ਪੰਜਾਬੀ ਸਭਿਆਚਾਰਕ ਗੀਤਾਂ ਦੀ ਰਾਣੀ ਸੀ ਪ੍ਰਕਾਸ਼ ਕੌਰ

TeamGlobalPunjab
2 Min Read

-ਅਵਤਾਰ ਸਿੰਘ

ਲੋਕ ਗਾਇਕਾਂ ਪ੍ਰਕਾਸ਼ ਕੌਰ ਦਾ ਜਨਮ ਲਾਹੌਰ ਵਿੱਚ 19 ਸਤੰਬਰ 1919 ਨੂੰ ਹੋਇਆ। ਜਦ ਰਿਸ਼ਤੇਦਾਰੀ ਵਿੱਚ ਜਾਂ ਕਿਸੇ ਹੋਰ ਵਿਆਹ ਸ਼ਾਦੀ ਮੌਕੇ ਬਜ਼ੁਰਗ ਔਰਤਾਂ ਨੂੰ ਗੀਤ-ਸੁਹਾਗ-ਘੋੜੀਆਂ, ਸਿੱਠਣੀਆਂ ਗਾਉਂਦਿਆਂ ਸੁਣਦੀ ਤਾਂ ਆਪ ਮੁਹਾਰੇ ਹੀ ਉਹਦੇ ਬੁੱਲ ਵੀ ਫਰਕਣ ਲੱਗ ਪੈਂਦੇ। ਸਹਿਜੇ ਸਹਿਜੇ ਉਹ ਵੀ ਉਹਨਾਂ ਨਾਲ ਰਲ ਕੇ ਗਾਉਣ ਲੱਗੀ। ਸੋਨੇ ‘ਤੇ ਸੁਹਾਗੇ ਦਾ ਕੰਮ ਕਰਨ ਵਾਲੀ ਸੀ ਉਹਦੀ ਮਖ਼ਮਲੀ ਆਵਾਜ਼ ਨੇ ਨਜ਼ਦੀਕੀ ਰਿਸ਼ਤੇਦਾਰਾਂ ਦੋਸਤਾਂ, ਪਿਆਰਿਆਂ ਦੇ ਵਿਆਹ ਸ਼ਾਦੀਆਂ ਵਿੱਚ ਉਹਦੀ ਹੋਂਦ ਨੂੰ ਜ਼ਰੂਰੀ ਬਣਾ ਦਿੱਤਾ।ਉਸ ਦੌਰ ਵਿੱਚ ਉਹਦੇ ਬਰਾਬਰ ਗਾਉਣ ਵਾਲੀ ਹੋਰ ਕੋਈ ਗਾਇਕਾ ਨਹੀਂ ਸੀ, ਜੇ ਕੋਈ ਸੀ ਤਾਂ ਉਹ ਸੀ ਉਹਦੀ ਹੀ ਛੋਟੀ ਭੈਣ ਸੁਰਿੰਦਰ ਕੌਰ।

ਸਮੇਂ ਦੇ ਮਾਹੌਲ ਅਨੁਸਾਰ ਨੂੰਹ-ਧੀ ਦਾ ਇਸ ਤਰ੍ਹਾਂ ਸ਼ਰੇਆਮ ਗਾਉਣਾ ਚੰਗਾ ਨਹੀਂ ਸੀ ਸਮਝਿਆ ਜਾਂਦਾ। ਪਰਿਵਾਰ ਲਈ ਪ੍ਰਵਾਨ ਨਹੀਂ ਸੀ, ਇਸ ਲਈ ਸਿਰਫ 15 ਸਾਲ ਦੀ ਉਮਰ ਵਿੱਚ ਹੀ ਉਸਦੇ ਹੱਥ ਪੀਲੇ ਕਰਦਿਆਂ ਸਹੁਰੇ ਘਰ ਲਈ ਰਵਾਨਾ ਕਰ ਦਿੱਤਾ। ਉਹ ਵਿਹਲੇ ਸਮੇਂ ਹਰਮੋਨੀਅਮ ਦੀਆਂ ਸੁਰਾਂ ਨਾਲ ਸੁਰਾਂ ਮਿਲਾ ਕੇ ਟਾਈਮ ਪਾਸ ਕਰਦੀ ਰਹੀ। ਪਰ 22 ਸਾਲ ਦੀ ਉਮਰ ਵਿੱਚ 1941 ਨੂੰ ਜਦੋਂ ਪਿਸ਼ਾਵਰ ਰੇਡੀਓ ਸਟੇਸ਼ਨ ਤੋਂ ਉਹਦਾ ਪਹਿਲਾ ਗੀਤ ਮਾਂਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ ਪ੍ਰਸਾਰਿਤ ਹੋਇਆ ਤਾਂ ਬੱਸ ਉਸ ਦਿਨ ਤੋਂ ਬਾਅਦ ਉਸ ਨੇ ਪਿਛਾਂਹ ਮੁੜ ਕੇ ਨਾ ਵੇਖਿਆ। ਅੱਜ ਵੀ ਉਹਦੇ ਗਾਏ ਬਹੁਤ ਗੀਤ ਵਿਆਹਾਂ ਮੌਕੇ ਲੇਡੀਜ਼ ਸੰਗੀਤ ਸਮੇਂ ਗਾਏ ਜਾਂਦੇ ਹਨ।

