ਪੰਜਾਬੀ ਸੱਭਿਆਚਾਰ – ਇਤਿਹਾਸ ਤੇ ਪ੍ਰਭਾਵ

TeamGlobalPunjab
22 Min Read

ਐੱਸ ਬਲਵੰਤ

-ਉੱਘਾ ਲੇਖਕ, ਸੀਨੀਅਰ ਪੱਤਰਕਾਰ, ਸਾਬਕਾ ਅੰਗਰੇਜੀ ਪ੍ਰਕਾਸ਼ਕ

ਜੇ ਅਸੀਂ ਸੰਪੂਰਣ ਪੰਜਾਬ ਜਾਂ ਪਹਿਲੇ ਭਾਰਤ ਦੇ ਉੱਤਰੀ ਖਿੱਤੇ ਦੇ ਇਤਿਹਾਸਕ ਪਹਿਲੂਆਂ ‘ਤੇ ਝਾਤ ਮਾਰੀਏ ਤਾਂ ਇਹ ਵੀ ਕਿਹਾ ਗਿਆ ਲੱਭਦਾ ਹੈ ਕਿ ਪੰਜਾਬ ਦੀ ਧਰਤੀ ਦਾ ਇਤਿਹਾਸ ਸਾਨੂੰ ਕਰੀਬ ਪੰਜ-ਛੇ ਲੱਖ  ਸਾਲ ਪਿਛਾਂਹ ਦੇ ਅਰਸੇ ਤੀਕ ਲੈ ਜਾਂਦਾ ਹੈ, ਪਰ ਜੋ ਆਰਕਿਓਲੋਜੀਕਲ ਖੋਜਾਂ ਰਾਹੀਂ ਤੱਥ ਪ੍ਰਾਪਤ ਹੋਏ ਹਨ ਉਨ੍ਹਾਂ ਮੁਤਾਬਿਕ ਤਾਂ ਹਾਲੇ ਈਸਾ ਤੋਂ ਕਰੀਬ 3000-4000  ਸਾਲ ਪਹਿਲਾਂ ਤੱਕ ਹੀ ਵਿਦਵਾਨ ਆਪੋ ਆਪਣੀਆਂ ਖੋਜਾਂ ਰਾਹੀਂ ਪ੍ਰਮਾਣ ਦੇ ਸਕੇ ਹਨ। ਉਨ੍ਹਾਂ ਖੋਜੀਆਂ ਅਨੁਸਾਰ ਦੁਨੀਆਂ ਭਰ ਵਿਚੋਂ ਮਨੁੱਖੀ ਸਭਿਆਚਾਰ ਦਾ ਜਨਮ ਸਭ ਤੋਂ ਪਹਿਲਾਂ ਇਸ ਜ਼ਮੀਨ ‘ਤੇ ਹੀ ਹੋਇਆ ਮੰਨਿਆ ਗਿਆ ਤੇ ਇਸੇ ਲਈ ਉਨ੍ਹਾਂ ਵਲੋਂ ਇਸ ਧਰਤੀ ਨੂੰ “ਹਿਸਟੌਰੀਕਲੀ ਮੋਸਟ ਇੰਪੌਰਟੈਂਟ ਪਰੋਵਿੰਸ ਆਫ ਇੰਡੀਆ” ਵੀ ਕਿਹਾ ਗਿਆ। ਉਨ੍ਹਾਂ ਵਿਦਵਾਨਾਂ ਨੇ ਹੀ ਉੱਥੇ ਇਹ ਵੀ ਦਰਜ ਕੀਤਾ ਹੈ ਕਿ ਸ਼ੁਰੂਆਤੀ ਯੁੱਗ ਵੇਲੇ ਤੋਂ ਹੀ ਮਨੁੱਖ ਨੂੰ ਆਪਣੇ ਆਸੇ ਪਾਸੇ ਤੇ ਬ੍ਰਹਿਮੰਡ ਜਾਂ ਕੁਦਰਤ ਪ੍ਰਤੀ ਮਾਮੂਲੀ ਗਿਆਨ ਹੋਣ ਕਾਰਨ ਉਹ ਸੰਘਣੇ ਪੱਤਿਆਂ ਵਾਲੇ ਦਰੱਖਤਾਂ ਹੇਠ ਵਾਸਾ ਤੇ ਕੁਦਰਤ ਵਲੋਂ ਉਗਾਏ, ਫਲ-ਫਰੂਟਾਂ ਜਾਂ ਜਾਨਵਰਾਂ ਤੇ ਮੱਛੀਆਂ ਦਾ ਸ਼ਿਕਾਰ ਕਰ ਕੇ ਹੀ ਜੀਵਤ ਰਹਿੰਦੇ ਸਨ।

ਇਹ ਵੀ ਇਕ ਸੰਪੂਰਣ ਸੱਚ ਹੈ ਕਿ ਹਰ ਜ਼ਰਖੇਜ਼ ਜ਼ਮੀਨ ਨੂੰ ਉਪਜਾਊ ਬਣਾਉਣ ਲਈ ਉੱਥੇ ਪਾਣੀ ਦਾ ਭੰਡਾਰ ਭਰਪੂਰ ਹੋਣਾ ਸਭ ਤੋਂ ਜ਼ਰੂਰੀ ਹੈ। ਜਿੱਥੋਂ ਤੀਕ ਇਤਿਹਾਸਕਾਰ ਜਾਂ ਆਰਕਿਓਲੋਜੀ ਦੇ ਮਾਹਰ ਪਹੁੰਚੇ ਹਨ ਉਨ੍ਹਾਂ ਮੁਤਾਬਿਕ ਪੰਜਾਬ ਦੇ ਇਲਾਕੇ ਵਿੱਚ ਸੱਤ ਨਦੀਆਂ ਦਾ ਵਾਸਾ ਹੋਣ ਕਰਕੇ ਇਸ ਨੂੰ ਉਪਜਾਊ ਬਨਾਉਣ ਲਈ ਇਥੇ ਪਾਣੀ ਦੀ ਭਰਪੂਰ ਉਪਲੱਭਧੀ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਇਸ ਇਲਾਕੇ ਨੂੰ ਉਦੋਂ ਸਪਤ-ਸਿੰਧੂ ਕਿਹਾ ਜਾਂਦਾ ਸੀ ਤੇ ਮਗਰੋਂ ਜਦੋਂ ਇਸ ‘ਚੋਂ 2 ਨਦੀਆਂ ਰਾਜਨੀਤਕ, ਕੁਦਰਤੀ ਕਹਿਰ ਤੇ ਭੁਗੋਲਿਕ ਕਾਰਣਾਂ ਕਰਕੇ ਖਾਰਜ ਹੋ ਗਈਆਂ ਤਾਂ ਇਹ ਪੰਜ ਦਰਿਆਵਾਂ ਦੀ ਧਰਤੀ ਬਣ ਗਈ ਤੇ ਤਦ ਤੋਂ ਇਸ ਦਾ ਨਾਂ ਪੰਜਾਬ ਅਖਵਾਉਣਾ ਸ਼ੁਰੂ ਹੋਇਆ।

ਉਂਜ ਤਾਂ ਸੰਸਾਰ ਭਰ ਦੀਆਂ ਮੁੱਖ ਸੱਭਿਆਤਾਵਾਂ ਦਰਿਆਵਾਂ ਦੇ ਕਿਨਾਰੇ ਵਸ ਕੇ ਹੀ ਪ੍ਰਫੁੱਲਤ ਹੋਈਆਂ, ਪਰ ਪੰਜਾਬ ਦੀ ਧਰਤੀ ਅਤੇ ਇਥੇ ਉਪਲੱਭਧ ਪਾਣੀ ਦਾ ਇਕ ਐਸਾ ਮਿਸ਼ਰਣ ਹੈ ਜਿਸ ਨੂੰ ਖੋਲ੍ਹਦੇ ਜਾਓ ਤਾਂ ਨਵੀਆਂ ਨਵੀਆਂ ਪਰਤਾਂ ਖੁੱਲ੍ਹਦੀਆਂ ਹੀ ਜਾਂਦੀਆਂ ਹਨ। ਇੱਥੋਂ ਦੇ ਇਤਿਹਾਸ ਨੂੰ ਕਿਤਿਉਂ ਵੀ ਖੋਲ੍ਹ ਲਓ ਨਵੀਆਂ ਗੱਲਾਂ ਸਾਹਮਣੇ ਆਉਣੀਆਂ ਸੁਭਾਵਿਕ ਹੀ ਹਨ। ਇਸ ਧਰਤੀ ਦੇ ਉਪਜਊ ਗੁਣਾਂ ਕਾਰਣ ਇਥੇ ਵੱਸਦੇ ਲੋਕਾਂ ਦੇ ਸੁਭਾਅ, ਸ਼ਰੀਰਕ ਬਣਤਰ, ਬਹਾਦੁਰੀ ਜਾਂ ਖੂਬਸੂਰਤੀ ਤੇ ਇਸ਼ਕ ਵੀ ਸਿਖਰਾਂ ਦੇ ਮਿਲਦੇ ਹਨ।

ਇਨ੍ਹਾਂ ਖੋਜਾਂ ਵਿਚ ਵਿਦਵਾਨਾਂ ਨੇ ਇਹ ਵੀ ਲੱਭਿਆ ਕਿ ਪੰਜ+ਆਬ (ਪੰਜਾਬ) ਦਾ ਜ਼ਿਕਰ ਤਾਰੀਖ਼-ਏ-ਸ਼ਾਹਸੂਰੀ ‘ਚ ਹੀ ਮਿਲਦਾ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਹ ਸ਼ਬਦ ਇੱਥੇ ਹੀ ਪਹਿਲੀ ਵਾਰ ਵਰਤੋਂ ‘ਚ ਆਇਆ। ਪਰ ਇਹ ਵੀ ਮੰਨਿਆਂ ਗਿਆ ਕਿ ਇਸ ਤੋਂ ਪਹਿਲਾਂ ਇਹੋ ਸ਼ਬਦ ਸੰਸਕ੍ਰਿਤ ਦੀਆਂ ਲਿਖ਼ਤਾਂ ਵਿਚ ਵੀ ਮਿਲਦਾ, ਜਿਸ ‘ਚ ਇਸ ਨੂੰ ”ਪੰਜਨਦ” ਕਿਹਾ ਗਿਆ ਕਿਉਂਕਿ ”ਪੰਜਨਦ” ਇਕ ਨਦੀ ਦਾ ਨਾਂਅ ਸੀ, ਜੋ ਪੰਜ ਦਰਿਆਵਾਂ-ਜੇਹਲਮ, ਝਨਾਬ, ਰਾਵੀ, ਬਿਆਸ ਤੇ ਸਤਲੁਜ ਦਾ ਮਿਸ਼ਰਨ ਸੀ ਅਤੇ ਬਹਾਵਲਪੁਰ ਜ਼ਿਲ੍ਹੇ (ਹੁਣ ਪਾਕਿਸਤਾਨ) ‘ਚ ਸਥਿਤ ਸੀ। ਜੇਹਲਮ ਤੇ ਰਾਵੀ ਦਰਿਆ ਝਨਾਬ ‘ਚ ਮਿਲ ਜਾਂਦੇ ਸਨ ਤੇ ਬਿਆਸ ਸਤਲੁਜ ‘ਚ ਤੇ ਅਖੀਰ ਸਤਲੁਜ ਤੇ ਝਨਾਬ ਉੱਚ ਸ਼ਰੀਫ ਤੋਂ ਦਸ ਮੀਲਾਂ ਬਾਅਦ ”ਪੰਜਨਦ” ‘ਚ ਜਾ ਮਿਲਦੇ, ਤੇ ਫਿਰ ਇਹੀ ਮਿੱਠਨਕੋਟ ‘ਚ ਇੰਡਸ ਨਦੀ ਬਣ ਜਾਂਦੇ ਤੇ ਜੋ ਅਖੀਰ ਅਰੇਬੀਅਨ ਸਮੁੰਦਰ ਵਿੱਚ ਜਾ ਲਗਦੇ ਹਨ। ”ਪੰਜਨਦ” ‘ਤੇ ਹੀ ਇੱਕ ਡੈਮ ਬਣਾਇਆ ਗਿਆ ਸੀ ਜਿੱਥੋਂ ਪੰਜਾਬ ਨੂੰ ਖੇਤੀ ਲਈ ਭਰਪੂਰ ਪਾਣੀ ਦਿੱਤਾ ਜਾਂਦਾ ਸੀ।

- Advertisement -

ਇਹ ਵੀ ਦੇਖਿਆ ਗਿਆ ਹੈ ਕਿ “ਪੰਜਾਬ” ਸ਼ਬਦ ਦੀ ਵਰਤੋਂ ਹੋਰ ਵਿਦਵਾਨਾਂ ਦੀਆਂ ਪੁਸਤਕਾਂ ‘ਚ ਵੀ ਹੋਈ ਮਿਲਦੀ ਹੈ। ਮਸਲਨ ”ਆਈਨ-ਏ-ਅਕਬਰੀ” ‘ਚ ਅਬੁੱਲ ਫਜ਼ਲ ਵਲੋਂ ਜ਼ਿਕਰ ਕੀਤਾ ਗਿਆ ਕਿ ਉਦੋਂ ਪੰਜਾਬ ਦੋ ਹਿੱਸਿਆਂ ਵਿਚ ਵੰਡਿਆ ਹੋਇਆ ਸੀ। ਇੱਕ ਲਾਹੌਰ ਤੇ ਦੂਸਰਾ ਮੁਲਤਾਨ। ਮੁਗ਼ਲ ਬਾਦਸ਼ਾਹ ਜਹਾਂਗੀਰ ਦੇ ਲੇਖਕਾਂ ਵਲੋਂ ਇਸ ਸ਼ਬਦ ਦੀ ਵਰਤੋਂ ”ਤੁਜ਼ਕ-ਏ-ਜਹਾਂਗੀਰੀ” ਵਿਚ ਵੀ ਕੀਤੀ ਗਈ ਮਿਲਦੀ ਹੈ। ਸ਼ਾਇਦ ਇਸ ਗੱਲ ‘ਤੇ ਵੀ ਵਧੇਰੇ ਯਕੀਨ ਕੀਤਾ ਜਾ ਸਕਦਾ ਹੈ ਕਿ ਪੰਜਾਬ ਦਾ ਇਤਿਹਾਸ ਬਹੁਤ ਪੁਰਾਣਾ ਤੇ ਜ਼ਿਕਰਯੋਗ ਤਾਂ ਹੈ ਹੀ, ਜਿਸ ਵਿਚ ਵੱਖ-ਵੱਖ ਸੱਭਿਆਤਾਵਾਂ ਵੱਸਦੀਆਂ ਤੇ ਉੱਜੜਦੀਆਂ ਰਹੀਆਂ ਅਤੇ ਸਮੇਂ ਦੇ ਨਾਲ ਨਾਲ ਉਨ੍ਹਾਂ ਸੱਭਿਅਤਾਵਾਂ ਦੇ ਪ੍ਰਭਾਵ ਵੀ ਪੰਜਾਬੀ ਸੱਭਿਆਚਾਰ ਦੀ ਹੋਂਦ ਨਾਲ ਜੁੜਦੇ ਗਏ।

ਉੱਤਰੀ ਭਾਰਤ ਦੇ ਇਸ ਇਲਾਕੇ ਰਾਹੀਂ ਵਿਦੇਸ਼ੀ ਧਾੜਵੀਆ ਦੀ ਆਮਦ ਇੱਥੇ ਲਗਾਤਾਰ ਹੀ ਹੁੰਦੀ ਰਹੀ ਹੈ। ਉਹ ਭਾਵੇਂ ਮੁਹੰਮਦ ਗੌਰੀ ਹੋਵੇ ਜਾਂ ਅਹਿਮਦ ਸ਼ਾਹ ਅਬਦਾਲੀ, ਹਲਾਕੂ ਹੋਵੇ ਜਾਂ ਚੰਗੇਜ਼ ਖਾਨ। ਪੰਜਾਬ ਨੂੰ ਰੌਂਦਣ ਲਈ ਕੋਈ ਨਾ ਕੋਈ ਤੁਰਿਆ ਹੀ ਰਹਿੰਦਾ ਸੀ, ਕਿਉਂਕਿ ਸੰਸਾਰ ਭਰ ਵਿਚ ਇਹ ਖਿੱਤਾ ਸਭ ਤੋਂ ਜ਼ਰਖੇਜ ਤੇ ਅਮੀਰ ਮੰਨਿਆਂ ਜਾਂਦਾ ਸੀ। ਇਸੇ ਲਈ ਇਸ ਨੂੰ ਲੁੱਟਣ ਜਾਂ ਇਸ ‘ਤੇ ਕਬਜ਼ਾ ਕਰਨ ਆਉਂਦੇ ਇਨ੍ਹਾਂ ਧਾੜਵੀਆਂ ਦੀਆਂ ਅੱਖਾਂ ਹਮੇਸ਼ਾਂ ਇਸ ਗੱਲ ‘ਤੇ ਹੀ ਟਿਕੀਆਂ ਰਹੀਆਂ, ਕਿ ਭਾਰਤ ਨੂੰ ਕਿਵੇਂ ਗੁਲਾਮ ਬਣਾ ਇਥੋਂ ਦੀ ਅਕਲ ਤੇ ਖਜ਼ਾਨੇ ਸਮੇਤ ਹੋਰ ਸੰਭਾਵਨਾਵਾਂ ਨੂੰ ਲੁੱਟਿਆ ਜਾ ਸਕੇ ਤੇ ਲਗਭਗ ਸਾਰੇ ਦੇ ਸਾਰੇ ਹਮਲਾਵਰਾਂ ਨੇ ਹਮੇਸ਼ਾਂ ਭਾਰਤ ਤੇ ਕਬਜ਼ਾ ਕਰਨ ਲਈ ਜ਼ਮੀਨੀ ਰਾਹ ਵਜੋਂ ਪੰਜਾਬ ਦੀ ਧਰਤੀ ‘ਚੋਂ ਲੰਘਣਾ ਹੀ ਜ਼ਰੂਰੀ ਸਮਝਿਆ। ਸਾਰੀਆਂ ਸਹੂਲਤਾਂ ਨੂੰ ਦੇਖਦਿਆਂ ਹਰ ਹਮਲਾਵਰ ਨੂੰ ਇਹੀ ਰਾਹ ਸੌਖਾ ਲੱਗਦਾ ਸੀ। ਵਿਦੇਸ਼ੀ ਧਾੜਵੀਆਂ ਵਲੋਂ ਇਸ ਪਾਸਿਓਂ ਹਮਲੇ ਕਰਨ ਦਾ ਸ਼ਇਦ ਇੱਕ ਕਾਰਨ ਇਹ ਵੀ ਹੋਵੇਗਾ ਕਿ ਭਾਰਤ ਦੇ ਬਾਕੀ ਸਾਰੇ ਪਾਸੇ ਸਮੁੰਦਰ ਦੇ ਪਾਣੀਆਂ ਨਾਲ ਘਿਰੇ ਹੋਏ ਸਨ।

ਪਰ ਹਰ ਹਮਲਾਵਰਾਂ ਦੇ ਆਉਂਦਿਆਂ-ਜਾਂਦਿਆਂ ਜੋ ਇਸ ਧਰਤੀ ‘ਤੇ ਵੱਸਦੇ ਇਸ ਦੇ ਸੱਭਿਆਚਾਰ ਤੇ ਆਰਥਿਕ ਨੁਕਸਾਨ ਹੁੰਦਾ, ਉਸ ਵਿਚ ਇਸ ਦੀ ਜਵਾਨੀ ਤੇ ਹੋਰ ਸਭ ਨੂੰ ਰੌਂਦਣ ਦੀ ਕੋਈ ਕਸਰ ਵੀ ਨਾ ਰਹਿਣ ਦਿੱਤੀ ਜਾਂਦੀ। ਪਰ ਕਮਾਲ ਦੀ ਗੱਲ ਇਹ ਵੀ ਹੈ ਕਿ ਇਸ ਧਰਤੀ ਦਾ ਬਾਸ਼ਿੰਦਾ ਦੂਸਰੇ ਦਿਨ ਫਿਰ ਖੜ੍ਹਾ ਮਿਲਦਾ ਤੇ ਬਿਨਾਂ ਕਿਸੇ ਅਫਸੋਸ ਦੇ ਖੁਸ਼ੀਆਂ ਤੇ ਚਹਿਲ-ਪਹਿਲ ਮਾਣਦਾ ਨਜ਼ਰ ਆਉਂਦਾ।

ਖੋਜੀਆਂ ਦੀਆਂ ਖੋਜਾਂ ਰਾਹੀਂ ਜੋ ਤੱਥ ਲੱਭੇ, ਉਨ੍ਹਾਂ ਇਹ ਪ੍ਰਮਾਣਿਤ ਕੀਤਾ ਕਿ ਸੋਆਨ ਵਾਦੀ ‘ਚ ਵੱਸਦੀ ਆਬਾਦੀ, ਸੰਘਣੇ ਦਰੱਖਤਾਂ, ਤੇ ਉਸ ਦੇ ਪਹਾੜਾਂ ‘ਚੋਂ ਲੱਭੀਆਂ ਗੁਫਾਵਾਂ ‘ਚ ਵਾਸਾ ਕਰਦੇ ਸਨ। ਲੋਕ ਕੁਦਰਤੀ ਉੱਗਦੇ ਫੱਲ, ਤੇ ਜਾਨਵਰਾਂ ਦਾ ਸ਼ਿਕਾਰ ਕਰਦੇ ਤੇ ਮੱਛੀਆਂ ਆਦਿ ਨੂੰ ਮਾਰ ਕੇ ਆਪਣੇ ਅੰਨ ਦਾ ਆਹਾਰ ਬਣਾਉਂਦੇ ਸਨ। ਮਗਰੋਂ ਜਦ ਇਨ੍ਹਾਂ ਨੂੰ ਖੇਤੀ ਦੀ ਸਮਝ ਆਈ ਤਾਂ ਇਹ ਲੋਕ ਪੱਥਰਾਂ ਤੋਂ ਬਿਨਾਂ ਆਪਣੇ ਔਜ਼ਾਰ ਬਣਾਉਣ ਲਈ ਤਾਂਬਾ, ਕਾਂਸਾ, ਤੇ ਲੱਕੜ ਦੀ ਵਰਤੋਂ ਵੀ ਕਰਨ ਲੱਗ ਪਏ। ਸੋਆਨਵਾਦੀ, ਜੋ ਕਿ ਹੁਣ ਰਾਵਲਪਿੰਡੀ ‘ਚ ਪੈਂਦਾ ਇਲਾਕਾ ਹੈ, ਵਿਚੋਂ ਇਹ ਸਬੂਤ ਵੀ ਮਿਲੇ ਹਨ ਕਿ ਹੜੱਪਾ ਤੇ ਮੋਹਿੰਜੋਦਾਰੋ ਦੇ ਸਮੇਂ ਲੋਕਾਂ ਦੀ ਜੀਵਨ ਸ਼ੈਲੀ ਇਨ੍ਹਾਂ ਚੀਜ਼ਾਂ ਉੱਪਰ ਹੀ ਆਧਾਰਿਤ ਸੀ। ਸ਼ਹਿਰੀ ਤਸੱਵੁਰ ਦਾ ਜ਼ਿਕਰ ਕਰਦਿਆ ਵਿਦਵਾਨ ਲਿਖਦੇ ਹਨ ਕਿ ਹੜੱਪਣ ਲੋਕਾਂ ਦਾ ਰਹਿਣ ਸਹਿਣ ਬਿਲਕੁਲ ਸ਼ਹਿਰੀ ਆਧਾਰ ਵਾਲਾ ਸੀ । ਹੁਣ ਵਾਲੇ ਪਾਕਿਸਤਾਨ ਤੇ ਪਹਿਲੇ ਪੰਜਾਬ ‘ਚ ਸਿੰਧ, ਮੋਹਿੰਜੋਦਾਰੋ, ਹੜੱਪਾ, ਤੇ ਹੁਣ ਦੇ ਹਿਮਾਚਲ ‘ਚ ਊਨਾ ਜ਼ਿਲ੍ਹੇ ‘ਚ ਪੈਂਦੀਆਂ ਸ਼ਿਵਾਲਿਕ ਪਹਾੜੀਆਂ, ਹਮੀਰਪੁਰ, ਪਿੰਜੌਰ ਤੇ ਰੋਪੜ ‘ਚ ਹੋਈਆਂ ਕਈ ਸਾਰੀਆਂ ਖੁਦਾਈਆਂ ਨੇ ਵੀ ਇਹ ਸਿੱਧ ਕੀਤਾ ਹੈ । ਉਸ ਵੇਲੇ ਦੀ ਇਕ ਇਮਾਰਤ ਦੇ ਅਵਸ਼ੇਸਾਂ ਦੇ ਆਧਾਰ ਤੇ ਉਸ ਵੇਲੇ ਦੀ ਟਾਊਨ ਪਲੈਨਿੰਗ ਬਾਰੇ ਕਿਹਾ ਗਿਆ ਕਿ ਇਸਦੀ ਲੰਬਾਈ 169 ਫੁੱਟ ਤੇ ਚੌੜਾਈ 135 ਫੁੱਟ ਸੀ। ਇਸ ਵਿਚੋਂ ਦੋ ਬਲਾਕ ਮਿਲੇ ਹਨ ਜਿਨ੍ਹਾਂ ਦੇ ਪਾਸਿਆਂ ਤੇ 23-23 ਫੁੱਟ ਦਾ ਰਾਹ ਛੱਡਿਆ ਗਿਆ ਸੀ। ਇਸ ਦੇ ਇਕੋ ਬਲਾਕ ‘ਚ ਛੇ ਹਾਲ ਸਨ, ਜਿਨ੍ਹਾਂ ‘ਚੋਂ ਪੰਜ ਖਿੜਕੀਆਂ ਖੁੱਲ੍ਹਦੀਆਂ ਸਨ। ਤੇ ਅੱਗੋਂ ਫਿਰ ਇਕ ਇਕ ਹਾਲ ‘ਚੋਂ ਚਾਰ ਚਾਰ ਹਿੱਸੇ ਕੱਢੇ ਹੋਏ ਸਨ। ਉਸ ਵੇਲੇ ਗਲੀਆਂ ‘ਚ ਰੌਸ਼ਨੀ, ਪਾਣੀ, ਗੰਦ ਦੇ ਨਿਕਾਸ ਦਾ ਖਾਸ ਪ੍ਰਬੰਧ ਦਾ ਖਿਆਲ ਰੱਖਿਆ ਗਿਆ ਸੀ । ਘਰਾਂ ਦੇ ਮੰਜੇ, ਹੋਰ ਫਰਨੀਚਰ ਤੇ ਸਭ ਤੋਂ ਉੱਤਮ ਗੱਲ ਇਹ ਕਿ ਉਸ ਵੇਲੇ ਡਰੇਨੇਜ ਸਿਸਟਮ ਦਾ ਖਾਸ ਪ੍ਰਬੰਧ ਕੀਤਾ ਹੋਇਆ ਮਿਲਦਾ ਹੈ । ਹੜੱਪਣ ਲੋਕਾਂ ਨੇ ਆਪਣੀ ਭਾਸ਼ਾ ਵੀ ਵਿਕਸਤ ਕੀਤੀ ਸੀ, ਜਿਸ ਬਾਰੇ ਕਿਹਾ ਜਾਂਦਾ ਕਿ ਹਾਲੇ ਤੀਕ ਇਸ ਨੂੰ ਪੜ੍ਹਨ ‘ਚ ਕਾਮਯਾਬੀ ਨਹੀਂ ਮਿਲੀ।

ਇਸ ਤੋਂ ਪਿੱਛੋਂ ਵੀ ਹਰ ਸਮੇਂ ਪੰਜਾਬੀ ਸਭਿਆਚਾਰ ਵਿਚ ਤਬਦੀਲੀ ਆਉਂਦੀ ਰਹੀ ਹੈ, ਭਾਵੇਂ ਉਹ ਬੋਧੀ ਸਮਾਂ ਹੋਵੇ ਤੇ ਭਾਵੇਂ ਮੁਗਲਾਂ ਦਾ। ਸਿੱਖਾਂ ਦਾ ਰਾਜ ਆਇਆ ਤਾਂ ਉਸ ਵੇਲੇ ਵੱਖਰੇ ਪ੍ਰਭਾਵ ਕਬੂਲੇ ਗਏ। ਅੰਗਰੇਜ਼ਾਂ ਵੇਲੇ ਵੱਖਰੇ ਤੇ ਅੱਜ ਦਾ ਯੁਗ ਨਵੀਆਂ ਤਬਦੀਲੀਆਂ ਦੇਖ ਰਿਹਾ ਹੈ ਅਤੇ ਇਨ੍ਹਾਂ ਸਾਰਿਆਂ ਸਮਿਆਂ ਵਿਚ ਪੰਜਾਬੀਆਂ ਦੇ ਪਹਿਰਾਵੇ ਤੋਂ ਲੈ ਕੇ ਖਾਣ ਪੀਣ ਜਾਂ ਇਹ ਕਹਿ ਲਈਏ ਕਿ ਸੰਪੂਰਨ ਸਭਿਆਚਾਰਕ ਵਿਹਾਰ ਵਿਚ ਤਬਦੀਲੀ ਦੇਖੀ ਗਈ ਹੈ।

- Advertisement -

ਅਸੀਂ ਜਦੋਂ ਵੀ ਭਾਰਤ ਵਿਚਲੇ ਸਾਰੇ ਸਭਿਆਚਾਰਾਂ ਤੇ ਨਜ਼ਰ ਦੁੜਾਉਂਦੇ ਹਾਂ, ਤਾਂ ਸੁਭਾਵਿਕ ਹੀ ਭਾਰਤ ਦੇ ਵੱਖੋ ਵੱਖ ਸਭਿਆਚਾਰ ਸਾਡੇ ਸਾਹਮਣੇ ਖਿਲਰ ਪੈਂਦੇ ਹਨ। ਇਨ੍ਹਾਂ ਵਿਚਲੀਆਂ ਵੱਖੋ-ਵੱਖ ਖੂਬਸੂਰਤੀਆਂ ਵੀ ਸਾਡੀ ਨਜ਼ਰੀਂ ਪੈਂਦੀਆਂ ਹਨ ਤੇ ਵੱਖੋ ਵੱਖ ਸੰਦਰਭ ਵੀ ਸਾਹਮਣੇ ਆ ਜਾਂਦੇ ਹਨ। ਬਾਕੀ ਸਾਰੇ ਸਭਿਆਚਾਰ, ਭਾਵੇਂ ਪੱਛਮੀ, ਦੱਖਣੀ ਜਾਂ ਪੂਰਬੀ ਭਾਰਤੀ ਧਰਤੀ ‘ਤੇ ਵੱਸਦੇ ਲੋਕਾਂ ਰਾਹੀਂ ਆਪਣੀ ਹੋਂਦ ਦਾ ਆਭਾਸ ਕਰਾਉਂਦੇ ਹੋਣ, ਉਨ੍ਹਾਂ ‘ਚ ਭਾਵੇਂ ਬਹੁਤ ਸਾਰੀ ਸਭਿਆਚਾਰਕ ਅਮੀਰੀ ਆਈ ਹੋਵੇ, ਪਰ ਉਨ੍ਹਾਂ ‘ਚ ਪੰਜਾਬੀ ਸਭਿਆਚਾਰ ਦੇ ਮੁਕਾਬਲੇ ਦੂਜੇ ਸਭਿਆਚਾਰਾਂ ‘ਚੋਂ ਪ੍ਰਭਾਵ ਅਪਣਾਉਣ ਵਿਚ ਗਤੀ ਧੀਮੀ ਹੀ ਰਹੀ ਹੈ।

ਉੱਤਰੀ ਭਾਰਤ ਦੀ ਧਰਤੀ ‘ਤੇ ਵਸਦੇ ਲੋਕ ਸਭਿਆਚਾਰਕ ਪੱਖੋਂ ਲਗਾਤਾਰ ਪ੍ਰਫੁਲਤ ਹੁੰਦੇ ਰਹੇ ਹਨ ਅਤੇ ਪੰਜਾਬੀ ਸਭਿਆਚਾਰ ਵਿਚ ਨਿਰੰਤਰਤਾ ਅਤੇ ਬਦਲਾਅ ਇਸ ਦੀ ਹੋਂਦ ਵਿਚ ਹਮੇਸ਼ਾਂ ਨਜ਼ਰ ਆਉਂਦੇ ਰਹੇ ਹਨ। ਭਾਸਦਾ ਇਹ ਹੈ ਕਿ ਭਾਰਤ ਵਿਚ ਪੰਜਾਬੀ ਸਭਿਆਚਾਰ ਹੀ ਇਕ ਐਸਾ ਸਭਿਆਚਾਰ ਹੈ ਜੋ ਨਿਰੰਤਰ ਗਤੀਸੀæਲਤਾ ਵਿਚ ਗੜੁੱਚ ਰਿਹਾ ਹੋਵੇ। ਇਸ ਦੀਆਂ ਸਾਰੀਆਂ ਸ਼ਾਖਾਵਾਂ ਵਿਚ, ਭਾਵੇ ਉਹ ਪਹਿਰਾਵਾ ਹੋਵੇ ਜਾਂ ਰੀਤੀ-ਰਿਵਾਜ, ਭਾਸ਼ਾ ਜਾਂ ਉਤਪਾਦਨ, ਇਸ ਦੇ ਹਰੇਕ ਅੰਗ ਵਿਚ ਤੇਜ਼ੀ ਨਾਲ ਤਬਦੀਲੀ ਦੀ ਹੋਂਦ ਦੇਖੀ ਜਾ ਸਕਦੀ ਹੈ । ਔਰ ਸਭ ਤੋਂ ਖੂਬਸੂਰਤ ਗੱਲ ਇਹ ਹੈ ਕਿ ਪੰਜਾਬੀ ਹੀ ਇਕ ਐਸਾ ਸਭਿਆਚਾਰ ਹੈ ਜੋ ਓਪਰਲੇ ਪ੍ਰਭਾਵਾਂ ਨੂੰ ਸਭ ਤੋਂ ਜਲਦੀ ਪ੍ਰਵਾਨ ਕਰ ਉਨ੍ਹਾਂ ਨੂੰ ਆਪਣੇ ਆਪ ਵਿਚ ਜਜ਼ਬ ਕਰ ਲੈਂਦਾ ਰਿਹਾ ਹੈ। ਪਰ ਇਸ ਦੀ ਮੁੱਢਲੀ ਹੋਂਦ ਵਿਚ ਕੋਈ ਤਬਦੀਲੀ ਹੀ ਘੱਟ ਜ਼ਾਹਰ ਹੋਈ। ਜੇ ਅਸੀਂ ਖੇਤੀ-ਬਾੜੀ ਦੀ ਗੱਲ ਕਰੀਏ ਤਾਂ ਇਸ ਨੇ ਆਧੁਨਿਕ ਤੋਂ ਆਧੁਨਿਕ ਸਾਧਨ ਤੇ ਉਪਜ ਦੇ ਤਰੀਕੇ ਅਪਨਾਉਣ ਵਿਚ ਹਮੇਸ਼ਾਂ ਪਹਿਲ ਕੀਤੀ ਹੈ। ਇਸੇ ਤਰ੍ਹਾਂ ਪਹਿਰਾਵਾ, ਖਾਣ-ਪੀਣ, ਦਿੱਖ ਵਿਚ ਵੀ ਮਹੱਤਵਪੂਰਣ ਤਬਦੀਲੀਆ ਨੂੰ ਅਪਨਾਉਣ ਵਿਚ ਗੁਰੇਜ਼ ਹੀ ਨਹੀਂ ਸਗੋਂ ਪਹਿਲ ਕਰਦਾ ਰਿਹਾ ਹੈ। ਵਿਦੇਸੀ ਧਾੜਵੀਆਂ ਦੀ ਆਵਾਜਾਈ ਤੇ ਉਨ੍ਹਾਂ ਧਾੜਵੀਆਂ ‘ਚੋਂ ਬਚੇ ਲੋਕਾਂ ਦਾ ਇਸ ਧਰਤੀ ‘ਤੇ ਪੈਰ ਜਮਾਉਣ ਲਈ ਇਥੇ ਹੀ ਰਿਹਾਇਸ਼ ਕਰਕੇ ਸਥਾਨਕ ਸਭਿਆਚਾਰ ‘ਚ ਦਖ਼ਲ ਅੰਦਾਜ਼ੀ ਦਾ ਕਾਰਨ ਵੀ ਸਮਝ ਆਉਂਦਾ ਹੈ। ਇਹ ਸਭ ਕੁਝ ਪੰਜਾਬ ਦੇ ਲੋਕ-ਸਾਹਿਤ ਵਿਚੋਂ ਵੀ ਝਲਕਦਾ ਹੈ। ਹਰ ਵਿਦੇਸ਼ੀ ਹਮਲਾਵਰ ਦਾ ਸੱਭ ਤੋਂ ਪਹਿਲਾ ਟੀਚਾ ਹੀ ਇਸ ਦੇ ਖਜ਼ਾਨੇ, ਇਸ ਦੀ ਸਿਆਣਪ, ਇਸ ਦੇ ਹੁਸਨ ਨੂੰ ਲੁੱਟਣਾ ਹੁੰਦਾ ਰਿਹਾ।

