ਗੁਰੂ ਨਾਨਕ ਜਹਾਜ਼ ਫਿਲਮ ਦੇ ਪੰਜਾਬੀ ਅਦਾਕਾਰ ਦਾ ਕਤਲਕਾਂਡ: ਕਪੂਰਥਲਾ ਪੁਲਿਸ ਨੇ 12 ਘੰਟਿਆਂ ‘ਚ ਖੋਲਿਆ ਰਾਜ

Global Team
2 Min Read

ਕਪੂਰਥਲਾ: ਕਪੂਰਥਲਾ ਵਿੱਚ ਬੀਤੇ ਦਿਨੀਂ 30 ਸਾਲ ਦੇ ਗੱਤਕਾ ਅਧਿਆਪਕ ਸੋਧ ਸਿੰਘ ਦੇ ਕਤਲ ਮਗਰੋਂ ਲਾਸ਼ ਕਪੂਰਥਲਾ-ਸੁਲਤਾਨਪੁਰ ਲੋਧੀ ਮਾਰਗ ’ਤੇ ਮੁੰਡੀ ਮੋੜ ਨੇੜੇ ਮਾਝਾ ਪੈਟਰੋਲ ਪੰਪ ਕੋਲ ਮਿੱਟੀ ਵਿੱਚ ਨੱਪੀ ਹੋਈ ਮਿਲੀ। ਪੁਲਿਸ ਨੇ ਇਸ ਸਨਸਨੀਖੇਜ਼ ਮਾਮਲੇ ਨੂੰ 12 ਘੰਟਿਆਂ ਵਿੱਚ ਸੁਲਝਾਉਣ ਦਾ ਦਾਅਵਾ ਕੀਤਾ ਹੈ।

ਐੱਸਐੱਸਪੀ ਕਪੂਰਥਲਾ, ਗੌਰਵ ਤੂਰਾ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ 14 ਮਈ 2025 ਨੂੰ ਥਾਣਾ ਫੱਤੂਢੀਂਗਾ ਦੀ ਮੁਖ ਅਫਸਰ ਸੋਨਮਦੀਪ ਕੌਰ ਨੂੰ ਸੂਚਨਾ ਮਿਲੀ ਕਿ ਪਿੰਡ ਫੱਤੂਢੀਂਗਾ ਵਿੱਚ ਮਾਝਾ ਪੈਟਰੋਲ ਪੰਪ ਨੇੜੇ ਝਾੜੀਆਂ ਵਿੱਚ ਇੱਕ ਅਣਪਛਾਤੀ ਲਾਸ਼ ਪਈ ਹੈ। ਪੁਲਿਸ ਨੇ ਤੁਰੰਤ ਮੌਕੇ ’ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ ਵਿੱਚ ਲਿਆ ਅਤੇ ਸੋਧ ਸਿੰਘ ਦੀ ਸ਼ਨਾਖਤ ਉਸ ਦੇ ਭਰਾ ਜੁਗਰਾਜ ਸਿੰਘ ਨੇ ਕਪੂਰਥਲਾ ਸਿਵਲ ਹਸਪਤਾਲ ਵਿੱਚ ਕੀਤੀ। ਜੁਗਰਾਜ ਦੇ ਬਿਆਨ ’ਤੇ ਮੁਕੱਦਮਾ ਦਰਜ ਕੀਤਾ ਗਿਆ। ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਵੇਖਦਿਆਂ ਵਿਸ਼ੇਸ਼ ਪੁਲਿਸ ਟੀਮਾਂ ਬਣਾਈਆਂ ਗਈਆਂ, ਜਿਨ੍ਹਾਂ ਨੇ ਤਕਨੀਕੀ ਅਤੇ ਮਨੁੱਖੀ ਜਾਣਕਾਰੀਆਂ ਰਾਹੀਂ ਵਿਸਤ੍ਰਿਤ ਜਾਂਚ ਕੀਤੀ। ਸੀਸੀਟੀਵੀ ਫੁਟੇਜ ਦੀ ਵੀ ਪੜਤਾਲ ਕੀਤੀ ਗਈ।

ਜਾਂਚ ਵਿੱਚ ਸਾਹਮਣੇ ਆਇਆ ਕਿ ਮੁੱਖ ਮੁਲਜ਼ਮ ਜਗਮੋਹਣ ਸਿੰਘ, ਵਾਸੀ ਭੁਲੱਥ, ਨੇ ਸੋਧ ਸਿੰਘ ਦੀ ਇੱਕ ਲੜਕੀ ਨਾਲ ਦੋਸਤੀ ਕਾਰਨ ਰੰਜਿਸ਼ ਰੱਖੀ ਅਤੇ ਕਤਲ ਦੀ ਸਾਜਿਸ਼ ਰਚੀ। ਜਗਮੋਹਣ ਨੇ ਆਪਣੇ ਜੀਜੇ ਗੁਰਨੇਕ ਸਿੰਘ ਨਾਲ ਮਿਲ ਕੇ ਸੋਧ ਸਿੰਘ ਨੂੰ ਅਗਵਾ ਅਤੇ ਕਤਲ ਦੀ ਯੋਜਨਾ ਬਣਾਈ। ਗੁਰਨੇਕ ਨੇ ਆਪਣੇ ਪੁੱਤਰ ਪੋਹਲਜੀਤ ਸਿੰਘ ਅਤੇ ਸਾਥੀਆਂ ਰਨਦੀਪ ਸਿੰਘ, ਜਸ਼ਨਪ੍ਰੀਤ ਸਿੰਘ (ਉਰਫ ਜੱਸਾ), ਰਾਮ ਬਹਾਦਰ, ਅਤੇ ਮੁਖਤਿਆਰ ਸਿੰਘ ਨੂੰ ਸ਼ਾਮਲ ਕੀਤਾ। ਉਨ੍ਹਾਂ ਨੇ ਸੋਧ ਸਿੰਘ ਦਾ ਪਿੱਛਾ ਕੀਤਾ, ਮੁੰਡੀ ਮੋੜ ਨੇੜੇ ਅਗਵਾ ਕਰਕੇ ਕਾਰ ਵਿੱਚ ਸੁੱਟਿਆ ਅਤੇ ਕੁੱਟਮਾਰ ਕੀਤੀ। ਫਿਰ, ਉਹ ਉਸ ਨੂੰ ਗੜ੍ਹਸ਼ੰਕਰ ਨੇੜੇ ਸੁੰਨਸਾਨ ਜਗ੍ਹਾ ’ਤੇ ਲੈ ਗਏ ਅਤੇ ਰਾਤ ਨੂੰ ਕਤਲ ਕਰ ਦਿੱਤਾ। 10 ਮਈ ਦੀ ਸਵੇਰ, ਗੁਰਨੇਕ ਅਤੇ ਪੋਹਲਜੀਤ ਨੇ ਲਾਸ਼ ਨੂੰ ਮਾਝਾ ਪੰਪ ਨੇੜੇ ਝਾੜੀਆਂ ਵਿੱਚ ਸੁੱਟ ਦਿੱਤਾ। ਪੁਲਿਸ ਨੇ ਛੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਅਤੇ ਕਤਲ ਵਿੱਚ ਵਰਤੇ ਬੇਸਬਾਲ ਬੈਟ ਅਤੇ ਕਾਰਾਂ ਬਰਾਮਦ ਕੀਤੀਆਂ।

Share This Article
Leave a Comment