ਜਿੱਥੇ ਪ੍ਰਕਾਸ਼ ਨੇ ਇਕੱਲਿਆਂ ਗਾਇਆ, ਉੱਥੇ ਸੁਰਿੰਦਰ ਕੌਰ, ਆਸਾ ਸਿੰਘ ਮਸਤਾਨਾ ਤੇ ਤ੍ਰਿਲੋਕ ਕਪੂਰ ਨਾਲ ਗੀਤ ਗਾਏ।ਬਹੁਤੇ ਗੀਤ ਹਜ਼ਾਰਾ ਸਿੰਘ ਰਮਤਾ ਨਾਲ ਗਾਏ। ਉਸਦੇ ਮਕਬੂਲ ਗੀਤਾਂ ਵਿੱਚ ਬਾਜਰੇ ਦਾ ਸਿੱਟਾ ਅਸਾਂ ਤਲੀ ‘ਤੇ ਮਰੋੜਿਆ.,ਅੜੀ ਵੇ ਅੜੀ, ਲੱਗੀ ਸਾਉਣ ਦੀ ਝੜੀ.,ਕਾਲਾ ਡੋਰੀਆ ਕੁੰਡੇ ਵਿਚ ਅੜਿਆ ਈ ਉਇ.,ਅੰਦਰ ਜਾਵਾਂ ਬਾਹਰ ਜਾਵਾਂ ਲਾਲ ਚੂੜਾ ਛਣਕਦਾ.,ਵੇ ਲੈ ਦੇ ਮੈਨੂੰ ਮਖ਼ਮਲ ਦੀ ਪੱਖੀ ਘੁੰਗਰੂਆਂ ਵਾਲੀ., ਆਦਿ ਹਨ। ਪ੍ਰਕਾਸ਼ ਕੌਰ ਨੇ ਬਹੁਤੇ ਗੀਤ ਨੰਦ ਲਾਲ ਨੂਰਪੁਰੀ ਦੇ ਹੀ ਗਾਏ।ਪੰਜਾਬੀ ਦੀ ਗਾਇਕਾ 62 ਕੁ ਵਰਿਆਂ ਦੀ ਹੀ ਸੀ ਕਿ ਗੁਰਦਿਆਂ ਦੇ ਰੋਗ ਅਤੇ ਇਕ ਕਾਰ ਹਾਦਸੇ ਕਾਰਨ ਉਹਦੀ ਸਿਹਤ ਵਿੱਚ ਨਿਘਾਰ ਆਉਣ ਨਾਲ ਇਹ ਬੁਲੰਦ ਆਵਾਜ਼ 2 ਨਵੰਬਰ 1982 ਨੂੰ ਸਦਾ ਲਈ ਚੁੱਪ ਹੋ ਗਈ।ਪਰ ਉਹਦੇ ਗਾਏ ਗੀਤਾਂ ਦਾ ਖ਼ਜ਼ਾਨਾ ਪੰਜਾਬੀਆਂ ਦੀ ਝੋਲੀ ਵਿੱਚ ਬਰਕਰਾਰ ਹੈ।

- Advertisement -

Share this Article
Leave a comment