ਪੰਜਾਬ ਵਿਚ ਔਖੇ ਦੌਰ ਵੀ ਆਏ ਤੇ ਪਿਛਲੀ ਲਗਭਗ ਪੂਰੀ ਸਦੀ ਦੀ ਜੇ ਗੱਲ ਕਰੀਏ ਤਾਂ ਆਜਾਦੀ ਦੀ ਲੜਾਈ, ਸੰਸਾਰ ਦੀਆਂ ਦੋ ਵੱਡੀਆਂ ਜੰਗਾਂ ਦੇ ਪ੍ਰਭਾਵ, ਤੇ ਦੇਸ਼ ਦੇ ਆਜ਼ਾਦ ਹੋਣ ਮਗਰੋਂ ਸਮਾਜਵਾਦ ਵੱਲ ਝੁਕਾਅ ਨੇ ਨਕਸਲਵਾਦੀ ਦੌਰ ਜਾਂ ਗੁਆਂਢੀ ਦੇਸ਼ਾਂ ਨਾਲ ਯੁੱਧ ਵੀ ਦੇਖੇ। ਪਿਛਲੀ ਡੇੜ੍ਹ ਸਦੀ ਦਾ ਸਮਾਂ ਆਜ਼ਾਦੀ ਦੀ ਲੜਾਈ ਦੇ ਘੋਲ ਵਿਚ ਹੀ ਗੁਜਾਰਿਆ ਜਦ ਭਾਰਤ ਵਿਚ ਅੰਗਰੇਜ਼ੀ ਹਕੂਮਤ ਦਿਨ-ਬਦਿਨ ਤਰੱਕੀ ਕਰ ਰਹੀ ਸੀ। ਅੰਗਰੇਜ਼ੀ ਹਕੂਮਤ ਨੂੰ ਭਾਰਤ ਦੀ ਧਰਤੀ ਤੋਂ ਹੋ ਰਹੇ ਕਾਰੋਬਾਰ ‘ਚੋਂ ਅੰਤਾਂ ਦੇ ਮੁਨਾਫੇ ਹੋ ਰਹੇ ਸਨ। ਕਿਰਤ ਦੇ ਨਾ-ਮੁਨਾਸਿਬ ਦਾਮ ਦੇਕੇ ਭਾਰਤੀ ਖਣਿਜ ਪਦਾਰਥਾਂ ਤੇ ਉਨ੍ਹਾਂ ‘ਚੋਂ ਉਤਪਾਦਨ ਬੇਸ਼ੁਮਾਰ ਮੁਨਾਫਾ ਕਮਾਇਆ ਜਾ ਰਿਹਾ ਸੀ। ਉਸ ਵੇਲੇ ਭਾਰਤੀ, ਤੇ ਖਾਸ ਕਰਕੇ ਪੰਜਾਬ ਦੇ ਖੇਤਾਂ ਵਿਚ ਉੱਗ ਕੇ ਫੈਲੀ ਬੇਸ਼ੁਮਾਰ ਕਪਾਹ ਦੀ ਤੁਲਨਾ ਲੋਕ ਬਰਫ ਨਾਲ ਲੱਦੀ ਜ਼ਮੀਨ ਨਾਲ ਮਿਲਾ ਕੇ ਕਰਦੇ ਸਨ। ਅੰਗਰੇਜ਼ਾਂ ਵਲੋਂ ਉਸੇ ਕਪਾਹ ਨੂੰ ਵਿਲਾਇਤ ਲਿਜਾਣਾ, ਤੇ ਇਸ ਕੱਚੇ ਮਾਲ ਨਾਲ ਗਰਮ ਕੱਪੜੇ ਬਣਾ ਮੁੜ ਭਾਰਤੀ ਤੇ ਸੰਸਾਰਕ ਧਰਤੀਆਂ ‘ਤੇ ਵੇਚਣਾ ਅੰਗਰੇਜ਼ਾਂ ਦਾ ਰੀਝ ਬਣ ਗਈ ਸੀ।

