ਮਹਾਮਾਰੀ ਦੇ ਟਾਕਰੇ ਲਈ ਪਿੰਡਾਂ ਚ ਲੋਕਾਂ ਨੇ ਸੰਭਾਲ਼ੇ ਮੋਰਚੇ! ਕਈ ਮਹਿਲਾ ਸਰਪੰਚ ਬਣੀਆਂ ਮੋਹਰੀ

TeamGlobalPunjab
7 Min Read

-ਜਗਤਾਰ ਸਿੰਘ ਸਿੱਧੂ

ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਟਾਕਰੇ ਲਈ ਪੰਜਾਬ ਦੇ ਪਿੰਡਾਂ ਦੇ ਲੋਕ ਰਾਜਸੀ ਧੜੇਬੰਦੀਆਂ ਤੋਂ ਉਪਰ ਉੱਠ ਕੇ ਪਿੰਡਾਂ ਨੂੰ ਬਚਾਉਣ ਲੱਗੇ ਹਨ। ਪਿੰਡਾਂ ਦੇ ਲੋਕਾਂ ਵੱਲੋਂ ਗੁਰਦੁਆਰਾ ਸਾਹਿਬ ਜਾਂ ਹੋਰ ਸਾਂਝੀਆਂ ਥਾਵਾਂ ‘ਤੇ ਮੀਟਿੰਗਾਂ ਕਰਕੇ ਫੈਸਲੇ ਲਏ ਜਾ ਰਹੇ ਹਨ ਕਿ ਕਮੇਟੀਆਂ ਬਣਾ ਕੇ ਪਿੰਡਾਂ ਦੀ ਨਾਕਾਬੰਦੀ ਕੀਤੀ ਜਾਵੇ। ਇਸ ਸਰਗਰਮੀ ਵਿੱਚ ਪਿੰਡਾਂ ਦੀਆਂ ਪੰਚਾਇਤਾਂ, ਨਗਰ ਕੌਂਸਲਾਂ, ਸਮਾਜ-ਸੇਵੀ ਜਥੇਬੰਦੀਆਂ ਨੌਜਵਾਨ ਕਲੱਬਾਂ ਅਤੇ ਵੱਖ-ਵੱਖ ਰਾਜਸੀ ਧਿਰਾ ਦੀ ਸ਼ਮੂਲੀਅਤ ਹੈ। ਪੰਜਾਬ ਪੂਰੇ ਦੇਸ਼ ਵਿੱਚ ਇੱਕ ਨਿਵੇਕਲੀ ਮਿਸਾਲ ਇਹ ਪੈਦਾ ਕਰ ਰਿਹਾ ਹੈ ਕਿ ਹਰ ਪਿੰਡ ਦੇ ਗੁਰਦੁਆਰਾ ਸਾਹਿਬ ਨੂੰ ਮਾਨਵਤਾ ਦੀ ਸੇਵਾ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ। ਗੁਰਦੁਆਰਾ ਸਾਹਿਬ ਵਿੱਚ ਪਿੰਡ ਦੇ ਲੋਕਾਂ ਵੱਲੋਂ ਲੰਗਰ ਤਿਆਰ ਕੀਤੇ ਜਾਂਦੇ ਹਨ ਅਤੇ ਲੋੜਵੰਦਾਂ ਨੂੰ ਘਰ-ਘਰ ਜਾ ਕੇ ਵਰਤਾਇਆ ਜਾਂਦਾ ਹੈ। ਪਿੰਡ ਦੇ ਗੁਰਦੁਆਰਾ ਸਾਹਿਬ ਨੂੰ ਅਹਿਮ ਜਾਣਕਾਰੀ ਦੇਣ ਲਈ ਵੀ ਵਰਤਿਆ ਜਾ ਰਿਹਾ ਹੈ। ਅਕਸਰ ਹੀ ਗੁਰਦੁਆਰਾ ਸਾਹਿਬ ਦੇ ਲਾਊਡ ਸਪੀਕਰਾਂ ਤੋਂ ਕੋਰੋਨਾ ਵਾਇਰਸ ਵਿਰੁੱਧ ਲੜਾਈ ਲਈ ਅਹਿਮ ਮਾਮਲਿਆਂ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਬੇਸ਼ੱਕ ਪੁਲੀਸ ਪ੍ਰਸਾਸ਼ਨ, ਹਲਕੇ ਦੇ ਵਿਧਾਇਕ ਅਤੇ ਮੰਤਰੀ ਵੀ ਕਿਸੇ ਨਾ ਕਿਸੇ ਰੂਪ ‘ਚ ਆਪਣੇ ਲੋਕਾਂ ਨਾਲ ਜੁੜੇ ਹੋਏ ਹਨ ਅਤੇ ਕੜੀ ਵਜੋਂ ਕੰਮ ਕਰੇ ਰਹੇ ਹਨ ਪਰ ਲੱਗਦਾ ਹੈ ਕਿ ਪਿੰਡਾਂ ਵਿੱਚ ਮਹਾਮਾਰੀ ਦੇ ਟਾਕਰੇ ਲਈ ਲੋਕਾਂ ਨੇ ਆਪ ਮੋਰਚੇ ਸੰਭਾਲ ਲਏ ਹਨ।              ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਲੋਕਾਂ ਨੂੰ ਪਿਛਲੇ ਐਤਵਾਰ ਲਈ ਰਾਤੀ 9 ਵਜੇ 9 ਮਿੰਟ ਵਾਸਤੇ ਮੋਮਬੱਤੀਆਂ, ਦੀਵਿਆਂ  ਅਤੇ ਮੋਬਾਈਲ ਫੋਨਾਂ ਰਾਹੀਂ ਰੋਸ਼ਨੀਆਂ ਕਰਨ ਦਾ ਸੱਦਾ ਦਿੱਤਾ ਸੀ। ਦੇਸ਼ ਦੇ ਲੋਕਾਂ ਨੇ ਤਾਂ ਪ੍ਰਧਾਨ ਮੰਤਰੀ ਦੇ ਸੱਦੇ ‘ਤੇ ਫੁੱਲ ਚੜਾ ਦਿੱਤੇ ਪਰ ਹੇਠਲੀ ਪੱਧਰ ‘ਤੇ ਲੋਕਾਂ ਨੂੰ ਸਰਕਾਰ ‘ਤੇ ਇਹ ਭਰੋਸਾ ਨਹੀਂ ਵੱਜ ਰਿਹਾ ਕਿ ਇਸ ਮਹਾਮਾਰੀ ਦੇ ਟਾਕਰੇ ਲਈ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਨ੍ਹਾਂ ਪ੍ਰਬੰਧਾਂ ਨੂੰ ਲੈ ਕੇ ਡਾਕਟਰਾਂ ਦੀ ਸੁਰੱਖਿਆ, ਹਸਪਤਾਲਾਂ ਵਿੱਚ ਲੋੜੀਂਦਾ ਸਾਜੋ ਸਮਾਨ ਅਤੇ ਪ੍ਰਸਾਸ਼ਨ ਨਾਲ ਜੁੜੇ ਅਨੇਕਾਂ ਸਵਾਲ ਉੱਠੇ ਰਹੇ ਹਨ ਪਰ ਪੰਜਾਬ ਦੇ ਬਹੁਤੇ ਪਿੰਡਾਂ ਦੀਆਂ ਸਰਗਰਮੀਆਂ ਤੋਂ ਇਹ ਪ੍ਰਭਾਵ ਬਣ ਰਿਹਾ ਹੈ ਕਿ ਲੋਕ ਮਹਾਮਾਰੀ ਦੇ ਟਾਕਰੇ ਲਈ ਆਪਣੀ ਰੱਖਿਆ ਆਪ ਕਰਨ ਲੱਗੇ ਹਨ। ਪਿੰਡਾਂ ਵੱਲੋਂ ਬਾਹਰੋਂ ਆਉਂਦੇ ਸਾਰੇ ਰਸਤਿਆਂ ‘ਤੇ ਨਾਕਾਬੰਦੀ ਕੀਤੀ ਜਾ ਰਹੀ ਹੈ ਅਤੇ 24 ਘੰਟੇ ਲਈ ਪਹਿਰਾ ਦੇਣ ਵਾਸਤੇ ਟੀਮਾਂ ਤਿਆਰ ਕਰ ਲਈਆਂ ਗਈਆਂ ਹਨ। ਮਿਸਾਲ ਵਜੋਂ ਮਾਲਵੇ ਦੇ ਇੱਕ ਇਤਿਹਾਸਕ ਪਿੰਡ ਭਾਈਰੂਪਾ ਦੇ ਨੌਜਵਾਨ ਨੇਤਾ ਤੀਰਥ ਸਿੰਘ ਸਿੱਧੂ, ਜਥੇਦਾਰ ਸਤਨਾਮ ਸਿੰਘ ਅਤੇ ਨਗਰ ਕੌਂਸਲ ਦੇ ਉਪ ਪ੍ਰਧਾਨ ਮੱਲ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ਨੇ ਗੁਰਦੁਆਰਾ ਸਾਹਿਬ ਵਿੱਚ ਮੀਟਿੰਗ ਕਰਕੇ ਪਿੰਡ ਦੇ 13 ਨਾਕਿਆਂ ਨੂੰ ਨਾਕਾਬੰਦੀ ਕਰਕੇ ਬੰਦ ਕਰਨ ਦਾ ਫੈਸਲਾ ਲਿਆ ਹੈ। ਇਸ ਕੰਮ ਵਿੱਚ ਪਿੰਡ ਦੀ ਪੰਚਾਇਤ, ਨੌਜਵਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵੱਖ-ਵੱਖ ਰਾਜਸੀ ਧਿਰਾ ਦੇ ਨੁਮਾਇੰਦੇ ਸਹਿਯੋਗ ਦੇ ਰਹੇ ਹਨ। ਹੁਣ ਪਿੰਡ ‘ਚ ਕੋਈ ਵੀ ਬਾਹਰਲਾ ਵਿਅਕਤੀ ਬਗੈਰ ਆਗਿਆ ਨਹੀਂ ਆ ਸਕਦਾ ਅਤੇ ਨਾ ਹੀ ਪਿੰਡ ਦਾ ਵਿਅਕਤੀ ਬਾਹਰ ਜਾ ਸਕਦਾ ਹੈ। ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕਿਸਾਨਾਂ ਨੂੰ ਖੇਤੀ ਦੇ ਜ਼ਰੂਰੀ ਕੰਮ ਧੰਦੇ ਲਈ ਛੋਟ ਦਿੱਤੀ ਜਾ ਰਹੀ ਹੈ। ਕੁਝ ਸਮੇਂ ਲਈ ਪਿੰਡ ਵਿੱਚ ਰਾਸ਼ਨ ਦੀਆਂ ਦੁਕਾਨਾਂ ਵੀ ਖੁਲਦੀਆਂ ਹਨ ਪਰ ਇਹ ਸਾਰੀਆਂ ਸਰਗਰਮੀਆਂ ਪਿੰਡ ਤੱਕ ਹੀ ਸੀਮਿਤ ਰਹਿੰਦੀਆਂ ਹਨ। ਇਸੇ ਤਰ੍ਹਾਂ ਨਾਲ ਲਗਦੇ ਪਿੰਡ ਸੇਲਬਰਾਹਦੇ ਗੁਰਜੰਟ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ਵਿੱਚ ਵੀ ਨੌਜਵਾਨਾਂ ਅਤੇ ਪਿੰਡ ਦੇ ਹੋਰ ਲੋਕਾਂ ਨੇ ਮਿਲ ਕੇ ਨਾਕਾਬੰਦੀਆਂ ਕੀਤੀਆਂ ਹੋਈਆਂ ਹਨ। ਪਿੰਡਾਂ ਵਿੱਚ ਗੁਰਦੁਆਰਾ ਸਾਹਿਬ ਅੰਦਰ ਲੰਗਰ ਤਿਆਰ ਕੀਤੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਲੋੜਵੰਦਾਂ ਤੱਕ ਪਹੁੰਚਾਇਆ ਜਾਂਦਾ ਹੈ। ਆਮ ਤੌਰ ‘ਤੇ ਪਿੰਡ ਦੇ ਲੋਕਾਂ ਵੱਲੋਂ ਹੀ ਲੰਗਰ ਦੇ ਰਾਸ਼ਨ ਲਈ ਮਦਦ ਕੀਤੀ ਜਾਂਦੀ ਹੈ ਪਰ ਸਰਕਾਰੀ ਤੌਰ ‘ਤੇ ਆਈ ਮਦਦ ਨੂੰ ਵੀ ਇਸੇ ਵਿੱਚ ਸ਼ਾਮਲ ਕਰ ਲਿਆ ਜਾਂਦਾ ਹੈ। ਜ਼ਿਲ੍ਹਾ ਲੁਧਿਆਣਾ ਦੇ ਪਿੰਡ ਮਡਿਆਣੀ ਦੇ ਗੁਰਦੀਪ ਸਿੰਘ ਦਾ ਕਹਿਣਾ ਹੈ ਕਿ ਆਮ ਤੌਰ ‘ਤੇ ਪੰਜਾਬ ਦੇ ਪਿੰਡਾਂ ‘ਚ ਲੰਗਰ ਦੀ ਕੋਈ ਸਮੱਸਿਆ ਵੀ ਨਹੀਂ ਹੈ। ਜ਼ਿਆਦਾਤਰ ਗਰੀਬ ਲੋਕਾਂ ਕੋਲ ਵੀ ਖਾਣ ਲਈ ਰਾਸ਼ਨ ਜਮ੍ਹਾ ਹੈ ਜਾਂ ਫਿਰ ਪਿੰਡ ਵਾਲੇ ਉਨ੍ਹਾਂ ਦੀ ਮਦਦ ਕਰ ਰਹੇ ਹਨ। ਇਸ ਕੰਮ ‘ਚ ਪਿੰਡ ਦੇ ਕਈ ਰੱਜੇ ਪੁੱਜੇ ਪਰਿਵਾਰ ਅਤੇ ਪਰਵਾਸੀ ਪੰਜਾਬੀ ਵੀ ਆਪਣੇ ਪਰਿਵਾਰਾਂ ਰਾਹੀਂ ਮਦਦ ਕਰ ਰਹੇ ਹਨ। ਕਈਆਂ ਦਾ ਇਹ ਵੀ ਸੁਝਾਅ ਹੈ ਕਿ ਇਸ ਵੇਲੇ ਜ਼ਰੂਰਤ ਹਸਪਤਾਲਾਂ ਦੇ ਪ੍ਰਬੰਧ ਨੂੰ ਮਜ਼ਬੂਤ ਕਰਨ ਦੀ ਹੈ। ਅਜੇ ਤੱਕ ਪਿੰਡਾਂ ਵਿੱਚ ਲੋਕਾਂ ਨੂੰ ਐਮਰਜੈਂਸੀ ਦੀ ਸਥਿਤੀ ‘ਚ ਲੋੜੀਂਦੀ ਮੈਡੀਕਲ ਸਹੂਲਤ ਮਿਲਣ ਬਾਰੇ ਵਧੇਰੇ ਜਾਣਕਾਰੀ ਨਹੀਂ ਹੈ।

             ਪੰਜਾਬ ਦੇ ਪਿੰਡਾਂ ਵਿੱਚ ਕੋਰੋਨਾ ਦੀ ਮਹਾਮਾਰੀ ਦੇ ਟਾਕਰੇ ਲਈ ਅੱਗੇ ਆਏ ਲੋਕਾਂ ਬਾਰੇ ਜਾਣਕਾਰੀ ਅਧੂਰੀ ਹੋਵੇਗੀ ਜੇਕਰ ਇੱਕ ਰਿਪੋਰਟ ‘ਚ ਕੁਝ ਪਿੰਡਾਂ ਦੀਆਂ ਨੌਜਵਾਨ ਸਰਪੰਚ ਕੁੜੀਆਂ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਦਾ ਜ਼ਿਕਰ ਨਾ ਕੀਤਾ ਜਾਵੇ। ਜ਼ਿਲ੍ਹਾ ਬਠਿੰਡਾ ਦੇ ਪਿੰਡ ਮਾਨਕ ਖਾਨਾਂ ਦੀ ਸਰਪੰਚ ਲੜਕੀ ਸੈਸ਼ਨਦੀਪ ਕੋਰ ਸਿੱਧੂ ਦੀ ਅਗਵਾਈ ਹੇਠ ਪਿੰਡ ਦੀ ਮਹਾਮਾਰੀ ਦੇ ਟਾਕਰੇ ਲਈ ਨਾਕਾਬੰਦੀ ਕੀਤੀ ਹੋਈ ਹੈ। ਬੀਬਾ ਸਿੱਧੂ ਵੱਲੋਂ ਪਿੰਡ ਦੇ ਸਾਰੇ ਲੋਕਾਂ ਦੇ ਸਹਿਯੋਗ ਨਾਲ ਲੋੜਵੰਦਾਂ ਦੀ ਮਦਦ ਵੀ ਕੀਤੀ ਜਾ ਰਹੀ ਹੈ ਅਤੇ ਮਹਾਮਾਰੀ ਦੇ ਟਾਕਰੇ ਲਈ ਲੋਕਾਂ ਨੂੰ ਸਾਵਧਾਨ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਪਠਾਨਕੋਟ ਦੇ ਪਿੰਡ ਹੜਾ  ਦੀ ਸਰਪੰਚ ਪਲਵੀ ਠਾਕਰ ਵੀ ਪਿੰਡ ਦੀ ਨਾਕਾਬੰਦੀ ਕਰਕੇ ਆਪਣੇ ਲੋਕਾਂ ਨੂੰ ਮਹਾਮਾਰੀ ਦੇ ਹਮਲੇ ਤੋਂ ਬਚਾਉਣ ਲਈ ਪੂਰੀ ਸਰਗਰਮੀ ਨਾਲ ਲੱਗੀ ਹੋਈ ਹੈ। ਕਮਾਲ ਦੀ ਗੱਲ ਇਹ ਹੈ ਕਿ ਇਨ੍ਹਾਂ ਦੋਹਾਂ ਪਿੰਡਾਂ ਦੀ ਪੰਚਾਇਤਾਂ ਕੋਲ ਆਪਣੇ ਵਿੱਤੀ ਸਾਧਨ ਨਹੀਂ ਹਨ ਪਰ ਇਸ ਦੇ ਬਾਵਜੂਦ ਇਨ੍ਹਾਂ ਦੋਹਾਂ ਪਿੰਡ ਵਿੱਚ ਲੋੜਵੰਦਾਂ ਦੀ ਮਦਦ ਕੀਤੀ ਜਾ ਰਹੀ ਹੈ। ਇਨ੍ਹਾਂ ਦੋਹਾਂ ਪਿੰਡਾਂ ਵਿੱਚ ਆਪਣੇ ਤੌਰ ‘ਤੇ ਮਾਸਕ ਤਿਆਰ ਕਰਵਾ ਕੇ ਵੰਡੇ ਜਾ ਰਹੇ ਹਨ ਅਤੇ ਪਿੰਡਾਂ ਦੀ ਸਫਾਈ ਦਾ ਵੀ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਕਈ ਪਿੰਡਾਂ ਨੇ ਤਾਂ ਪਿੰਡ ਦੇ ਬਾਹਰ ਲਿਖ ਕੇ ਬੋਰਡ ਵੀ ਲਗਾ ਦਿੱਤੇ ਹਨ ਕਿ ਇਸ ਪਿੰਡ ਵਿੱਚ ਬਿਨ੍ਹਾਂ ਆਗਿਆ ਆਉਣ ਦੀ ਇਜਾਜ਼ਤ ਨਹੀਂ ਹੈ। ਕੋਰੋਨਾ ਵਾਇਰਸ ਦੀ ਮਹਾਮਾਰੀ ਨੇ ਬੇਸ਼ੱਕ ਸਮਾਜ ਅੰਦਰ ਇੱਕ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ ਅਤੇ ਲੋਕ ਇੱਕ-ਦੂਜੇ ਨਾਲ ਸੰਪਰਕ ਕਰਨ ਤੋਂ ਡਰਦੇ ਹਨ ਪਰ ਪਿੰਡਾਂ ਅੰਦਰ ਆਪਣੇ ਲੋਕਾਂ ਨੂੰ ਬਚਾਉਣ ਲਈ ਉੱਠ ਰਹੀ ਇਹ ਲਹਿਰ ਸਮਾਜਿਕ ਰਿਸ਼ਤੇ ਮਜ਼ਬੂਤ ਕਰਨ ਲਈ ਲੰਮੇ ਸਮੇਂ ਤੱਕ ਅਹਿਮ ਭੂਮਿਕਾ ਨਿਭਾਏਗੀ।

ਸੰਪਰਕ : 9814002186

- Advertisement -

Share this Article
Leave a comment