇਲਾਕੇ ਦੀ ਸੀਸੀਟੀਵੀ (CCTV) ਅਤੇ ਡੈਸ਼ਕੈਮ ਫੁਟੇਜ ਰੱਖਣ ਵਾਲੇ ਲੋਕਾਂ ਨੂੰ ਵੀ ਜਾਂਚ ਵਿੱਚ ਸਹਿਯੋਗ ਕਰਨ ਲਈ ਕਿਹਾ ਹੈ।

Share This Article
Leave a Comment