ਪਰ ਇਸ ਦੇ ਨਾਲ ਨਾਲ ਅੰਗਰੇਜ਼ੀ ਅਫਸਰ ਆਪਹੁਦਰਾਸ਼ਾਹੀ ਵੀ ਫੈਲਾ ਰਹੇ ਸਨ। ਥਾਂ-ਥਾਂ ‘ਤੇ ਆਮ ਨਾਗਰਿਕ ‘ਤੇ ਜ਼ੁਲਮ ਹੋ ਰਿਹਾ ਸੀ। ਅਫਸਰਾਂ ਦੇ ਸੁਭਾਅ ‘ਚੋਂ ਹੀ ਇਕ ਰੁਹਬ ਫੈਲਦਾ ਦੇਖਿਆ ਜਾ ਰਿਹਾ ਸੀ। ਹਾਲਾਂਕਿ ਹਾਕਮ ਜਮਾਤ ਨੇ ਇਸ ਬਾਰੇ ਕਦੇ ਕੋਈ ਆਦੇਸ ਨਹੀਂ ਸਨ ਦਿੱਤੇ ਪਰ ਅਫਸਰਸ਼ਾਹੀ ਇਸੇ ਵਿਹਾਰ ਨੂੰ ਪੂਰੀ ਤਰ੍ਹਾਂ ਫੈਲਾਅ ਰਹੀ ਸੀ। ਇਹੀ ਕਾਰਨ ਸੀ ਕਿ ਅੰਗਰੇਜ਼ ਦੇ ਖਿਲਾਫ 1857 ਵਿਚ ਬਗਾਵਤ ਸ਼ੁਰੂ ਹੋ ਗਈ। ਮੇਰਠ ਦੀ ਛਾਉਣੀ ਵਿਚ ਇਕ ਸਿਪਾਹੀ ਨੂੰ ਬੰਦੂਕ ਦਾ ਕਾਰਤੂਸ ਮੂੰਹ ਨਾਲ ਖੋਲ੍ਹ ਕੇ ਬੰਦੂਕ ਵਿਚ ਪਾ ਕੇ ਚਲਾਉਣ ਲਈ ਕਿਹਾ ਗਿਆ ਜਿਸ ਤੋਂ ਉਹ ਆਪਣੇ ਮਜ਼ਹਬ ਦੀ ਪ੍ਰਾਥਮਿਕਤਾ ਦੇ ਮੱਦੇ ਨਜ਼ਰ ਹੁਕਮ ਮੰਨਣ ਤੋਂ ਇਨਕਾਰੀ ਹੋ ਗਿਆ। ਇਸ ਤੇ ਹੋਰ ਫੌਜੀ ਵੀ ਉਸ ਨਾਲ ਮਿਲ ਗਏ ਤੇ ਹੌਲੀ ਹੌਲੀ ਸਾਰੇ ਭਾਰਤ ਵਿਚ ਬਗਾਵਤ ਸ਼ੁਰੂ ਹੋ ਗਈ। ਇੱਧਰ ਝਾਂਸੀ ਦੇ ਰਾਜੇ ਦੇ ਪਰਿਵਾਰ ‘ਚੋਂ ਲਕਸ਼ਮੀ ਬਾਈ ਨੇ ਲਸ਼ਕਰ ਮੁਹਰੇ ਬਿਗੁਲ ਵਜਾ ਦਿੱਤਾ ਤੇ ਉਧਰ ਤਾਂਤੀਆ ਟੋਪੇ ਨੇ ਵੀ ਆਪੋ-ਆਪਣੇ ਮਿਆਨਾਂ ‘ਚੋਂ ਤਲਵਾਰਾਂ ਕੱਢ ਲਈਆਂ। ਲੋਕਾਂ ਦੇ ਮਨਾਂ ਵਿਚ ਗੁੱਸਾ ਪਹਿਲਾਂ ਹੀ ਬਹੁਤ ਭਰਿਆ ਹੋਇਆ ਸੀ ਤਾਂ ਪੂਰੇ ਭਾਰਤ ਵਿਚ ਹੀ ਅੰਗ੍ਰੇਜਾਂ ਦੇ ਖਿਲਾਫ ਘਮਾਸਾਨ ਯੁੱਧ ਛਿੜ ਗਿਆ। ਮੇਰਠ ਦੇ ਫੌਜੀਆਂ ਦੀਆਂ ਪਲਟਣਾ ਦਿੱਲੀ ਪਹੁੰਚਣੀਆਂ ਸ਼ੁਰੂ ਹੋਈਆਂ ਤਾਂ ਇਕ ਵੱਡਾ ਮਿਲਟਰੀ ਮਾਰਚ ਕੀਤਾ ਗਿਆ। ਉਦੋਂ ਹੀ ਅਸਲੀ ਮੁਗਲ ਬਾਦਸ਼ਾਹ ਬਹਾਦੁਰ ਸ਼ਾਹ ਜ਼ਫਰ ਨੂੰ ਮੁਹਰੇ ਕਰ ਉਸ ਦੀ ਤਾਜਪੋਸ਼ੀ ਕੀਤੀ ਗਈ। ਤੇ ਉਸ ਦੀ ਮਰਦਾਨਗੀ ਨੂੰ ਵੰਗਾਰਿਆ ਗਿਆ। ਅੰਗ੍ਰੇਜ਼ਾਂ ਵਲੋਂ ਦਮੜੇ ਸੁੱਟ ਕੇ ਖਰੀਦੇ ਫੌਜੀਆਂ ਦੇ ਸਾਥ ਨਾਲ ਅੰਗ੍ਰੇਜ਼ੀ ਅਫਸਰਾਂ ਭਾਰਤੀ ਯੋਧਿਆਂ ਨਾਲ ਤਲਵਾਰਾਂ ਤਾਂ ਖੜਕਾਈਆਂ ਪਰ ਅਖੀਰ ਅੰਗ੍ਰੇਜ਼ ਇਸ ਧੂਣੀ ਨੂੰ ਦਬਾਉਣ ਵਿਚ ਕਾਮਯਾਬ ਹੋ ਗਏ ਤੇ ਫਿਰ ਹੋਇਆ ਈਸਟ ਇੰਡੀਆ ਕੰਪਨੀ ਦਾ ਜਨਮ।

ਪਰ ਧੂਣੀ ਦੀ ਅੱਗ ਕਦੇ ਨਾ ਬੁਝ ਸਕੀ ਤੇ ਕਦੇ ਉਹ ਕੈਨੇਡਾ ਦੇ ਟਾਪੂਆਂ ਤੇ ਗਦਰੀ ਲਹਿਰ ਬਣ ਫੈਲ ਜਾਂਦੀ ਤੇ ਕਦੇ ਉਹ ਨਾਮਧਾਰੀ ਸਮਾਜ ਦੇ ਕੂਕਿਆਂ ਨੂੰ ਤੋਪਾਂ ਮੁਹਰੇ ਬੰਨ੍ਹ ਜ਼ਿੰਦਾ ਲੋਕਾਂ ਨੂੰ ਉਡਾਉਣ ਦੀ ਕੋਸ਼ਿਸ਼ ਕਰ ਹਾਕਮੀ ਤਾਕਤ ਦਾ ਮੁਜ਼ਾਹਿਰਾ ਕਰਦੀ। ਪਰ ਫਿਰ ਭਾਰਤ ਦੇ ਇਤਿਹਾਸ ਵਿਚ ਆਇਆ ਉਹ ਮਨਹੂਸ ਦਿਨ ਜਦ ਅੰਗ੍ਰੇਜ਼ਾਂ ਨੇ ਹਿੰਦੂ-ਸਿੱਖ-ਮੁਸਲਮਾਨ ਨੂੰ ਵੱਖ ਕਰ ਲੜਾਉਣ ਦੀ ਸਾਜ਼ਿਸ਼ ਦੀ ਸ਼ੁਰੂਆਤ ਕੀਤੀ ਤੇ ਉਹ ਸੀ 1872 ਦਾ। ਇਹ ਦਿਨ ਸੀ ਜਦ ਗੋਰਿਆਂ ਨੇ ਇਨ੍ਹਾਂ ਧਰਮਾਂ ਵਿਚ ਵਿਸ਼ਵਾਸ ਰੱਖਣ ਵਾਲੇ ਲੋਕਾਂ ਦੀ ਗਿਣਤੀ ਕਰਵਾਉਣ ਦੀ ਸ਼ੁਰੁਆਤ ਕੀਤੀ ਤੇ ਪੂਰੀ ਦੁਨੀਆਂ ਵਿਚ ਇਸ ਤਰ੍ਹਾਂ ਦੀ ਗਿਣਤੀ ਪਹਿਲੀ ਵੇਰ ਭਾਰਤ ‘ਚ 1881 ਵਿਚ ਹੋਈ, ਜਿਸ ਨਾਲ ਇਹ ਪਤਾ ਲਗਾਉਣ ਵਿਚ ਬਹੁਤ ਮਦਦ ਹੋਈ, ਕਿ ਕਿਹੜੀ ਵਸੋਂ ਦਾ ਕਿਹੜਾ ਹਿੱਸਾ ਕਿੱਥੇ ਜਾ ਵੱਸਿਆ ਹੈ। ਅੰਗ੍ਰੇਜ਼ੀ ਹਕੂਮਤ ਵਲੋਂ ਚਲਾਇਆ ਜ਼ਹਿਰ ਦਾ ਇਹ ਸਭ ਤੋਂ ਖਤਰਨਾਕ ਤੀਰ ਸੀ ਜਿਸ ਦੀ ਜ਼ਹਿਰ ਹੁਣ ਤੀਕ ਵੀ ਫੈਲ ਰਹੀ ਹੈ। ਹਿੰਦੁਸਤਾਨ-ਪਾਕਿਸਤਾਨ ਦਾ ਅਲੱਗ ਅਲੱਗ ਦੇਸ਼ ਬਣਨਾ, ਪੰਜਾਬ ਤੇ ਹੋਰ ਕਈ ਸੂਬਿਆਂ ਨੂੰ ਖੁੱਡੇ ਲਾਉਣਾ ਇਸੇ ਦੇ ਨਤੀਜੇ ਹਨ। ਤੇ ਉਨ੍ਹੀਂ ਦਿਨੀ ਵੱਖ ਵੱਖ ਮੋਰਚੇ ਲਗਣੇ ਸ਼ੁਰੂ ਹੋਏ। ਕਦੇ ਪੰਜਾਬੀ ਸੂਬਾ ਤੇ ਕਦੇ ਨਕਸਲੀ ਲਹਿਰ। ਕਦੇ ਖਾਲਿਸਤਾਨ ਦੀ ਮੰਗ ਤੇ ਕਦੇ ਕਈ ਹੋਰ ਸ਼ੁਰੂਆਤਾਂ।

ਤੇ ਜੇ ਇਸੇ ਨੂੰ ਆਧਾਰ ਮੰਨ ਕੇ ਅੱਗੇ ਸਮਝਿਆ ਜਾਵੇ ਕਿ ਕਿਉਂਕਿ ਪੰਜਾਬ ‘ਚ ਪਰਿਵਾਰਕ ਜ਼ਮੀਨਾਂ ਦੀ ਘਾਟ ਹੋਣ ਕਾਰਣ ਤੇ ਪੰਜਾਬੀ ਲੋਕਾਂ ਨੂੰ ਆਪਣੇ ਹੀ ਸੂਬੇ ਵਿਚ ਨੌਕਰੀਆਂ ਮੁਹੱਈਆ ਨਾ ਹੁੰਦੀਆਂ ਹੋਣ ਕਰਕੇ ਉਹੀ ਪੰਜਾਬੀ ਲੋਕ ਘਰੋਂ ਬੇ ਘਰ ਹੋ ਮਿਲਟਰੀ ਜਾਂ ਡਰਾਈਵਰੀ ਦੀ ਨੌਕਰੀ ਕਰਨ ਵਿਚ ਗ੍ਰਸਤ ਹੋਣੇ ਸ਼ੁਰੂ ਹੋਏ। ਤੇ ਨਤੀਜੇ ਵਜੋਂ ਪੰਜਾਬੀਆਂ ਨੂੰ ਫੌਜੀ ਬਣ ਘਰੋਂ ਬੇਘਰ ਹੋ ਸੰਸਾਰ ਜੰਗਾਂ ਤੀਕ ਝੁਲਸਦੇ ਤੋਪੀ ਗੋਲਿਆਂ ਮੁਹਰੇ ਸੁੱਟ ਹੋਣਾ ਸ਼ੁਰੂ ਹੋਇਆ। ਤੇ ਫਿਰ ਪੜ੍ਹੇ ਲਿਖੇ ਨੌਜੁਆਨਾਂ ਨੂੰ ਇੰਗਲੈਂਡ ਜਾਂ ਹੋਰ ਵਿਦੇਸ਼ੀ ਧਰਤੀਆਂ ‘ਤੇ ਜਾ ਲੋਹਾ ਪਿਘਲਾਉਣ ਵਾਲੀਆਂ ਫੈਕਟਰੀਆਂ ਵਿਚ ਅੱਗ ਦੀਆਂ ਭੱਠੀਆਂ ਮੁਹਰੇ ਸੁੱਟ ਪਿਆ।

ਸਮੁੱਚੇ ਭਾਰਤ ਤੇ ਅੱਖ ਰੱਖ ਕੇ ਹਰ ਹਮਲਾਵਰ ਪੰਜਬ ਦੀ ਧਰਤੀ ਵੱਲ ਹੀ ਮੂੰਹ ਕਰਦਾ ਸੀ, ਤੇ ਉਹ ਭਾਵੇਂ ਸਿਕੰਦਰ ਸੀ ਜਾਂ ਤੈਮੂਰ। ਚੰਗੇਜ਼ ਖਾਨ ਸੀ ਜਾਂ ਅਹਿਮਦ ਸ਼ਾਹ ਅਬਦਾਲੀ। ਸਭ ਆਉਂਦੇ ਜਾਂਦੇ ਪੰਜਾਬ ਨੂੰ ਹੀ ਰੌਂਦਦੇ ਰਹੇ। ਆਜ਼ਾਦੀ ਤੋਂ ਬਾਅਦ ਵਾਲੇ ਹਮਲਿਆਂ ਕਾਰਣ ਵੀ ਇਸ ਧਰਤੀ ਨੂੰ ਕਦੇ ਇੰਡਸਟਰੀਅਲ ਧਰਤੀ ਨਹੀਂ ਬਣਨ ਦਿੱਤਾ ਗਿਆ। ਆਜ਼ਾਦ ਭਾਰਤ ਦੀ ਹਕੂਮਤ ਪੰਜਾਬੀਆਂ ਨੂੰ ਇਹ ਕਹਿਕੇ ਟਾਲ ਦਿੰਦੀ ਕਿ ਜਦੋਂ ਹਮਲਾ ਹੋਵੇਗਾ, ਇਹ ਇੰਡਸਟਰੀ ਸਭ ਤੋਂ ਪਹਿਲਾਂ ਤਬਾਹ ਹੋਵੇਗੀ। ਇਸੇ ਕਰਕੇ ਇਥੋਂ ਦੀ ਜਨਸੰਖਿਆ ਨੂੰ ਹਮੇਸ਼ਾ ਤੋਰੇ ‘ਤੇ ਰਖਿਆ ਜਾਂਦਾ। ਇੰਡਸਟਰੀ ਨਾ ਹੋਣ ਕਰਕੇ ਨੌਕਰੀਆਂ ਪੈਦਾ ਨਹੀਂ ਸੀ ਕੀਤੀਆਂ ਜਾ ਸਕਦੀਆਂ। ਬਚੀਆਂ ਖੁਚੀਆਂ ਨੌਕਰੀਆਂ ਫੌਜ ਤੇ ਡਰਾਈਵਰੀ ਹੀ ਰਹਿ ਜਾਂਦੀ ਸੀ। ਪੰਜਾਬ ਦਾ ਬੰਦਾ ਤਾਂ ਮੁੱਖ ਤੌਰ ‘ਤੇ ਇਸੇ ਕਾਰਣ ਵਿਲਾਇਤ, ਮਲੇਸ਼ੀਆ, ਸਾਊਥ ਅਫਰੀਕਾ, ਜਾਂ ਹੋਰ ਬਹੁਤ ਸਾਰੇ ਦੇਸ਼ਾਂ ਵੱਲ ਭੱਜਦਾ ਸੀ। ਕਹਿੰਦੇ ਹਨ ਭਾਰਤ ਤੋਂ ਵਿਲਾਇਤ ਨੂੰ ਮਾਈਗਰੇਸ਼ਨ ਕਰਨ ਵਾਲਾ ਸਭ ਤੋਂ ਪਹਿਲਾ ਪੰਜਾਬੀ ਮਹਾਰਾਜਾ ਦਲੀਪ ਸਿੰਘ ਸੀ। ਫਿਰ ਮਹਾਰਾਣੀ ਜਿੰਦਾਂ। ਪਰ ਉਨ੍ਹਾਂ ਦੇ ਕਾਰਣ ਰਾਜਨੀਤਕ ਸਨ। ਪਹਿਲੀ ਤੇ ਦੂਜੀ ਸੰਸਾਰ ਜੰਗ, ਬਾਅਦ ‘ਚ ਬਚ ਗਏ ਫੌਜੀ ਕੁਝ ਪੰਜਾਬ ਵਾਪਿਸ ਪਰਤ ਆਏ ਤੇ ਬਾਕੀ ਜਿੱਥੇ ਜੱਥੇ ਉਹ ਗਏ ਸਨ ਉਥੇ ਹੀ ਵਸਦੇ ਗਏ। ਸਿੰਗਾਪੁਰ, ਮਲੇਸ਼ੀਆ ਵਿਚ ਵੀ ਉਨ੍ਹਾ ਦਿਨਾਂ ਵਿਚ ਅੰਗਰੇਜ਼ਾਂ ਦਾ ਰਾਜ ਹੋਣ ਕਰਕੇ ਵੀ ਵਧੇਰੇ ਕਰਕੇ ਸਿੱਖ ਪਰਿਵਾਰ ਉੱਥੇ ਹੀ ਵਸਦੇ ਗਏ। ਅਮਰੀਕਾ, ਕੈਨੇਡਾ ਆਸਟਰੇਲੀਆ, ਜਾਂ ਕੋਈ ਵੀ ਹੋਰ ਦੇਸ਼, ਮਾਈਗਰੇਸ਼ਨ ਪੰਜਾਬੀਆਂ ਦੀ ਹੀ ਸਭ ਤੋਂ ਪਹਿਲਾਂ ਤੇ ਵੱਧ ਹੁੰਦੀ।

ਅੱਜ ਜਦ ਕਿਸੇ ਨਤੀਜੇ ‘ਤੇ ਪਹੁੰਚਣਾ ਹੋਵੇ ਤਾਂ ਇਹ ਗੱਲ ਸ਼ਰਮ ਨਾਲ ਸਿਰ ਝੁਕਾਉਣ ‘ਤੇ ਮਜਬੂਰ ਕਰ ਦਿੰਦੀ ਹੈ ਕਿ ਜਿਸ ਧਰਤੀ ਦੇ ਖਜ਼ਾਨੇ ਪਾਣੀਆਂ ਤੇ ਜੀਵਨ ਦੀਆਂ ਹੋਰ ਲੋੜਾਂ ਨਾਲ ਭਰਪੂਰ ਹੋਣ, ਉਸ ਨੂੰ ਲੁੱਟਣ ਲਈ ਦੁਨੀਆਂ ਦੇ ਹਮਲਾਵਰ ਆਏ ਹੋਣ, ਅੱਜ ਉਸੇ ਧਰਤੀ ਦੇ ਲੋਕ ਆਪਣੀ ਉਸੇ ਧਰਤੀ ਨੂੰ ਛੱਡ ਕੇ ਦੂਸਰੀਆਂ ਧਰਤੀਆਂ ‘ਤੇ ਪਨਾਹ ਲੈਣ ਲਈ ਮਜਬੂਰ ਹੋਏ ਹੋਣ। ਇਹ ਵੀ ਨਹੀਂ ਕਿ ਮਾਈਗਰੇਸ਼ਨ ਵਿਚ ਪੰਜਾਬ ਹੀ ਸਭ ਤੋਂ ਅੱਗੇ ਸੀ। ਸਗੋਂ ਜੇ ਇਤਿਹਾਸ ਨੂੰ ਪੂਰੀ ਤਰ੍ਰ੍ਹਾਂ ਘੋਖੀਏ ਤਾਂ ਦੇਖਿਆ ਜਾ ਸਕਦਾ ਹੈ ਕਿ ਜਿੱਥੇ ਵੀ ਹਕੂਮਤ ਨੇ ਖਲਕਤ ਨੂੰ ਪਰੇਸ਼ਾਨ ਕੀਤਾ ਜਾਂ ਆਪੋ-ਆਪਣੇ ਕਿੱਤੇ ਤੋਂ ਬਾਹਰ ਰੱਖਿਆ ਉਹੀ ਲੋਕ ਦੌੜ ਕੇ ਮਾਈਗਰੇਟ ਕਰਦੇ ਰਹੇ ਹਨ। ਉਹ ਚਾਹੇ ਹਿੰਦੁਸਤਾਨ ਜਾਂ ਪਾਕਿਸਤਾਨ ਹੋਵੇ ਤੇ ਚਾਹੇ ਅਫਗਾਨਿਸਤਾਨ ਜਾਂ ਕਸ਼ਮੀਰ। ਸਮਾਜਵਾਦੀ ਪ੍ਰਬੰਧ ਟੁੱਟਣ ਤੋਂ ਬਾਅਦ, ਈਸਟ ਯੂਰਪ ਦੇ ਲੋਕ ਹੋਣ ਜਾਂ ਮੁਸਲਿਮ ਭਾਈਚਾਰੇ ਦੇ ਨੌਜੁਆਨ। ਹਾਂਗ ਕਾਂਗ ਜਾਂ ਇਰਾਕ। ਇਹ ਸਾਰੇ ਹੀ ਵਿਲਾਇਤ ਤੇ ਹੋਰ ਦੇਸ਼ਾਂ ਵਿਚਲੇ ਇੰਮੀਰੇਸ਼ਨ ਦੇ ਰੂਲਾਂ ਵਿਚ ਦਿੱਸਦੀਆਂ ਮਘੋਰੀਆਂ ਵਿਚ ਦੀ ਅੰਦਰ ਲੰਘ ਜਾਂਦੇ ਰਹੇ। ਇਹ ਆਪੋ-ਆਪਣੇ ਵਿਰਸੇ ‘ਚ ਪ੍ਰਾਪਤ ਕੀਤੀਆਂ ਗੱਲਾਂ ਵੀ ਨਾਲ ਹੀ ਲੈ ਗਏ। ਕੁਝ ਲੋਕ ਆਪੋ ਆਪਣੇ ਸਭਿਆਚਾਰ ਪ੍ਰਤ ਿਇਮਾਨਦਾਰ ਵੀ ਸਨ, ਜਿਨ੍ਹਾਂ ਆਪਣੀ ਸਭਿਅਤਾ ਨੂੰ ਬਰਕਰਾਰ ਰੱਖਣ ਲਈ ਇਸ ਦੀ ਸਹੀ ਆਲੰਬਰਦਾਰੀ ਵੀ ਕੀਤੀ। ਪਰ ਉਹ ਵੀ ਭੁੱਲ ਗਏ ਕਿ ਸਮਾਂ ਤਬਦੀਲੀ ਦਾਂ ਨਾਂਅ ਹੈ ਤੇ ਸਮੇਂ ਦੇ ਨਾਲ ਨਾਲ ਤੁਰਨਾ ਹੀ ਹੁੰਦਾ।

ਸੋ ਜੇ ਅੱਜ ਪੰਜਾਬੀ ਸਭਿਆਚਾਰ ਦੇ ਸਟੇਟੱਸ ਦੀ ਗੱਲ ਕਰੀਏ ਤਾਂ ਇਸ ਵਿਚ ਬਹੁਤ ਸਾਰੇ ਵੱਖਰੇ ਵੱਖਰੇ ਪ੍ਰਭਾਵ ਸ਼ਾਮਿਲ ਹੋ ਚੁਕੇ ਹਨ। ਪਹਿਰਾਵਾ, ਦਿੱਖ, ਆਹਾਰ, ਤੇ ਸਭ ਤੋਂ ਵੱਡੀ ਐਡੀਸ਼ਨ ਹੋਈ ਹੈ ਸੋਚ ਵਿਚ। ਜੇ ਅੱਜ ਦੀ ਨੌਜਵਾਨੀ ਨੂੰ ਦੇਖਣਾ ਤੇ ਭਾਂਪਣਾ ਹੈ ਤਾਂ ਉਸ ਨੂੰ ਉਸ ਉਮਰ ਦੇ ਬਣ ਕੇ ਦੇਖਣਾ ਹੋਵੇਗਾ। ਉਸ ਉਪਰ ਆਪਣੀ ਧਕੀਆਨੁਸੀ ਸੋਚ ਦਾ ਠੀਕਰਾ ਨਹੀਂ ਫੋੜਨਾ ਚਾਹੀਦਾ। ਅੱਜ ਦੀ ਨੋਜੁਆਨੀ ਵਿਚ ਮੁਖ ਤਬਦੀਲੀ ਇਹੀ ਹੈ ਕਿ ਉਹ ਫੋਕੀ ਧਕੀਆਨੂਸੀ ਸੋਚ ਤੋਂ ਬਾਗੀ ਹੈ ਪਰ ਉਹ ਚੇਤੰਨ ਹੈ ਆਪਣੇ ਬਾਰੇ ਤੇ ਉਸ ਅੰਦਰ ਉਸਰ ਰਹੇ ਭਵਿਖ ਬਾਰੇ। ਅੱਜ ਦੀ ਪੰਜਾਬੀ ਨੌਜਵਾਨੀ ਸੰਸਾਰ ਪੱਧਰ ਦੀਆਂ ਸੱਭਿਅਤਾਵਾਂ ਤੇ ਵਿਚਾਰਾਂ ਨਾਲ ਮੋਢਾ ਮਿਲਾ ਕੇ ਤੁਰ ਰਹੀ ਹੈ, ਚਾਹੇ ਉਹ ਨਾਅਸਾ ਦਾ ਪਲੇਟਫਾਰਮ ਹੋਵੇ ਜਾਂ ਮਾਕਿਰੋਸੌਫਟ ਦਾ। ਮੈਡੀਕਲ ਸਾਇੰਸ ਹੋਵੇ ਜਾਂ ਇਲੈਕਟ੍ਰੋਨਿਕ ਕਿੱਤੇ ਦਾ। ਅਧਿਆਤਮਵਾਦ ਹੋਵੇ ਜਾਂ ਪਦਾਰਥਵਦੀ ਸਭਿਆਚਾਰ। ਪੰਜਾਬੀ ਨੌਜਵਾਨੀ ਉਸ ਵਿਚ ਘਿੱਚ-ਮਿੱਚ ਕੇ ਖੜ੍ਹੀ ਹੈ ਹਮੇਸ਼ਾਂ ਵਾਂਗ। ਹਰ ਨਵੀਂ ਪੀੜੀ ਦੀ ਆਪਣੇ ਤੋਂ ਪਿਛਲੀ ਨਾਲ ਬਗਾਵਤ ਵਾਂਗ। ਹਮੇਸ਼ਾ ਵਕਤ ਦੇ ਨਾਲ ਮੋਢਾ ਮਿਲਾਕੇ ਚਲਦੇ ਰਹੇ ਪੰਜਾਬੀ ਨੌਜਵਾਨ ਨੂੰ ਅੱਜ ਵੀ ਉਸ ਦੀ ਸੋਚ ਤੇ ਸਮੇਂ ਦੀ ਰਫਤਾਰ ਨੂੰ ਸਮਝਦਿਆਂ ਗਲੇ ਲਗਾ ਕੇ ਹੀ ਇਸ ਨੂੰ ਸਮਝਿਆ ਤੇ ਪ੍ਰਫੁੱਲਤ ਕੀਤਾ ਜਾ ਸਕਦਾ ਹੈ ਨਾ ਕਿ ਲਾਠੀਆਂ ਜਾਂ ਸ਼ਬਦਾਂ ਦੇ ਬੰਬ ਚਲਾ ਕੇ।

Share this Article
Leave a comment